ਚੀਨੀ ਸਾਮਾਨਾਂ 'ਤੇ ਟਰੰਪ ਦਾ ਵੱਡਾ 'ਵਾਰ', 200 ਅਰਬ ਡਾਲਰ ਦੇ ਇੰਪੋਰਟ 'ਤੇ ਟੈਰਿਫ ਦਾ ਐਲਾਨ

09/18/2018 11:39:33 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਇੰਪੋਰਟ ਹੋਣ ਵਾਲੇ ਤਕਰੀਬਨ 200 ਅਰਬ ਡਾਲਰ ਦੇ ਸਾਮਾਨਾਂ 'ਤੇ 10 ਫੀਸਦੀ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਹੈ | ਇਸ ਨਾਲ ਚੀਨ ਨੂੰ ਤਗੜਾ ਝਟਕਾ ਲੱਗੇਗਾ | ਚੀਨ ਨੂੰ ਲੈ ਕੇ ਟਰੰਪ ਦੇ ਤੇਵਰ ਇੰਨੇ ਤਿੱਖੇ ਹਨ ਕਿ ਉਨ੍ਹਾਂ ਨੇ ਟੈਰਿਫ ਦੇ ਐਲਾਨ ਦੇ ਨਾਲ ਹੀ ਚੀਨ ਨੂੰ ਜਵਾਬੀ ਕਾਰਵਾਈ ਨੂੰ ਲੈ ਕੇ ਸਖਤ ਚਿਤਾਵਨੀ ਵੀ ਦਿੱਤੀ ਹੈ | ਟਰੰਪ ਨੇ ਕਿਹਾ ਕਿ ਜੇਕਰ ਚੀਨ ਅਮਰੀਕਾ ਦੇ ਕਿਸਾਨਾਂ ਜਾਂ ਉਦਯੋਗਾਂ ਖਿਲਾਫ ਜਵਾਬੀ ਕਾਰਵਾਈ ਕਰਦਾ ਹੈ, ਤਾਂ ਅਸੀਂ ਤਤਕਾਲ ਤੀਜੇ ਪੜਾਅ ਦੀ ਸ਼ੁਰੂਆਤ ਕਰਾਂਗੇ, ਜਿਸ ਤਹਿਤ 267 ਅਰਬ ਡਾਲਰ ਯਾਨੀ ਕਿ ਤਕਰੀਬਨ 19 ਲੱਖ 34 ਹਜ਼ਾਰ ਕਰੋੜ ਰੁਪਏ ਦੇ ਵਾਧੂ ਸਾਮਾਨਾਂ ਦੀ ਦਰਾਮਦ 'ਤੇ ਟੈਰਿਫ ਲੱਗੇਗਾ |

200 ਅਰਬ ਡਾਲਰ ਦੇ ਸਾਮਾਨਾਂ 'ਤੇ 10 ਫੀਸਦੀ ਟੈਰਿਫ 24 ਸਤੰਬਰ ਤੋਂ ਲਾਗੂ ਹੋ ਜਾਵੇਗਾ, ਜਦੋਂ ਕਿ ਪਹਿਲੀ ਜਨਵਰੀ 2019 ਤੋਂ ਇਨ੍ਹਾਂ ਸਾਮਾਨਾਂ 'ਤੇ ਟੈਰਿਫ ਵਧ ਕੇ 25 ਫੀਸਦੀ ਕਰ ਦਿੱਤਾ ਜਾਵੇਗਾ | ਹਾਲਾਂਕਿ ਐਪਲ ਸਮਾਰਟ ਵਾਚ ਅਤੇ ਫਿਟਬਿਟ, ਹੈਲਮਟ, ਬੇਬੀ ਕਾਰ ਸੀਟਸ ਤੇ ਕੁਝ ਰਸਾਇਣ ਵਰਗੇ ਪ੍ਰਾਡਕਟਸ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ | ਇਸ ਤੋਂ ਪਹਿਲਾਂ ਟਰੰਪ ਚੀਨ ਦੇ 50 ਅਰਬ ਡਾਲਰ ਦੇ ਸਾਮਾਨਾਂ 'ਤੇ 25 ਫੀਸਦੀ ਟੈਰਿਫ ਲਾ ਚੁੱਕੇ ਹਨ | ਫਿਲਹਾਲ ਐਪਲ ਦੇ ਪ੍ਰਾਡਕਟਸ ਨੂੰ ਨਵੇਂ ਟੈਰਿਫ 'ਚ ਛੂਟ ਮਿਲ ਗਈ ਹੈ ਪਰ ਜੇਕਰ ਟਰੰਪ ਪ੍ਰਸ਼ਾਸਨ 267 ਅਰਬ ਡਾਲਰ ਦੇ ਹੋਰ ਸਾਮਾਨਾਂ 'ਤੇ ਟੈਰਿਫ ਲਾਉਂਦਾ ਹੈ ਤਾਂ ਚੀਨ ਤੋਂ ਅਮਰੀਕਾ 'ਚ ਦਰਾਮਦ ਹੋਣ ਵਾਲੇ ਆਈਫੋਨਜ਼ ਨੂੰ ਸ਼ਾਇਦ ਹੀ ਛੋਟ ਮਿਲ ਸਕੇ |