ਟੋਲ ਵਸੂਲੀ 'ਚ ਨਕਦ ਕੁਲੈਕਸ਼ਨ ਤੋਂ ਅੱਗੇ ਨਿਕਲਿਆ FASTAG, 66 ਫੀਸਦੀ ਤੱਕ ਪਹੁੰਚਿਆ ਹਿੱਸਾ

12/26/2019 12:02:49 PM

ਨਵੀਂ ਦਿੱਲੀ — ਫਾਸਟੈਗ ਜ਼ਰੀਏ ਹੋ ਰਹੀ ਵਸੂਲੀ 'ਚ ਭਾਰੀ ਵਾਧਾ ਹੋਇਆ ਹੈ ਅਤੇ ਇਹ ਨਕਦ ਕੁਲੈਕਸ਼ਨ ਤੋਂ ਅੱਗੇ ਨਿਕਲ ਰਿਹਾ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ  ਇੰਡੀਆ(NHAI) ਦੇ ਡਾਟਾ ਮੁਤਾਬਕ ਫਾਸਟੈਗ ਜ਼ਰੀਏ ਔਸਤ ਵਸੂਲੀ 66 ਫੀਸਦੀ ਤੱਕ ਪਹੁੰਚ ਗਈ ਹੈ। ਨਵੰਬਰ 17-23 ਵਿਚਕਾਰ ਫਾਸਟੈਗ ਕੁਲੈਕਸ਼ਨ ਜ਼ਰੀਏ ਐਨਐਚਏਆਈ ਨੂੰ 26.4 ਕਰੋੜ ਰੁਪਏ ਮਿਲੇ ਸਨ, ਜਦੋਂਕਿ 15-21 ਦਸੰਬਰ ਵਿਚਕਾਰ ਫਾਸਟੈਗ ਤੋਂ ਕੁਲ ਕੁਲੈਕਸ਼ਨ 44 ਕਰੋੜ ਰੁਪਏ ਰਿਹਾ। ਨਕਦ ਕੁਲੈਕਸ਼ਨ ਕਰਨ 'ਚ ਕਰੀਬ 30 ਪ੍ਰਤੀਸ਼ਤ ਤੱਕ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਨਕਦ ਕੁਲੈਕਸ਼ਨ 51 ਕਰੋੜ ਦੇ ਨੇੜੇ ਹੁੰਦਾ ਸੀ ਜਿਹੜਾ ਕਿ ਹੁਣ ਘੱਟ ਕੇ 35.5 ਕਰੋੜ 'ਤੇ ਆ ਗਿਆ ਹੈ।

ਫਾਸਟੈਗ ਦੀ ਵਿਕਰੀ ਪਹੁੰਚੀ 1 ਕਰੋੜ ਦੇ ਨੇੜੇ

ਰਾਜਮਾਰਗ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ 1.04 ਕਰੋੜ ਫਾਸਟੈਗ ਵੇਚੇ ਜਾ ਚੁੱਕੇ ਹਨ ਅਤੇ ਰੋਜ਼ਾਨਾ 1 ਲੱਖ ਨਵੇਂ ਫਾਸਟੈਗ ਵੇਚੇ ਜਾ ਰਹੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਫਾਸਟੈਗ ਦੀ ਵਰਤੋਂ 'ਚ ਕਾਫ਼ੀ ਵਾਧਾ ਹੋਇਆ ਹੈ। 16 ਦਸੰਬਰ ਨੂੰ ਰੋਜ਼ਾਨਾ 19.50 ਲੱਖ ਫਾਸਟੈਗ ਵਰਤੇ ਜਾਂਦੇ ਸਨ ਜਿਹੜੇ ਕਿ 24 ਦਸੰਬਰ ਨੂੰ ਵਧ ਕੇ 24.78 ਲੱਖ ਹੋ ਗਏ।

