ਫਾਰਚਿਊਨ ਦੀ ਨੌਜਵਾਨ ਕਾਰੋਬਾਰੀਆਂ ਦੀ ਸੂਚੀ ''ਚ ਦੋ ਭਾਰਤੀਆਂ ਨੇ ਬਣਾਈ ਥਾਂ

10/09/2019 1:50:16 PM

ਨਿਊਯਾਰਕ — ਅਮਰੀਕੀ ਪੱਤ੍ਰਿਕਾ ਫਾਰਚਿਊਨ ਦੀ ਕਾਰੋਬਾਰ ਦੇ ਖੇਤਰ ’ਚ 40 ਤੋਂ ਘੱਟ ਉਮਰ ਦੇ 40 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਲੋਕਾਂ ਦੀ ਸਾਲਾਨਾ ਸੂਚੀ ’ਚ 2 ਭਾਰਤੀ ਸ਼ਾਮਲ ਹਨ। ਫਾਰਚਿਊਨ ਦੀ ‘40 ਤੋਂ ਘੱਟ ਦੇ 40’- 2019 ਦੀ ਸੂਚੀ ’ਚ ਇੰਟੈਲ ਦੇ ਵਾਈਸ ਚੇਅਰਮੈਨ (ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਅਤੇ ਏ. ਆਈ. ਲੈਬ) ਅਰਜੁਨ ਬਾਂਸਲ ਅਤੇ ਫੈਸ਼ਨ ਮੰਚ ਜਿਲਿੰਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਅੰਕਿਤ ਬੌਸ ਨੂੰ ਇਸ ਸੂਚੀ ’ਚ ਸਥਾਨ ਮਿਲਿਆ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ 35 ਸਾਲਾ ਬਾਂਸਲ ਦੀ ਟੀਮ ’ਚ ਕਰੀਬ 100 ਕਰਮਚਾਰੀ ਸ਼ਾਮਲ ਹਨ, ਜੋ ਅਮਰੀਕਾ, ਇਸਰਾਈਲ ਅਤੇ ਪੋਲੈਂਡ ’ਚ ਫੈਲੇ ਹਨ। ਉਨ੍ਹਾਂ ਦੇ ਇਹ ਸਹਿਯੋਗੀ ਲਗਾਤਾਰ ਏ. ਆਈ. ਤਕਨੀਕ ’ਤੇ ਕੰਮ ਕਰਦੇ ਹਨ ਅਤੇ ਇੰਟੈਲ ਦੀ ਸਿਲੀਕਲ ਚਿਪ ਨੂੰ ਤਾਜ਼ਾ ਏ. ਆਈ. ਸਾਫਟਵੇਅਰ ਨਾਲ ਬਿਹਤਰ ਤਰੀਕੇ ਨਾਲ ਕੰਮ ਕਰਨ ’ਚ ਮਦਦ ਕਰਦੇ ਹਨ। ਇੰਟੈਲ ਦੀ ਇਕ ਮਹੱਤਵਪੂਰਨ ਏ. ਆਈ. ਯੋਜਨਾ ਨਿਰਵਾਣਾ ਦੁਆਰਾ ਵਿਕਸਿਤ ਵਿਸ਼ੇਸ਼ ਕੰਪਿਊਟਰ ਚਿਪ ਹੈ। ਇਸ ਚਿਪ ਦਾ ਵਿਕਾਸ ਬਾਂਸਲ ਵੱਲੋਂ ਸਹਿ-ਸਥਾਪਤ ਸਟਾਰਟਅਪ ਵੱਲੋਂ ਕੀਤਾ ਗਿਆ ਸੀ।

ਇੰਟੈਲ ਨੇ 2016 ’ਚ ਇਸ ਨੂੰ 35 ਕਰੋਡ਼ ਡਾਲਰ ਦੇ ਸੌਦੇ ’ਚ ਪ੍ਰਾਪਤ ਕੀਤਾ ਸੀ। ਉਥੇ ਹੀ 27 ਸਾਲ ਦੇ ਬੌਸ ਨੇ ਬੈਂਕਾਕ ਦੇ ਚਾਤੁਚਕ ਬਾਜ਼ਾਰ ’ਚ ਜਾਣ ਤੋਂ ਬਾਅਦ ਸਿੰਗਾਪੁਰ ’ਚ ਸਟਾਰਟਅਪ ਸਥਾਪਤ ਕੀਤਾ। ਉਨ੍ਹਾਂ ਦੇਖਿਆ ਕਿ ਦੁਕਾਨਦਾਰਾਂ ਕੋਲ ਆਪਣੇ ਉਤਪਾਦ ਆਨਲਾਈਨ ਵੇਚਣ ਦਾ ਕੋਈ ਚੰਗਾ ਰਸਤਾ ਨਹੀਂ ਹੈ। ਅੱਜ ਉਨ੍ਹਾਂ ਦੇ ਸਟਾਰਟਅਪ ਨੂੰ 4 ਸਾਲ ਪੂਰੇ ਹੋ ਚੁੱਕੇ ਹਨ। ਬੌਸ ਦੇ ਇਸ ਸਟਾਰਟਅਪ ’ਚ ਅੱਜ 8 ਦੇਸ਼ਾਂ ’ਚ ਕਰਮਚਾਰੀਆਂ ਦੀ ਗਿਣਤੀ 600 ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਦੀ ਕੰਪਨੀ ਦਾ ਮੁਲਾਂਕਣ 97 ਕਰੋਡ਼ ਡਾਲਰ ’ਤੇ ਪਹੁੰਚ ਚੁੱਕਾ ਹੈ।


Related News