Walmart-Flipkart ਡੀਲ ਦੇ ਵਿਰੋਧ ''ਚ ਵਪਾਰੀਆਂ ਨੇ 28 ਅਗਸਤ ਨੂੰ ਭਾਰਤ ਬੰਦ ਦਾ ਕੀਤਾ ਐਲਾਨ

08/21/2018 2:06:53 PM

ਨਵੀਂ ਦਿੱਲੀ- ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਵਾਲਮਾਰਟ ਵੱਲੋਂ ਫਲਿਪਕਾਰਟ ਦੀ ਅਕਵਾਇਰਮੈਂਟ ਸੌਦੇ ਦੇ ਖਿਲਾਫ 28 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।  ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਦੇਸ਼ ਭਰ ਦੇ ਵਪਾਰੀ ਵਾਲਮਾਰਟ-ਫਲਿਪਕਾਰਟ ਸੌਦੇ ਤੋਂ ਨਾਰਾਜ਼ ਹਨ। ਇਹ ਸਿੱਧੇ ਤੌਰ 'ਤੇ ਸਰਕਾਰ ਵੱਲੋਂ ਸਾਲ 2016 'ਚ ਜਾਰੀ ਪ੍ਰੈੱਸ ਨੋਟ 3 ਦੀ ਉਲੰਘਣਾ ਹੈ ਅਤੇ ਵਾਲਮਾਰਟ-ਫਲਿਪਕਾਰਟ ਦਾ ਇਹ ਸਾਂਝਾ ਗਠਜੋੜ ਦੇਸ਼ ਦੇ ਰਿਟੇਲ ਵਪਾਰ 'ਤੇ ਈ-ਕਾਮਰਸ ਰਾਹੀਂ ਕਾਬੂ ਤੇ ਏਕਾਧਿਕਾਰ ਦਾ ਲੁਕਿਆ ਏਜੰਡਾ ਹੈ।

ਸ਼ੁਰੂ ਹੋਵੇਗੀ ਰਥ ਯਾਤਰਾ 

ਕੈਟ(Confederation Of All India Traders) ਨੇ ਕਿਹਾ ਹੈ ਕਿ ਉਹ ਭਾਰਤ ਬੰਦ ਤੋਂ ਇਲਾਵਾ ਇਸ ਡੀਲ ਦੇ ਵਿਰੋਧ 'ਚ 15 ਸਤੰਬਰ ਨੂੰ ਪੂਰੇ ਦੇਸ਼ 'ਚ ਰੱਥ ਯਾਤਰਾ ਵੀ ਸ਼ੁਰੂ ਕਰਨਗੇ। ਇਸ ਰੱਥ ਯਾਤਰਾ ਦੇ ਅੰਤ 'ਚ 16 ਦਸੰਬਰ ਨੂੰ ਵੀ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਪੂਰੇ ਦੇਸ਼ ਦੇ ਵਪਾਰੀ ਸੰਗਠਨ ਹਿੱਸਾ ਲੈਣਗੇ।

ਕੈਟ ਦੇ ਵਿਰੋਧ 'ਚ ਨਾਗਪੁਰ 'ਚ ਹੋਈ ਸੀ ਆਮ ਸਭਾ

ਕੈਟ ਦੀ ਆਮ ਸਭਾ ਨਾਗਪੁਰ 'ਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਦੇਸ਼ ਭਰ ਤੋਂ 200 ਵਪਾਰੀ ਸੰਗਠਨਾਂ ਨੇ ਹਿੱਸਾ ਲਿਆ ਸੀ। ਵਪਾਰੀਆਂ ਨੇ ਫੈਸਲਾ ਕੀਤਾ ਸੀ ਕਿ ਆਉਣ ਵਾਲੀ 28 ਅਗਸਤ ਨੂੰ ਬੰਦ ਦੌਰਾਨ ਸਾਰੇ ਵਪਾਰੀ ਆਪਣੇ ਕੰਮਕਾਜ ਬੰਦ ਰੱਖਣਗੇ ਅਤੇ ਆਪਣੇ-ਆਪਣੇ ਇਲਾਕਿਆਂ 'ਚ ਈ-ਕਾਮਰਸ ਦੇ ਖਿਲਾਫ ਪ੍ਰਦਰਸ਼ਨ ਕਰਨਗੇ।

ਵਾਲਮਾਰਟ ਨੇ ਖਰੀਦੀ 77 ਫੀਸਦੀ ਹਿੱਸੇਦਾਰੀ

ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤੀ ਕੰਪਨੀ ਫਲਿੱਪਕਾਰਟ ਨਾਲ ਲਗਭਗ 16 ਅਰਬ ਡਾਲਰ ਦਾ ਸੌਦਾ ਪੂਰਾ ਕੀਤਾ ਜਿਸ ਤੋਂ ਬਾਅਦ ਹੁਣ ਉਸ ਕੋਲ ਫਲਿੱਪਕਾਰਟ ਦੀ 77 ਫੀਸਦੀ ਹਿੱਸੇਦਾਰੀ ਹੈ।

ਇਸ ਸਾਲ ਮਈ 'ਚ ਤੈਅ ਕੀਤਾ ਗਿਆ ਇਹ ਸੌਦਾ ਭਾਰਤੀ ਰਿਟੇਲ ਬਾਜ਼ਾਰ ਦਾ ਸਭ ਤੋਂ ਵੱਡਾ ਸੌਦਾ ਹੈ। ਇਸ ਦੇ ਨਾਲ ਹੀ ਵਾਲਮਾਰਟ ਵਲੋਂ ਸਭ ਤੋਂ ਵੱਡੀ ਪ੍ਰਾਪਤੀ ਵੀ ਹੈ ਜਿਹੜੀ ਕਿ ਕੰਪਨੀ ਨੂੰ ਆਪਣੀ ਮੁਕਾਬਲੇਬਾਜ਼ ਕੰਪਨੀ ਐਮਾਜ਼ੋਨ ਨਾਲ ਮੁਕਾਬਲਾ ਕਰਨ 'ਚ ਸਹਾਇਤਾ ਕਰੇਗੀ।