45 ਗ੍ਰਾਮੀਣ ਬੈਂਕਾਂ 'ਚੋਂ ਇਕੱਲਾ ਇਹ ਬੈਂਕ ਪਿਛਲੇ 19 ਸਾਲਾਂ ਤੋਂ ਕਮਾ ਰਿਹੈ ਮੁਨਾਫਾ

12/28/2019 2:20:03 PM

ਅਗਰਤਾਲਾ— ਭਾਰਤ ਦੇ 45 ਰੀਜ਼ਨਲ ਰੂਰਲ ਬੈਂਕਾਂ (ਆਰ. ਆਰ. ਬੀ.) 'ਚੋਂ ਸਿਰਫ ਇਕ ਤ੍ਰਿਪੁਰਾ ਗ੍ਰਾਮੀਣ ਬੈਂਕ (ਟੀ. ਜੀ. ਬੀ.) ਹੈ ਜੋ ਲਗਾਤਾਰ ਮੁਨਾਫਾ ਕਮਾ ਰਿਹਾ ਹੈ। ਤ੍ਰਿਪੁਰਾ ਗ੍ਰਾਮੀਣ ਬੈਂਕ ਨੇ ਲਗਾਤਾਰ 19ਵੇਂ ਸਾਲ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਛਿਮਾਹੀ 'ਚ 44.43 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ। 2019-20 'ਚ ਇਹ 10,000 ਕਰੋੜ ਦੇ ਕਾਰੋਬਾਰ ਨੂੰ ਵੀ ਪਾਰ ਕਰਨ ਦੀ ਸੰਭਾਵਨਾ ਜਤਾ ਰਿਹਾ ਹੈ। ਤ੍ਰਿਪੁਰਾ ਗ੍ਰਾਮੀਣ ਬੈਂਕ ਦੇ ਚੇਅਰਮੈਨ ਮਹਿੰਦਰ ਮੋਹਨ ਗੋਸਵਾਮੀ ਮੁਤਾਬਕ, ਉਨ੍ਹਾਂ ਦਾ ਬੈਂਕ 2001-02 ਤੋਂ ਮੁਨਾਫਾ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਇਸ ਸਾਲ ਦੀ ਅਪ੍ਰੈਲ-ਸਤੰਬਰ ਛਿਮਾਹੀ 'ਚ 44.43 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਇਹ 11.36 ਕਰੋੜ ਰੁਪਏ ਰਿਹਾ ਸੀ।

 

ਜ਼ਿਕਰਯੋਗ ਹੈ ਕਿ ਭਾਰਤ 'ਚ ਪਹਿਲਾਂ 56 ਰੀਜ਼ਨਲ ਰੂਰਲ ਬੈਂਕ ਸਨ। ਹਾਲਾਂਕਿ, ਆਪਸ 'ਚ ਜਾਂ ਸਪਾਂਸਰ ਬੈਂਕਾਂ 'ਚ ਮਰਜਰ ਮਗਰੋਂ ਇਨ੍ਹਾਂ ਦੀ ਗਿਣਤੀ ਘੱਟ ਹੋ ਗਈ। ਗੋਸਵਾਮੀ ਨੇ ਕਿਹਾ ਕਿ ਬੈਂਕ ਨੇ ਪਿਛਲੇ ਵਿੱਤੀ ਸਾਲ 'ਚ 125.45 ਕਰੋੜ ਰੁਪਏ ਦਾ ਰਿਕਾਰਡ ਸ਼ੁੱਧ ਮੁਨਾਫਾ ਦਰਜ ਕੀਤਾ ਸੀ, ਜੋ ਬੈਂਕ ਦੀ 1976 'ਚ ਸਥਾਪਨਾ ਮਗਰੋਂ ਹੁਣ ਤਕ ਦਾ ਸਭ ਤੋਂ ਵੱਧ ਰਿਹਾ। ਉਨ੍ਹਾਂ ਕਿਹਾ ਕਿ ਤ੍ਰਿਪੁਰਾ 'ਚ ਟੀ. ਜੀ. ਬੀ. ਦੀਆਂ ਮੌਜੂਦਾ ਸਮੇਂ 160 ਬਰਾਂਚਾਂ ਹਨ। 30 ਸਤੰਬਰ ਤਕ ਤ੍ਰਿਪੁਰਾ ਬੈਂਕ ਨੇ ਡਿਪਾਜ਼ਿਟ 'ਚ 8.94 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸ ਸਾਲ ਸਤੰਬਰ ਤਕ ਟੀ. ਜੀ. ਪੀ. 'ਚ ਜਮ੍ਹਾ ਰਾਸ਼ੀ 6,617 ਕਰੋੜ ਰਹੀ, ਜੋ 30 ਸਤੰਬਰ 2018 ਤਕ 6,073.81 ਕਰੋੜ ਰਹੀ ਸੀ।
ਤ੍ਰਿਪੁਰਾ ਦੀ 75 ਫੀਸਦੀ ਆਬਾਦੀ ਨੂੰ ਕਵਰ ਕਰਨ ਵਾਲਾ ਟੀ. ਜੀ. ਪੀ. ਗਾਹਕਾਂ ਦੇ ਘਰ ਤਕ ਬੈਂਕਿੰਗ ਸੇਵਾਵਾਂ ਵੀ ਦੇ ਰਿਹਾ ਹੈ। ਇਸ ਦੇ ਆਧਾਰ ਆਧਾਰਿਤ 225 ਮਾਈਕਰੋ ਏ. ਟੀ. ਐੱਮ. ਵੀ ਹਨ। ਇਹ ਪਹਿਲਾ ਬੈਂਕ ਹੈ ਜਿਸ ਨੂੰ ਰਿਜ਼ਰਵ ਬੈਂਕ ਵੱਲੋਂ ਸੂਬਾ ਸਰਕਾਰ ਦਾ ਖਜ਼ਾਨਾ ਚਲਾਉਣ ਦੀ ਮਨਜ਼ੂਰੀ ਮਿਲੀ ਹੋਈ ਹੈ।


Related News