ਆਪਣੇ ਆਪ ਕੱਟੇ ਜਾਂਦੇ ਹਨ ਬੈਂਕ ਖਾਤੇ ਵਿਚੋਂ ਪੈਸੇ

ਫਾਸਟੈਗ ਪਹਿਲੀ ਵਾਰ 2014 'ਚ ਲਾਂਚ ਕੀਤਾ ਗਿਆ ਸੀ। ਇਹ ਇਕ ਆਰਐਫਆਈਡੀ(RFID) ਅਧਾਰਤ ਟੈਗ ਹੈ, ਜਿਸ ਨੂੰ ਤੁਹਾਡੇ ਬੈਂਕ ਖਾਤੇ ਨਾਲ ਜੋੜਿਆ ਜਾ ਸਕਦਾ ਹੈ। ਤੁਸੀਂ ਇਸ ਟੈਗ ਨੂੰ ਆਪਣੀ ਕਾਰ ਦੇ ਸ਼ੀਸ਼ੇ 'ਤੇ ਵੀ ਚਿਪਕਾ ਸਕਦੇ ਹੋ ਅਤੇ ਇਹ ਟੋਲ ਪਾਰ ਕਰਨ ਤੋਂ ਬਾਅਦ ਆਪਣੇ ਆਪ ਫਾਸਟੈਗ ਜ਼ਰੀਏ ਖਾਤੇ ਵਿਚੋਂ ਪੈਸੇ ਕੱਟੇ ਜਾਣਗੇ। ਹਾਲਾਂਕਿ ਜੁਲਾਈ ਵਿਚ ਨਿਰਦੇਸ਼ ਆਉਣ ਤੋਂ ਪਹਿਲਾਂ ਤੱਕ ਫਾਸਟੈਗ ਦੀ ਵਿਕਰੀ 'ਚ ਕੋਈ ਖਾਸ ਵਾਧਾ ਦਰਜ ਨਹੀਂ ਕੀਤਾ ਗਿਆ ਸੀ।

100% ਇਲੈਕਟ੍ਰਾਨਿਕ ਟੋਲ ਇਕੱਠਾ ਕਰਨ ਦਾ ਟੀਚਾ

ਈ ਟੀ ਨੇ ਸਭ ਤੋਂ ਪਹਿਲਾਂ 9 ਜੁਲਾਈ ਨੂੰ ਇਕ ਰਿਪੋਰਟ ਪ੍ਰਕਾਸ਼ਤ ਕੀਤੀ ਸੀ ਕਿ ਸਰਕਾਰ 100% ਇਲੈਕਟ੍ਰਾਨਿਕ ਟੋਲ ਵਸੂਲੀ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਪਹਿਲੀ ਛਿਮਾਹੀ ਤੱਕ ਦੇਸ਼ ਦੇ ਕੁਲ ਟੋਲ ਕੁਲੈਕਸ਼ਨ 'ਚ ਫਾਸਟੈਗ ਦਾ ਹਿੱਸਾ ਕਰੀਬ 20% ਸੀ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 1.1 ਕਰੋੜ ਫਾਸਟੈਗ ਵਿਕ ਚੁੱਕੇ ਹਨ। ਹਾਲਾਂਕਿ ਅਜੇ ਵੀ ਵਾਹਨਾਂ ਦੀ ਵੱਡੀ ਗਿਣਤੀ ਫਾਸਟੈਗ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ, 'ਸਾਡੇ ਅਨੁਸਾਰ ਲਗਭਗ 50% ਵਾਹਨਾਂ 'ਚ ਅਜੇ ਵੀ ਫਾਸਟੈਗ ਨਹੀਂ ਲੱਗਾ ਹੈ।'

15 ਜਨਵਰੀ ਤੱਕ ਹੈ ਮੌਕਾ

ਸਰਕਾਰ ਦਾ ਅਨੁਮਾਨ ਹੈ ਕਿ 15 ਜਨਵਰੀ ਤੱਕ ਕੁੱਲ ਟੋਲ ਕੁਲੈਕਸ਼ਨ 'ਚ ਫਾਸਟੈਗ ਦੀ ਹਿੱਸੇਦਾਰੀ 75 ਤੋਂ 80% ਤੱਕ ਪਹੁੰਚ ਜਾਵੇਗੀ। 25% ਟੋਲ ਲੇਨ ਵਿਚ ਨਕਦ ਭੁਗਤਾਨ ਸਵੀਕਾਰ ਕਰਨ ਦੀ ਹੱਦ 15 ਜਨਵਰੀ ਨੂੰ ਖਤਮ ਹੋ ਰਹੀ ਹੈ। ਇਸ ਤੋਂ ਬਾਅਦ ਇਹ ਲੇਨ ਸਿਰਫ ਫਾਸਟੈਗ ਉਪਭੋਗਤਾਵਾਂ ਲਈ ਰਾਖਵੇਂ ਰਹਿਣਗੇ। ਬਿਨਾਂ ਕਿਸੇ ਫਾਸਟੈਗ ਵਾਲੇ ਵਾਹਨ ਨੂੰ ਇਨ੍ਹਾਂ ਲੇਨਾਂ ਵਿਚ ਦਾਖਲ ਹੋਣ ਤੇ ਦੁੱਗਣਾ ਟੋਲ ਭੁਗਤਨਾ ਪਵੇਗਾ।