ਹੀਰੋ ''ਤੇ ਸਫਰ ਹੋਵੇਗਾ ਸਸਤਾ, ਬਿਨਾਂ ਪੈਟਰੋਲ ਦੇ ਦੌੜੇਗੀ ਬਾਈਕ

11/24/2017 3:29:17 PM

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਕੰਪਨੀ ਹੀਰੋ ਮੋਟਰ ਕਾਰਪ ਦੋ-ਪਹੀਆ ਦੇ ਘੱਟ ਤੋਂ ਘੱਟ ਦੋ ਇਲੈਕਟ੍ਰਿਕ ਮਾਡਲਾਂ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਅਗਲੇ ਦੋ-ਤਿੰਨ ਸਾਲਾਂ 'ਚ ਵਪਾਰਕ ਤੌਰ 'ਤੇ ਉਤਾਰਿਆ ਜਾ ਸਕਦਾ ਹੈ। ਕੰਪਨੀ ਦੇ ਪਹਿਲੇ ਇਲੈਕਟ੍ਰਿਕ ਵਾਹਨ ਨੂੰ ਵਿਕਸਤ ਕਰਨ ਦਾ ਕੰਮ ਜੈਪੁਰ ਸਥਿਤ ਰਿਸਚਰ ਅਤੇ ਵਿਕਾਸ ਕੇਂਦਰ 'ਤੇ ਹੋ ਰਿਹਾ ਹੈ। ਹੀਰੋ ਨੇ ਐਥਰ ਐਨਰਜ਼ੀ 'ਚ 205 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਬੇਂਗਲੁਰੂ ਦੀ ਸਟਾਰਟਅਪ ਕੰਪਨੀ ਹੈ ਅਤੇ ਇਹ ਵੀ ਇਲੈਕਟ੍ਰਿਕ ਦੋ-ਪਹੀਆ ਬਾਈਕ ਵਿਕਸਤ ਕਰ ਰਹੀ ਹੈ। ਇਲੈਕਟ੍ਰਿਕ ਦੋ-ਪਹੀਆ ਬਾਈਕ 'ਤੇ ਸਫਰ ਪੈਟਰੋਲ ਨਾਲੋਂ ਸਸਤਾ ਪਵੇਗਾ ਅਤੇ ਪ੍ਰਦੂਸ਼ਣ ਮੁਕਤ ਹੋਵੇਗਾ।

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਹੀਰੋ ਮੋਟਰ ਕਾਰਪ ਦਾ ਇਰਾਦਾ ਆਪਣੇ ਪ੍ਰੋਗਰਾਮ ਅਤੇ ਐਥਰ ਨਾਲ ਸਾਂਝੇਦਾਰੀ ਜ਼ਰੀਏ ਇਲੈਕਟ੍ਰਿਕ ਵਾਹਨ ਦੇ ਖੇਤਰ 'ਚ ਆਪਣੀ ਹਿੱਸੇਦਾਰੀ ਵਧਾਉਣ ਦਾ ਹੈ। ਜੈਪੁਰ ਦੇ ਹੀਰੋ ਆਰ. ਐਂਡ ਡੀ. 'ਚ ਸਾਡਾ ਪ੍ਰਾਜੈਕਟ ਚੱਲ ਰਿਹਾ ਹੈ, ਜੋ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਵਾਹਨ ਵਿਕਸਤ ਕਰਨ ਲਈ ਸਮਰਪਿਤ ਹੈ। ਬੁਲਾਰੇ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਕੇਂਦਰ 'ਚ ਕਿੰਨੇ ਇਲੈਕਟ੍ਰਿਕ ਮਾਡਲ ਤਿਆਰ ਹੋ ਰਹੇ ਹਨ। ਕੁਝ ਦਾ ਕਹਿਣਾ ਹੈ ਕਿ ਹੀਰੋ ਇਕੋ ਵੇਲੇ ਤਿੰਨ-ਚਾਰ ਮਾਡਲਾਂ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਸਕੂਟਰ ਅਤੇ ਮੋਟਰਸਾਈਕਲ ਦੋਵੇਂ ਹਨ। ਹੀਰੋ ਨੇ 2016 ਦੇ ਆਟੋ ਐਕਸਪੋ 'ਚ ਡਿਊਟ ਦਾ ਇਲੈਕਟ੍ਰਿਕ ਮਾਡਲ ਸਾਹਮਣੇ ਰੱਖਿਆ ਸੀ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਦੋ-ਪਹੀਆ ਬਾਜ਼ਾਰ 'ਚ ਹੀਰੋ ਦੀ ਹਿੱਸੇਦਾਰੀ 36 ਫੀਸਦੀ ਹੈ ਅਤੇ ਹਰ ਸਾਲ ਇਹ 1.80 ਕਰੋੜ ਮੋਟਰਸਾਈਕਲ ਅਤੇ ਸਕੂਟਰ ਵੇਚਦਾ ਹੈ, ਜਿਸ 'ਚ ਇਲੈਕਿਟ੍ਰਕ ਵਾਹਨਾਂ ਦਾ ਹਿੱਸਾ ਸਿਰਫ 22,000 ਹੈ।

ਉੱਥੇ ਹੀ, ਖਬਰਾਂ ਮੁਤਾਬਕ ਬਜਾਜ ਆਟੋ, ਹੋਂਡਾ ਅਤੇ ਟੀ. ਵੀ. ਐੱਸ. ਮੋਟਰ ਵੀ ਇਲੈਕਟ੍ਰਿਕ ਦੋ-ਪਹੀਆ ਵਾਹਨ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਟੀ. ਵੀ. ਐੱਸ. ਮੋਟਰ ਨੇ ਕਿਹਾ ਹੈ ਕਿ ਕੰਪਨੀ ਸਭ ਤੋਂ ਪਹਿਲਾਂ ਹਾਈਬ੍ਰਿਡ ਸਕੂਟਰ ਪੇਸ਼ ਕਰੇਗੀ ਅਤੇ ਇਸ ਤੋਂ ਬਾਅਦ 2018 'ਚ ਕਿਸੇ ਸਮੇਂ ਇਲੈਕਟ੍ਰਿਕ ਵਾਹਨ ਪੇਸ਼ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਬਹੁਤ ਜ਼ੋਰ ਦੇ ਰਹੀ ਹੈ ਅਤੇ ਇਸ 'ਤੇ 12 ਫੀਸਦੀ ਜੀ. ਐੱਸ. ਟੀ. ਲੱਗੇਗਾ, ਜਦੋਂ ਕਿ ਪੈਟਰੋਲ-ਡੀਜ਼ਲ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਲਗਾਇਆ ਗਿਆ ਹੈ।