ਪੰਜਾਬ 'ਚ ਟੈਕਸ ਚੋਰੀ ਵਿਚ ਸ਼ਾਮਲ ਟ੍ਰੇਡਰਾਂ ਤੇ ਫਰਮਾਂ 'ਤੇ ਕਾਰਵਾਈ

12/03/2019 11:02:53 AM

ਚੰਡੀਗੜ੍ਹ— ਪੰਜਾਬ 'ਚ ਕਰੋੜਾਂ ਦੀ ਟੈਕਸ ਚੋਰੀ 'ਚ ਸ਼ਾਮਲ ਟ੍ਰੇਡਰਾਂ ਤੇ ਫਰਮਾਂ 'ਤੇ ਕਾਰਵਾਈ ਹੋਣ ਜਾ ਰਹੀ ਹੈ। ਪੰਜਾਬ 'ਚ ਮਾਲ ਦੀ ਦਰਾਮਦ 'ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ 'ਚ 10 ਸਾਲ ਮਗਰੋਂ ਸੂਬੇ ਦੇ ਆਬਕਾਰੀ ਤੇ ਕਰ ਵਿਭਾਗ ਨੇ 800 ਤੋਂ ਵੱਧ “ਗਲਤ'' ਫਰਮਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਫਰਮਾਂ ਬਿਨਾਂ ਕੋਈ ਵਿਕਰੀ-ਖਰੀਦ ਟੈਕਸ ਤੇ ਵੈਲਿਊ ਐਡਿਡ ਟੈਕਸ ਦਾ ਭੁਗਤਾਨ ਕੀਤੇ ਸੂਬੇ ਤੋਂ ਬਾਹਰੋਂ ਕੰਟੇਨਰਾਂ 'ਚ ਮਾਲ ਇੰਪੋਰਟ ਕਰਨ ਦੀ ਗਤੀਵਿਧੀ 'ਚ ਸ਼ਾਮਲ ਸਨ। ਇਹ ਵੀ ਸ਼ੱਕ ਹੈ ਕਿ ਕੁਝ ਫਰਮਾਂ ਨੇ ਸਿਰਫ ਕਾਗਜ਼ਾਂ 'ਤੇ ਖਰੀਦਦਾਰੀ ਦਿਖਾ ਕੇ ਬਿਨਾਂ ਕਿਸੇ ਅਸਲ ਵਿਕਰੀ ਦੇ ਧੋਖਾਧੜੀ ਨਾਲ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਵੀ ਹਾਸਲ ਕੀਤਾ ਹੈ। ਇਹ ਮਾਮਲਾ 2009 ਤੇ 2012 ਵਿਚਕਾਰ ਦਾ ਹੈ।


ਗਲਤ ਕੰਪਨੀਆਂ 'ਚ ਪ੍ਰਮੁੱਖ ਤੌਰ 'ਤੇ ਫੂਡ ਫਰਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਰਸਾਇਣ ਨਿਰਮਾਤਾਵਾਂ 'ਤੇ ਵੀ ਸ਼ਿਕੰਜਾ ਕੱਸੇਗਾ, ਜਿਨ੍ਹਾਂ ਨੇ ਕੱਚਾ ਮਾਲ ਖਰੀਦ ਕੇ ਉਸ 'ਤੇ ਟੈਕਸਾਂ ਦਾ ਭੁਗਤਾਨ ਨਹੀਂ ਕੀਤਾ ਹੈ।
ਉੱਥੇ ਹੀ, ਜਿਨ੍ਹਾਂ ਲਕੜੀ ਵਪਾਰੀਆਂ ਨੇ ਟੈਕਸ ਚੋਰੀ ਕਰਕੇ ਹੋਰ ਸੂਬਿਆਂ 'ਚ ਕੰਪਨੀਆਂ ਨੂੰ ਮਾਲ ਵੇਚਿਆ ਹੈ ਉਹ ਵੀ ਨਿਸ਼ਾਨੇ 'ਤੇ ਹਨ। ਵਿਭਾਗ ਦੇ ਅਧਿਕਾਰੀਆਂ ਨੂੰ ਡਾਟਾ ਦਾ ਵਿਸ਼ਲੇਸ਼ਣ ਕਰਨ ਤੇ ਕਿਸੇ ਵੀ ਗਲਤੀ ਦੇ ਮਾਮਲੇ 'ਚ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਸਾਰੇ ਸਹਾਇਕ ਸੂਬਾ ਟੈਕਸ ਕਮਿਸ਼ਨਰਾਂ/ਜ਼ਿਲ੍ਹਿਆਂ ਦੇ ਇੰਚਾਰਜਾਂ ਨੂੰ ਉਨ੍ਹਾਂ ਡੀਲਰਾਂ ਵੱਲੋਂ ਕੀਤੀ ਗਈ ਦਰਾਮਦ ਦੀ ਪੜਤਾਲ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਨਾਮ ਸ਼ੁਰੂਆਤੀ ਜਾਂਚ 'ਚ ਆਏ ਹਨ। ਅਧਿਕਾਰੀਆਂ ਨੂੰ ਇਸ ਮਹੀਨੇ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।