ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਸਿਰਫ ਕੁਝ ਦਿਨਾਂ ’ਚ ਹੀ ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ

06/29/2023 4:28:31 PM

ਲੁਧਿਆਣਾ (ਖੁਰਾਣਾ) - ਟਮਾਟਰ ਦੀਆਂ ਕੀਮਤਾਂ ਨੇ ਵੱਡੀ ਛਲਾਂਗ ਲਗਾਉਂਦੇ ਹੋਏ ਸਿਰਫ ਕੁਝ ਦਿਨਾਂ ਵਿਚ ਹੀ 4 ਰੁ. ਪ੍ਰਤੀ ਕਿਲੋ ਤੋਂ 80 ਤੋਂ 100 ਰੁ. ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਆਪਣੇ ਆਪ ’ਚ ਰਿਕਾਰਡ ਤੋੜ ਤੇਜ਼ੀ ਦੱਸੀ ਜਾ ਰਹੀ ਹੈ।

ਕਰੀਬ 15 ਦਿਨਾਂ ਦੇ ਵਕਫੇ ਦੌਰਾਨ ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਅਜਿਹੇ ਵਿਚ ਲੁਧਿਆਣਾ ਹੋਲਸੇਲ ਸਬਜ਼ੀ ਮੰਡੀ 'ਚ ਪੁੱਜੀਆਂ ਖ਼ਰੀਦਦਾਰ ਔਰਤਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਕਾਰਨ ਉਨ੍ਹਾਂ ਦੇ ਰਸੋਈ ਘਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਯਾਤਰੀ ਆਸਾਨੀ ਨਾਲ ਜਮ੍ਹਾਂ ਕਰ ਸਕਣਗੇ ਸਾਮਾਨ, DIAL ਨੇ ਸ਼ੁਰੂ ਕੀਤੀ SBD ਸਹੂਲਤ

ਟਮਾਟਰ, ਅਦਰਕ, ਗੋਭੀ, ਅਰਬੀ, ਪਿਆਜ, ਆਲੂ, ਨਿੰਬੂ ਅਤੇ ਧਨੀਆ ਆਦਿ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ ਕਾਰਨ ਹਾਲਾਤ ਇਹ ਬਣੇ ਹੋਏ ਹਨ ਕਿ ਆਪਣੀਆਂ ਮਨਪਸੰਦ ਦੀਆਂ ਸਬਜ਼ੀਆਂ ਖਰੀਦਣਾ ਹੁਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਸਬਜ਼ੀਆਂ ਖਾਸ ਕਰ ਕੇ ਟਮਾਟਰ ਦੀਆਂ ਕੀਮਤਾਂ ’ਚ ਆਈ ਭਾਰੀ ਤੇਜ਼ੀ ਦਾ ਕਾਰਨ ਬੀਤੇ ਦਿਨੀਂ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ, ਬਾਰਿਸ਼ ਅਤੇ ਗੜੇਮਾਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਮਾਟਰ ਦੀ ਜ਼ਿਆਦਾਤਰ ਫਸਲ ਹਿਮਾਚਲ ਪ੍ਰਦੇਸ਼ ਦੇ ਸੋਲਨ, ਸ਼ਿਮਲਾ, ਨਾਲਾਗੜ੍ਹ, ਬੱਧੀ ਇਲਾਕਿਆਂ ਤੋਂ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ’ਚ ਪੁੱਜਦੀ ਹੈ ਪਰ ਬੀਤੇ ਦਿਨੀਂ ਹਿਮਾਚਲ ’ਚ ਹੋਈ ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਮਾਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਇਸ ਦੌਰਾਨ ਜਿਨ੍ਹਾਂ ਜਿਮੀਂਦਾਰਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਆਪਣਾ ਮਾਲ ਸੁਰੱਖਿਅਤ ਬਚਾ ਲਿਆ, ਉਹ ਹੁਣ ਮਾਲ ਨੂੰ ਬਾਜ਼ਾਰ ’ਚ ਮੂੰਹ ਮੰਗੀਆਂ ਕੀਮਤਾਂ ’ਤੇ ਵੇਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਟਮਾਟਰ ਦੀ ਲੋਕਲ ਫਸਲ ਦਾ ਸੀਜ਼ਨ ਹੁਣ ਖਤਮ ਹੋ ਚੁੱਕਾ ਹੈ, ਜਦੋਂਕਿ ਮੱਧ ਪ੍ਰਦੇਸ਼ ਰਾਜ ਤੋਂ ਆਉਣ ਵਾਲੀ ਟਮਾਟਰ ਦੀ ਫਸਲ ਦਿੱਲੀ ਦੀ ਮੰਡੀ ਵਿਚ ਹੀ ਵਿਕ ਰਹੀ ਹੈ।

ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਹਰ ਸਬਜ਼ੀ ਵਿਚ ਤੜਕਾ ਲਗਾਉਣ ਲਈ ਟਮਾਟਰ, ਪਿਆਜ਼, ਅਦਰਕ ਆਦਿ ਦੀ ਵਰਤੋਂ ਲਾਜ਼ਮੀ ਹੈ। ਇਨ੍ਹਾਂ ਸਭ ਦੀਆਂ ਕੀਮਤਾਂ ਵਿਚ ਹੋਏ ਅਥਾਹ ਵਾਧੇ ਨੇ ਹਰ ਘਰ ਦਾ ਬਜਟ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈ। ਟਮਾਟਰ ਦੀਆ ਕੀਮਤਾਂ ਵਿਚ ਰਾਤੋ-ਰਾਤ ਹੋਏ ਭਾਰੀ ਵਾਧੇ ਦੇ ਵਿਚ ਜਮ੍ਹਾਖੋਰਾਂ ਦਾ ਵੱਡਾ ਹੱਥ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਖ਼ਾਸ ਧਿਆਨ ਦਿੰਦੇ ਹੋਏ ਜਮ੍ਹਾਖੋਰਾਂ ਦੇ ਖ਼ਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਮਹਿੰਗਾਈ ਦੀ ਸਭ ਤੋਂ ਵੱਡੀ ਮਾਰ ਨੌਕਰੀਪੇਸ਼ਾ ਔਰਤਾਂ ’ਤੇ ਪੈਂਦੀ ਹੈ ਕਿਉਂਕਿ ਅਚਾਨਕ ਸਬਜ਼ੀਆਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਉਨ੍ਹਾਂ ਦੇ ਘਰ ਦਾ ਬਜਟ ਪੂਰੀ ਤਰ੍ਹਾਂ ਲੜਖੜਾ ਜਾਂਦਾ ਹੈ। ਆਮ ਤੌਰ ’ਤੇ ਨੌਕਰੀਪੇਸ਼ਾ ਔਰਤਾਂ ਅਤੇ ਵਰਗ ਨੂੰ ਤੈਅ ਤਨਖ਼ਾਹ ਹੀ ਮਿਲਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਪੈਸਿਆਂ ਨਾਲ ਬੱਚਿਆਂ ਦੀ ਪੜ੍ਹਾਈ-ਲਿਖਾਈ, ਪੈਟਰੋਲ ਦਾ ਖ਼ਰਚਾ, ਰਸੋਈ ਚਲਾਉਣ ਸਮੇਤ ਮਕਾਨ ਦਾ ਕਿਰਾਇਆ ਆਦਿ ਕੱਢਣਾ ਸੰਭਵ ਨਹੀਂ ਹੈ। ਸਰਕਾਰ ਨੂੰ ਲਗਾਤਾਰ ਅੱਗ ਉਗਲਦੀ ਇਸ ਮਹਿੰਗਾਈ ’ਤੇ ਕਾਬੂ ਪਾਉਣ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਆਮ ਤੌਰ ’ਤੇ ਹੋਲਸੇਲ ਮੰਡੀ ਤੋਂ ਗਲੀਆਂ ਤੱਕ ਦਾ ਸਫਰ ਤੈਅ ਕਰਦੇ ਹੀ ਸਬਜ਼ੀਆਂ, ਫਲ, ਫਰੂਟ ਦੀਆਂ ਕੀਮਤਾਂ ਕਈ ਗੁਣਾ ਜ਼ਿਆਦਾ ਵਧ ਜਾਂਦੀਆਂ ਹਨ। ਸਟ੍ਰੀਟ ਵੈਂਡਰ ਅਤੇ ਦੁਕਾਨਕਾਰ ਆਪਣਾ ਮੁਨਾਫਾ ਕਈ ਗੁਣਾ ਤੱਕ ਵਧਾ ਕੇ ਆਮ ਜਨਤਾ ਦੀ ਖਲ ਉਧੇੜਨ ਦਾ ਕੰਮ ਕਰ ਰਹੇ ਹਨ। ਇਸ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਦੀ ਹੋਲਸੇਲ ਲਿਸਟ ਜਾਰੀ ਕਰਨ ਤਾਂ ਜੋ ਆਮ ਜਨਤਾ ‘ਤੇ ਮਹਿੰਗਾਈ ਦਾ ਵਾਧੂ ਬੋਝ ਨਾ ਪਵੇ।

ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ ਵਿਚ ਆਉਣ ਵਾਲੇ ਹਨ 23 ਨਵੇਂ IPO, 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਪੂੰਜੀ ਜੁਟਾਉਣਗੀਆਂ ਕੰਪਨੀਆਂ

ਸਬਜ਼ੀਆਂ ਦੀਆਂ ਹੋਲਸੇਲ-ਰਿਟੇਲ ਕੀਮਤਾਂ

ਸਬਜ਼ੀ            ਹੋਲਸੇਲ                   ਰਿਟੇਲ   

ਟਮਾਟਰ            80 ਰੁ.                  120 ਰੁ.

ਅਦਰਕ           170 ਰੁ                   250 ਰੁ.

ਗੋਭੀ                50 ਰੁ.                  100 ਰੁ.

ਨਿੰਬੂ                35 ਰੁ.                    70 ਰੁ.

ਸ਼ਿਮਲਾ ਮਿਰਚ   20 ਰੁ.                    40 ਰੁ.

ਭਿੰਡੀ               40 ਰੁ.               70-80 ਰੁ.

ਅਰਬੀ             40 ਰੁ.              70- 80 ਰੁ.

ਆਲੂ                12 ਰੁ.               20-22 ਰੁ.

ਇਹ ਵੀ ਪੜ੍ਹੋ : ਦੇਸ਼ ਦੀਆਂ ਖਾਨਾਂ ’ਚੋਂ ਮੁੜ ਨਿਕਲੇਗਾ ਸੋਨਾ, ਸਰਕਾਰੀ ਕੰਪਨੀ ਕਰੇਗੀ 500 ਕਰੋੜ ਦਾ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 


 

Harinder Kaur

This news is Content Editor Harinder Kaur