ਤਿਉਹਾਰਾਂ ਤੋਂ ਪਹਿਲਾਂ Toyota ਦਾ ਵੱਡਾ ਝਟਕਾ, ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ

09/28/2021 5:46:59 PM

ਮੁੰਬਈ - ਯਾਤਰੀ ਵਾਹਨ ਨਿਰਮਾਤਾ ਕੰਪਨੀ ਟੋਯੋਟਾ ਕਿਰਲਾਸਕਰ ਮੋਟਰ(ਟੀ.ਕੇ.ਐੱਮ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲਾਗਤ ਵਿਚ ਵਾਧੇ ਦੇ ਅਸਰ ਨੂੰ ਅੰਸ਼ਕ ਤੌਰ 'ਤੇ ਦੂਰ ਕਰਨ ਲਈ 1 ਅਕਤੂਬਰ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ 2 ਫ਼ੀਸਦ ਤੱਕ ਦਾ ਵਾਧਾ ਕਰੇਗੀ। ਕੰਪਨੀ ਜਾਪਾਨ ਦੀ ਟੋਯੋਟਾ ਮੋਟਰ ਕੰਪਨੀ ਅਤੇ ਕਿਰਲੋਸਕਰ ਸਮੂਹ ਦਾ ਸਾਂਝਾ ਉੱਦਮ ਹੈ।

ਕੰਪਨੀ ਘਰੇਲੂ ਬਾਜ਼ਾਰ ਵਿਚ  ਇਨੋਵਾ ਕ੍ਰਿਸਟਾ ਅਤੇ ਫਾਰਚਿਊਨਰ ਸਮੇਤ ਕਈ ਯਾਤਰੀ ਵਾਹਨ ਵੇਚਦੀ ਹੈ। ਟੀ.ਕੇ.ਐੱਮ. ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਇਕ ਅਕਤੂਬਰ 2021 ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ ਵਿਚ ਬਦਲਾਅ ਕਰੇਗੀ। ਅਗਲੇ ਮਹੀਨੇ ਤੋਂ ਵੇਲਫਾਇਰ ਨੂੰ ਛੱਡ ਕੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਕੰਪਨੀ ਨੇ ਕਿਹਾ, 'ਇਨਪੁਟ ਲਾਗਤ 'ਚ ਵਾਧੇ ਨੂੰ ਅੰਸ਼ਕ ਰੂਪ ਨਾਲ ਸੰਤੁਲਿਤ ਕਰਨ ਲਈ ਇਹ ਵਾਧਆ ਜ਼ਰੂਰੀ ਹੈ। ਹਾਲਾਂਕਿ ਗਾਹਕਾਂ 'ਤੇ ਅਸਰ ਨੂੰ ਦੇਖਦੇ ਹੋਏ ਸਮੁੱਚੇ ਤੌਰ 'ਤੇ ਵਾਧੇ ਨੂੰ ਘੱਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : E-Shram ਪੋਰਟਲ 'ਤੇ ਹੁਣ ਤੱਕ 1.66 ਕਰੋੜ ਕਾਮਿਆਂ ਨੇ ਕਰਵਾਇਆ ਰਜਿਸਟ੍ਰੇਸ਼ਨ,ਮਿਲਦਾ ਹੈ 2 ਲੱਖ ਦਾ ਮੁਫ਼ਤ ਬੀਮਾ

ਪਿਛਲੇ ਇਕ ਸਾਲ ਵਿਚ ਸਟੀਲ ਅਤੇ ਕੀਮਤੀ ਧਾਤੂਆਂ ਵਰਗੀਆਂ ਵੱਖ-ਵੱਖ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਕਾਰਨ ਵਾਹਨ ਨਿਰਮਾਤਾ ਕੰਪਨੀਆਂ ਦੀ ਨਿਰਮਾਣ ਲਾਗਤ ਵਧ ਗਈ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਸ, ਮਾਰੂਤੀ ਸੁਜ਼ੂਕੀ ਇੰਡੀਆਂ ਵਰਗੀਆਂ ਕਈ ਕੰਪਨੀਆਂ ਅਗਲੇ ਮਹੀਨੇ ਤੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ। ਪਿਛਲੇ ਹਫ਼ਤੇ ਟਾਟਾ ਮੋਟਰਜ਼ ਨੇ ਕਿਹਾ ਸੀ ਕਿ ਉਹ 1 ਅਕਤੂਬਰ ਤੋਂ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿਚ 2 ਫ਼ੀਸਦ ਤੱਕ ਦਾ ਵਾਧਾ ਕਰੇਗੀ। ਇਸ ਤਰ੍ਹਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਵੀ ਸੇਲੇਰਿਓ ਨੂੰ ਛੱਡ ਕੇ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਿਚ 1.9 ਫ਼ੀਸਦ ਤੱਕ ਦਾ ਵਾਧਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਚੀਨੀ ਅਧਿਕਾਰੀਆਂ ਦੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼, ਐਵਰਗ੍ਰਾਂਡੇ ਦੇ ਸੰਭਾਵਿਤ ਪਤਨ ਨਾਲ ਨਜਿੱਠਣ ਲਈ ਰਹੋ ਤਿਆਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur