ਪਿਆਜ਼ ਨਾਲ ਲੱਦੇ ਕੁਝ ਟਰੱਕਾਂ ਨੂੰ ਬੰਗਲਾਦੇਸ਼ ਜਾਣ ਦੀ ਇਜਾਜ਼ਤ ਮਿਲੀ

09/19/2020 9:42:52 PM

ਕੋਲਕਾਤਾ- ਪੱਛਮੀ ਬੰਗਾਲ ਵਿਚ ਜ਼ਮੀਨੀ ਬੰਦਰਗਾਹਾਂ 'ਤੇ ਫਸੇ ਪਿਆਜ਼ ਨਾਲ ਲੱਦੇ ਸੈਂਕੜੇ ਟਰੱਕਾਂ ਵਿਚੋਂ ਕੁਝ ਨੂੰ ਸ਼ਨੀਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ। ਕੇਂਦਰ ਵਲੋਂ ਪਿਆਜ਼ ਦੇ ਬਰਾਮਦ 'ਤੇ ਰੋਕ ਕਾਰਨ ਇਹ ਟਰੱਕ ਵੱਖ-ਵੱਖ ਬੰਦਰਗਾਹਾਂ 'ਤੇ ਫਸੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਜ਼ਿਲ੍ਹੇ ਵਿਚ ਮਹਾਦੀਪੁਰ ਜ਼ਮੀਨ ਬੰਦਰਗਾਹ 'ਤੇ ਸਿਰਫ 8 ਟਰੱਕਾਂ ਨੂੰ ਕੌਮਾਂਤਰੀ ਸਰਹੱਦ ਦੇ ਪਾਰ ਜਾਣ ਦੀ ਇਜਾਜ਼ਤ ਦਿੱਤੀ ਗਈ। 

ਉੱਥੇ ਹੀ ਉੱਤਰੀ 24 ਪਰਗਨਾ ਦੇ ਗੋਜਡਾਂਗਾ ਵਿਚ 25 ਟਰੱਕ ਬੰਗਲਾਦੇਸ਼ ਜਾਣ ਦੀ ਪ੍ਰਕਿਰਿਆ ਵਿਚ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪੈਟਰਾਪੋਲ ਇੰਟੀਗ੍ਰੇਟਡ ਚੈੱਕਪੋਸਟ 'ਤੇ ਕਿਸੇ ਟਰੱਕ ਨੂੰ ਗੁਆਂਢੀ ਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ। 

ਗੌਰਤਲਬ ਹੈ ਕਿ 14 ਸਤੰਬਰ ਨੂੰ ਦੇਸ਼ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਸੀ। ਡਾਇਰੈਕਟੋਰੇਟ ਜਨਰਲ ਆਫ ਫੌਰਨ ਟਰੇਡ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਹਰ ਕਿਸਮ ਦੇ ਪਿਆਜ਼ ਦੀ ਬਰਾਮਦ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਇਸ 'ਚ ਬੇਂਗਲੁਰੂ ਰੋਜ ਅਤੇ ਕ੍ਰਿਸ਼ਣਾਪੁਰਮ ਪਿਆਜ਼ ਵੀ ਸ਼ਾਮਲ ਹਨ। ਹੁਣ ਤੱਕ ਪਿਆਜ਼ ਦੀਆਂ ਇਨ੍ਹਾਂ ਕਿਸਮਾਂ ਦੀ ਬਰਾਮਦ 'ਤੇ ਕੋਈ ਪਾਬੰਦੀ ਨਹੀਂ ਸੀ।

ਇਕ ਅਧਿਕਾਰੀ ਨੇ ਕਿਹਾ ਕਿ ਦੇਸ਼ 'ਚ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਅਤੇ ਘਰੇਲੂ ਬਜ਼ਾਰ 'ਚ ਕਮੀ ਹੋਈ ਹੈ। ਇਹ ਘਾਟ ਮੌਸਮੀ ਹੈ ਪਰ ਕੋਵਿਡ-19 ਮਹਾਮਾਰੀ ਦੌਰਾਨ ਪਿਛਲੇ ਕੁਝ ਮਹੀਨਿਆਂ 'ਚ ਪਿਆਜ਼ ਦੀ ਭਾਰੀ ਬਰਾਮਦ ਕੀਤੀ ਗਈ ਹੈ। ਭਾਰਤ ਨੇ ਅਪ੍ਰੈਲ-ਜੂਨ ਦੌਰਾਨ 19.8 ਕਰੋੜ ਡਾਲਰ ਦੇ ਪਿਆਜ਼ ਦੀ ਬਰਾਮਦ ਕੀਤੀ, ਜਦੋਂ ਕਿ ਪਿਛਲੇ ਪੂਰੇ ਸਾਲ 44 ਕਰੋੜ ਡਾਲਰ ਦਾ ਪਿਆਜ਼ ਬਰਾਮਦ ਹੋਇਆ ਸੀ। ਭਾਰਤ ਤੋਂ ਬੰਗਲਾਦੇਸ਼, ਮਲੇਸ਼ੀਆ, ਯੂ. ਏ. ਈ. ਅਤੇ ਸ਼੍ਰੀਲੰਕਾ ਨੂੰ ਪਿਆਜ਼ ਦੀ ਸਭ ਤੋਂ ਵੱਧ ਬਰਾਮਦ ਹੁੰਦੀ ਹੈ।


Sanjeev

Content Editor

Related News