ਸਰਕਾਰ ਦੀ ਸੌਗਾਤ, ਰੇਲ ਮੁਸਾਫਰਾਂ ਨੂੰ ਹੁਣ ਇਕ ਹੀ ਨੰਬਰ ਤੇ ਮਿਲੇਗੀ ਹਰ ਸਰਵਿਸ

01/01/2020 1:40:33 PM

ਜਲੰਧਰ— ਰੇਲ ਮੁਸਾਫਰਾਂ ਲਈ ਗੁੱਡ ਨਿਊਜ਼ ਹੈ। ਸਰਕਾਰ ਨੇ ਵੱਖ-ਵੱਖ ਨੰਬਰਾਂ ਨੂੰ ਖਤਮ ਕਰਕੇ ਇਕ ਯੂਨੀਵਰਸਲ ਹੈੱਲਪਲਾਈਨ ਸਰਵਿਸ ਬਣਾ ਦਿੱਤੀ ਹੈ। ਹੁਣ ਯਾਤਰਾ ਦੌਰਾਨ ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਵੱਖ-ਵੱਖ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਸਿਰਫ 139 ਨੰਬਰ 'ਤੇ ਹੀ ਸਭ ਕੁਝ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਸੰਬੰਧੀ ਸ਼ਿਕਾਇਤ, ਪੀ. ਐੱਨ. ਆਰ. ਦੀ ਸਥਿਤੀ, ਮੈਡੀਕਲ ਸਹਾਇਤਾ, ਦੁਰਘਟਨਾ ਜਾਂ ਹੋਰ ਮਦਦ ਲਈ ਰੇਲਵੇ ਦੇ ਵੱਖ-ਵੱਖ ਨੰਬਰਾਂ 'ਤੇ ਕਾਲ ਕਰਨੀ ਪੈਂਦੀ ਸੀ। ਹੁਣ ਸਰਕਾਰ ਨੇ ਇਹ ਝੰਜਟ ਖਤਮ ਕਰ ਦਿੱਤਾ ਹੈ।

ਰੇਲਵੇ ਮੰਤਰਾਲਾ ਨੇ ਕਿਹਾ ਕਿ 1 ਜਨਵਰੀ ਤੋਂ ਭਾਰਤੀ ਰੇਲਵੇ ਦੇ ਕਈ ਹੈਲਪਲਾਈਨ ਨੰਬਰਾਂ ਦੀ ਬਜਾਏ ਸਿਰਫ 139 ਨੰਬਰ ਹੀ ਇਸਤੇਮਾਲ ਕੀਤਾ ਜਾ ਸਕੇਗਾ। ਇਸ 'ਤੇ ਹੀ ਪੀ. ਐੱਨ. ਆਰ., ਕਿਰਾਇਆ ਸੰਬੰਧੀ ਜਾਣਕਾਰੀ, ਟਿਕਟ ਬੁਕਿੰਗ ਲਈ ਕਾਲ ਕੀਤੀ ਜਾ ਸਕਦੀ ਹੈ।
ਮੰਤਰਾਲਾ ਦਾ ਕਹਿਣਾ ਹੈ ਕਿ ਮੁਸਾਫਰਾਂ ਦਾ ਸਫਰ ਸੁਹਾਵਣਾ ਬਣਾਉਣ ਲਈ ਸਰਕਾਰ ਕਈ ਕਦਮ ਉਠਾ ਰਹੀ ਹੈ। ਇਸ ਦੇ ਮੱਦੇਨਜ਼ਰ ਹੀ ਸਰਕਾਰ ਨੇ ਰੇਲਵੇ ਸਟੇਸ਼ਨਾਂ ਤੇ ਟਰੇਨਾਂ 'ਚ ਯਾਤਰੀ ਸਹੂਲਤਾਂ ਦਾ ਵਿਸਥਾਰ ਕਰਨ ਲਈ ਕਿਰਾਇਆਂ 'ਚ ਹਲਕਾ ਵਾਧਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸੇ ਵੀ ਕਲਾਸ ਦੇ ਰੇਲ ਮੁਸਾਫਰਾਂ 'ਤੇ ਵਾਧੂ ਬੋਝ ਨਹੀਂ ਪਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਵਿੱਤੀ ਸਾਲ 2014-15 'ਚ ਰੇਲ ਕਿਰਾਏ ਵਧਾਏ ਸਨ।

ਕਿੰਨੇ ਵਧੇ ਕਿਰਾਏ?
ਇਸ ਵਾਰ ਸਰਕਾਰ ਨੇ ਸਾਧਾਰਣ ਗੱਡੀ ਦੀ ਨਾਨ-ਏ. ਸੀ. ਕਲਾਸ ਦਾ ਕਿਰਾਇਆ 1 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਹੈ, ਜਦੋਂ ਕਿ ਮੇਲ/ਐਕਸਪ੍ਰੈੱਸ ਦੀ ਨਾਨ-ਏ. ਸੀ. ਕਲਾਸ ਦੇ ਕਿਰਾਏ 'ਚ 2 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ. ਸੀ. ਕਲਾਸਾਂ ਦੇ ਕਿਰਾਏ 'ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਉੱਥੇ ਹੀ, ਉਪਨਗਰੀ ਅਤੇ ਸੀਜ਼ਨ ਟਿਕਟਾਂ ਦੇ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਲਦ ਹੀ ਟਰੇਨਾਂ ਦਾ ਸਫਰ ਹੋਰ ਹਾਈ ਸਕਿਓਰਿਟੀ ਨਾਲ ਲੈੱਸ ਹੋਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਮਾਰਚ 2022 ਤੱਕ ਸਾਰੇ ਸਟੇਸ਼ਨਾਂ ਤੇ ਸਾਰੇ ਕੋਚਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਲਈ ਟੈਂਡਰ ਜਾਰੀ ਕੀਤੇ ਹਨ। ਦਸੰਬਰ ਤਕ ਰੇਲਵੇ ਨੇ ਦੇਸ਼ ਭਰ ਦੇ 503 ਸਟੇਸ਼ਨਾਂ ਤੇ ਸੀ. ਸੀ. ਟੀ. ਵੀ. ਲਗਾਏ ਹਨ ਤੇ ਜਲਦ ਹੀ ਸਾਰੇ ਸਟੇਸ਼ਨ ਇਸ ਨਾਲ ਕਵਰ ਹੋ ਜਾਣਗੇ। ਰੇਲਵੇ ਨੇ 6,100 ਤੋਂ ਵੱਧ ਸਟੇਸ਼ਨਾਂ ਅਤੇ 58,600 ਤੋਂ ਵੱਧ ਕੋਚਾਂ 'ਚ ਸੀ. ਸੀ. ਟੀ. ਵੀ. ਲਾਉਣ ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ।