ਮਹਿੰਗੇ ਹੋਣਗੇ TV, ਵੀਡੀਓ ਗੇਮਜ਼, ਵਧ ਸਕਦੀ ਹੈ ਇੰਪੋਰਟ ਡਿਊਟੀ

12/05/2019 10:38:58 AM

ਨਵੀਂ ਦਿੱਲੀ— ਜਲਦ ਹੀ ਟੀ. ਵੀ., ਵੀਡੀਓ ਗੇਮਜ਼, ਸੈੱਟ-ਟਾਪ ਬਾਕਸ ਤੇ ਕਾਜੂ ਵਰਗੇ ਹੋਰ ਉਤਪਾਦ ਮਹਿੰਗੇ ਹੋ ਸਕਦੇ ਹਨ। ਸਰਕਾਰ ਇੰਪੋਰਟਿਡ ਉਤਪਾਦਾਂ 'ਤੇ ਡਿਊਟੀ ਵਧਾਉਣ ਜਾ ਰਹੀ ਹੈ। ਸਰਕਾਰ ਨੇ ਇਹ ਫੈਸਲਾ ਘਰੇਲੂ ਨਿਰਮਾਣ ਤੇ ਉਤਪਾਦਨ ਨੂੰ ਉਤਸ਼ਾਹ ਦੇਣ ਲਈ ਲਿਆ ਹੈ। ਜਿਹੜੇ ਉਤਪਾਦ ਪਿਛਲੇ ਸਾਲ ਭਾਰੀ ਇੰਪੋਰਟ ਡਿਊਟੀ ਤੋਂ ਬਚ ਗਏ ਸਨ, ਇਸ ਸਾਲ ਉਨ੍ਹਾਂ 'ਤੇ ਇੰਪੋਰਟ ਡਿਊਟੀ ਵਧਾ ਦਿੱਤੀ ਜਾਵੇਗੀ।

 

ਇੰਪੋਰਟ ਬਿੱਲ ਵਧਣ ਕਾਰਨ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ। ਵਿੱਤੀ ਸਾਲ 2018-19 'ਚ ਭਾਰਤ ਦਾ ਕੁੱਲ ਇੰਪੋਰਟ ਬਿੱਲ ਇਸ ਤੋਂ ਪਿਛਲੇ ਸਾਲ ਦੀ ਤੁਲਨਾ 'ਚ 11 ਫੀਸਦੀ ਦੀ ਭਾਰੀ ਬੜ੍ਹਤ ਨਾਲ 514 ਅਰਬ ਡਾਲਰ ਰਿਹਾ ਹੈ। 2017-18 'ਚ ਭਾਰਤ ਨੇ 465 ਅਰਬ ਡਾਲਰ ਦਾ ਮਾਲ ਦਰਾਮਦ ਕੀਤਾ ਸੀ। ਇੰਪੋਰਟ ਬਿੱਲ ਵਧਣ ਤੋਂ ਚਿੰਤਤ ਹੋ ਕੇ ਸਰਕਾਰ ਨੇ ਪਿਛਲੇ ਸਾਲ ਇੰਪੋਰਟਿਡ ਉਤਪਾਦਾਂ 'ਤੇ ਡਿਊਟੀ 6 ਗੁਣਾ ਵਧਾ ਦਿੱਤੀ ਸੀ।
ਹੁਣ ਵਿੱਤ ਮੰਤਰੀ ਪਿਊੂਸ਼ ਗੋਇਲ ਨੇ ਸਥਾਨਕ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਲਈ ਉਨ੍ਹਾਂ ਉਤਪਾਦਾਂ 'ਤੇ ਇੰਪੋਰਟ ਡਿਊਟੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਕਾਰਨ ਇੰਪੋਰਟ ਬਿੱਲ 'ਚ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਦੇ ਮਕਸਦ ਨਾਲ ਪਿਛਲੇ ਸਾਲ ਸਤੰਬਰ 'ਚ ਏ. ਸੀ., ਰੈਫੀਜਰੇਟਰਸ, ਵਾਸ਼ਿੰਗ ਮਸ਼ੀਨ ਸਮੇਤ 19 ਸਮਾਨਾਂ 'ਤੇ ਇੰਪੋਰਟ ਡਿਊਟੀ ਵਧਾਈ ਗਈ ਸੀ।