GST ਕਟੌਤੀ ਦਾ ਫਿੱਕਾ ਹੋਵੇਗਾ ਸਵਾਦ, ਟੀ. ਵੀ., ਫਰਿੱਜ ਹੋਣਗੇ ਮਹਿੰਗੇ

Friday, Aug 17, 2018 - 08:39 AM (IST)

ਨਵੀਂ ਦਿੱਲੀ— ਪਿਛਲੇ ਮਹੀਨੇ ਜੀ. ਐੱਸ. ਟੀ. ਕੌਂਸਲ ਵੱਲੋਂ ਇਲੈਕਟ੍ਰਾਨਿਕਸ ਸਾਮਾਨ ਜਿਵੇਂ ਕਿ ਫਰਿੱਜ ਅਤੇ ਟੀ. ਵੀ. (26 ਇੰਚ) 'ਤੇ ਘਟਾਏ ਗਏ ਟੈਕਸ ਦਾ ਫਾਇਦਾ ਜਲਦ ਫਿੱਕਾ ਹੋ ਸਕਦਾ ਹੈ। ਇਲੈਕਟ੍ਰਾਨਿਕਸ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਟੀ. ਵੀ., ਫਰਿੱਜ ਆਦਿ ਵਰਗੇ ਕਈ ਸਾਮਾਨ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਇਸ ਦੀ ਵਜ੍ਹਾ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਇਨ੍ਹਾਂ ਦੀ ਨਿਰਮਾਣ ਲਾਗਤ ਵਧਣਾ ਹੈ। ਸੋਨੀ, ਪੈਨਾਸੋਨਿਕ ਅਤੇ ਗੋਦਰੇਜ ਵਰਗੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਰੁਪਏ 'ਚ ਹੋ ਰਹੇ ਉਤਰਾਅ-ਚੜ੍ਹਾਅ 'ਤੇ ਨਜ਼ਦੀਕੀ ਨਜ਼ਰ ਰੱਖ ਰਹੀਆਂ ਹਨ। ਜੇਕਰ ਅਗਸਤ ਦੇ ਅਖੀਰ ਤਕ ਰੁਪਏ ਦੀ ਸਥਿਤੀ ਕਮਜ਼ੋਰ ਬਣੀ ਰਹਿੰਦੀ ਹੈ, ਤਾਂ ਕੀਮਤਾਂ ਵਧਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਗੋਦਰੇਜ ਅਪਲਾਇੰਸੈਸ ਦੇ ਕਮਲ ਨੰਦੀ ਨੇ ਕਿਹਾ ਕਿ ਰੁਪਏ 'ਚ ਕਮਜ਼ੋਰੀ ਨਾਲ ਦਰਾਮਦ ਪਾਰਟਸ ਦੀਆਂ ਕੀਮਤਾਂ ਵਧੀਆਂ ਹਨ। ਅਸੀਂ ਇਸ ਦੇ ਅਸਰ ਦਾ ਮੁਲਾਂਕਣ ਕਰ ਰਹੇ ਹਾਂ। ਜੇਕਰ ਰੁਪਿਆ ਇਸੇ ਪੱਧਰ 'ਤੇ ਬਣਿਆ ਰਹਿੰਦਾ ਹੈ ਜਾਂ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਾਨੂੰ ਕੀਮਤਾਂ ਵਧਾਉਣ ਬਾਰੇ ਸੋਚਣਾ ਹੋਵੇਗਾ।
ਪੈਨਾਸੋਨਿਕ ਇੰਡੀਆ ਤੇ ਸਾਊਥ ਏਸ਼ੀਆ ਦੇ ਮੁਖੀ ਅਤੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਵੀ ਕੁਝ ਹੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰੁਪਏ ਦੀ ਗਿਰਾਵਟ ਦਾ ਕੱਚੇ ਮਾਲ ਦੀ ਲਾਗਤ 'ਤੇ ਦਬਾਅ ਪੈ ਰਿਹਾ ਹੈ। ਇਸ ਨਾਲ ਵੱਖ-ਵੱਖ ਵਸਤੂਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਦਾ ਰੁਝਾਨ ਹੈ। ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਜ਼ਦੀਕ ਹੈ। ਜੇਕਰ ਇਹੀ ਰੁਝਾਨ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਜਲਦ ਹੀ ਇਲੈਕਟ੍ਰਾਨਿਕਸ ਗੈਜੇਟਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਪ੍ਰਾਡਕਟਸ ਦੀਆਂ ਕੀਮਤਾਂ ਵਧਾਉਣੀਆਂ ਹੋਣਗੀਆਂ।


Related News