U.S. ''ਚ ਮਹਿੰਗੇ ਨਹੀਂ ਹੋਣਗੇ ਇਹ ਸਮਾਨ, ਟਰੰਪ ਨੇ ਦਿੱਤੀ ਵੱਡੀ ਰਾਹਤ

08/17/2019 2:06:11 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ 10 ਫੀਸਦੀ ਟੈਰਿਫ ਲਿਸਟ 'ਚੋਂ ਕੁਝ ਚੀਨੀ ਸਮਾਨਾਂ ਨੂੰ ਬਾਹਰ ਕਰ ਦਿੱਤਾ ਹੈ, ਜਿਸ ਨਾਲ ਯੂ. ਐੱਸ. 'ਚ ਇਨ੍ਹਾਂ ਦੀ ਕੀਮਤ 'ਚ ਹੋਰ ਵਾਧਾ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਯੂ. ਐੱਸ. ਨੇ ਚੀਨ 'ਚ ਬਣੇ ਫਰਨੀਚਰ, ਬੇਬੀ ਆਈਟਮਜ਼ ਅਤੇ ਇੰਟਰਨੈੱਟ ਮੋਡਮਸ ਤੇ ਰਾਊਟਰ ਨੂੰ ਟੈਰਿਫ ਲਿਸਟ 'ਚੋਂ ਹਟਾ ਦਿੱਤਾ ਹੈ, ਜਿਨ੍ਹਾਂ 'ਤੇ ਵਾਧੂ ਇੰਪੋਰਟ ਡਿਊਟੀ ਨਹੀਂ ਲੱਗੇਗੀ।
 



ਯੂ. ਐੱਸ. ਵਪਾਰ ਪ੍ਰਤੀਨਿਧੀ ਦਫਤਰ ਨੇ 15 ਦਸੰਬਰ ਨੂੰ ਲਾਗੂ ਹੋਣ ਵਾਲੇ 300 ਅਰਬ ਡਾਲਰ ਦੇ ਟੈਰਿਫ ਤੋਂ ਹਟਾਏ ਗਏ ਸਮਾਨਾਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਚੋਂ ਕੁਝ ਪਹਿਲਾਂ ਹੀ 25 ਫੀਸਦੀ ਦੇ ਦਾਇਰੇ 'ਚ ਸਨ। ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਪ੍ਰਸਤਾਵਿਤ ਟੈਰਿਫ 'ਚੋਂ ਅੱਧੇ ਸਮਾਨਾਂ 'ਤੇ ਡਿਊਟੀ ਲਾਗੂ ਕਰਨ ਦੀ ਤਰੀਕ ਅੱਗੇ ਵਧਾ ਕੇ 15 ਦਸੰਬਰ ਕਰ ਦਿੱਤੀ ਸੀ, ਤਾਂ ਜੋ ਚੀਨ ਨਾਲ ਵਪਾਰ ਯੁੱਧ ਕਾਰਨ ਕ੍ਰਿਸਮਸ 'ਤੇ ਲੋਕਾਂ ਨੂੰ ਤੇ ਕਾਰੋਬਾਰਾਂ ਅਤੇ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਾ ਹੋਵੇ। ਟਰੰਪ ਸਰਕਾਰ ਨੇ ਤਕਰੀਬਨ 44 ਚੀਜ਼ਾਂ ਨੂੰ ਸੂਚੀ 'ਚੋਂ ਬਾਹਰ ਕਰ ਦਿੱਤਾ ਹੈ।
ਟਰੰਪ ਸਰਕਾਰ ਨੇ ਪਿਛਲੇ ਸਾਲ ਸਤੰਬਰ 'ਚ 200 ਅਰਬ ਡਾਲਰ ਦੇ ਚਾਈਨਿਜ਼ ਸਮਾਨਾਂ 'ਤੇ ਦਰਾਮਦ ਡਿਊਟੀ ਵਧਾ ਕੇ 25 ਫੀਸਦੀ ਕਰ ਦਿੱਤੀ ਸੀ, ਜਿਸ 'ਚ ਮੋਡਮ ਅਤੇ ਰਾਊਟਰ ਵੀ ਸ਼ਾਮਲ ਸਨ। ਹੁਣ ਯੂ. ਐੱਸ. ਨੇ ਇਨ੍ਹਾਂ ਦੋਹਾਂ ਨੂੰ ਲਿਸਟ 'ਚੋਂ ਹਟਾ ਦਿੱਤਾ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੱਡੀ ਰਾਹਤ ਫਰਨੀਚਰ ਪ੍ਰਾਡਕਟਸ 'ਤੇ ਦਿੱਤੀ ਹੈ, ਜਿਨ੍ਹਾਂ 'ਚ ਲੱਕੜ, ਪਲਾਸਟਿਕ ਤੇ ਮੈਟਲ ਦੀਆਂ ਬਣੀਆਂ ਕੁਰਸੀਆਂ ਹਨ। ਇਨ੍ਹਾਂ 'ਚੋਂ ਕਈ ਪ੍ਰਾਡਕਟਸ ਪਹਿਲਾਂ ਲਗਾਏ ਗਏ ਟੈਰਿਫ ਕਾਰਨ ਪ੍ਰਭਾਵਿਤ ਹੋਏ ਸਨ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਯੂ. ਐੱਸ. 'ਚ ਫਰਨੀਚਰ ਖਰੀਦਦਾਰਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ।