ਇਸ ਦਿਵਾਲੀ ਦਿਓ ਇਹ ਤੋਹਫਾ, ਸਰਕਾਰ ਦੇਵੇਗੀ ਟੈਕਸ ''ਚ ਛੋਟ!

09/19/2017 3:02:02 PM

ਨਵੀਂ ਦਿੱਲੀ— ਜੇਕਰ ਤੁਸੀਂ ਕਿਸੇ ਗਰੀਬ ਨੂੰ ਦਾਨ ਕਰਨਾ ਚਾਹੁੰਦੇ ਹੋ ਅਤੇ ਇਨਕਮ ਟੈਕਸ 'ਚ ਛੋਟ ਲੈਣੀ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਇਸ ਸਾਲ ਦਿਵਾਲੀ 'ਤੇ ਮੋਦੀ ਸਰਕਾਰ ਗਰੀਬ ਪਰਿਵਾਰਾਂ ਲਈ ਇਕ ਖਾਸ ਸਕੀਮ ਲਾਂਚ ਕਰਨ ਜਾ ਰਹੀ ਹੈ। ਦਿਵਾਲੀ ਦਾ ਮੌਕਾ ਤੋਹਫਾ ਦੇਣ ਦਾ ਹੁੰਦਾ ਹੈ ਪਰ ਜੇਕਰ ਤੋਹਫਾ ਦੇਣ ਦੇ ਨਾਲ ਹੀ ਤੁਹਾਨੂੰ ਵੀ ਫਾਇਦਾ ਮਿਲੇ ਤਾਂ ਕਿਹੋ-ਜਿਹਾ ਲੱਗੇਗਾ। ਦਰਅਸਲ, ਕੇਂਦਰ ਸਰਕਾਰ ਉਜਵਲਾ ਪਲਸ ਯੋਜਨਾ ਲੈ ਕੇ ਆ ਰਹੀ ਹੈ। ਇਸ ਤਹਿਤ ਤੁਸੀਂ ਕਿਸੇ ਗਰੀਬ ਨੂੰ ਐੱਲ. ਪੀ. ਜੀ. ਕੁਨੈਕਸ਼ਨ ਸਪਾਂਸਰ ਕਰ ਸਕਦੇ ਹੋ। ਇਸ ਨਾਲ ਜਿੱਥੇ ਕਿਸੇ ਗਰੀਬ ਦੇ ਘਰ 'ਚ ਸਾਫ ਬਾਲਣ ਨਾਲ ਖਾਣਾ ਬਣ ਸਕੇਗਾ, ਉੱਥੇ ਹੀ, ਸਰਕਾਰ ਤੁਹਾਨੂੰ ਇਨਕਮ ਟੈਕਸ 'ਚ ਛੋਟ ਵੀ ਦੇਵੇਗੀ। 
80ਜੀ ਤਹਿਤ ਮਿਲੇਗੀ ਛੋਟ
ਉਜਵਲਾ ਪਲਸ ਸਕੀਮ ਤਹਿਤ ਦਾਨਦਾਤਾ ਜਿੰਨੇ ਐੱਲ. ਪੀ. ਜੀ. ਕੁਨੈਕਸ਼ਨ ਸਪਾਂਸਰ ਕਰਨਾ ਚਾਹੁੰਦੇ ਹਨ, ਉਹ ਤੇਲ ਮੰਤਰਾਲੇ ਵੱਲੋਂ ਜਾਰੀ ਇਕ ਗੈਰ-ਲਾਭਕਾਰੀ ਕੰਪਨੀ ਨੂੰ ਇਹ ਸਪਾਂਸਰ ਕਰ ਸਕਣਗੇ। ਹਰ ਕੁਨੈਕਸ਼ਨ ਦਾ ਖਰਚਾ 1,600 ਰੁਪਏ ਹੈ। ਉਜਵਲਾ ਪਲਸ ਨੂੰ ਦਿਵਾਲੀ ਤੋਂ ਪਹਿਲਾਂ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਪੈਟਰੋਲੀਅਮ ਮਤੰਰੀ ਧਰਮਿੰਦਰ ਪ੍ਰਧਾਨ ਨੇ ਦਿੱਤੀ, ਜਿਨ੍ਹਾਂ ਦੀ ਅਗਵਾਈ 'ਚ ਉਜਵਲਾ ਯੋਜਨਾ ਸਫਲ ਹੋ ਰਹੀ ਹੈ। ਉਨ੍ਹਾਂ ਮੁਤਾਬਕ ਉਜਵਲਾ ਪਲਸ ਦਿਵਾਲੀ ਤੋਂ ਪਹਿਲਾਂ ਲਾਂਚ ਕੀਤੀ ਜਾਵੇਗੀ ਅਤੇ ਦਾਨਦਾਤਾ ਨੂੰ ਸੈਕਸ਼ਨ 80ਜੀ ਤਹਿਤ ਇਨਕਮ ਟੈਕਸ 'ਚ ਛੋਟ ਲੈਣ ਦਾ ਹੱਕ ਹੋਵੇਗਾ। 
3 ਕਰੋੜ ਪਰਿਵਾਰਾਂ ਨੂੰ ਮਿਲ ਚੁੱਕਾ ਹੈ ਲਾਭ
ਜ਼ਿਕਰਯੋਗ ਹੈ ਕਿ ਤਿੰਨ ਸਾਲਾਂ 'ਚ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਮੁਹੱਈਆ ਕਰਾਉਣ ਦੇ ਮਕਸਦ ਨਾਲ ਉਜਵਲਾ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੇ ਪਹਿਲੇ ਸਾਲ 1.5 ਕਰੋੜ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਸਿਰਫ 8 ਮਹੀਨਿਆਂ 'ਚ ਹੀ ਪੂਰਾ ਕਰ ਲਿਆ ਗਿਆ ਅਤੇ ਹੁਣ ਤਕ ਤਿੰਨ ਕਰੋੜ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ।
ਉਜਵਲਾ ਪਲਸ ਸਕੀਮ 'ਚ ਆਮ ਜਨਤਾ ਦੀ ਹਿੱਸੇਦਾਰੀ ਅਹਿਮ ਹੋਵੇਗੀ ਕਿਉਂਕਿ ਹੁਣ ਕੋਈ ਵੀ ਸੰਪੰਨ ਵਿਅਕਤੀ ਜਾਂ ਕਾਰਪੋਰੇਟ ਹਾਊਸ ਜਾਂ ਸੰਗਠਨ ਆਪਣੀ ਮਰਜ਼ੀ ਨਾਲ ਗਰੀਬ ਪਰਿਵਾਰਾਂ ਜਾਂ ਕਸਬੇ 'ਚ ਮੁਫਤ ਐੱਲ. ਪੀ. ਜੀ. ਕੁਨੈਕਸ਼ਨ ਦੇਣ ਦੀ ਸਕੀਮ ਲਾਗੂ ਕਰਵਾ ਸਕੇਗਾ।