ਈਦ ਦੇ ਮੌਕੇ ''ਤੇ ਅੱਜ ਸ਼ੇਅਰ ਬਾਜ਼ਾਰ ''ਚ ਰਹੇਗੀ ਛੁੱਟੀ

05/03/2022 10:54:00 AM

ਮੁੰਬਈ — ਈਦ ਦੇ ਮੌਕੇ 'ਤੇ 3 ਮਈ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਛੁੱਟੀ ਹੈ। ਭਾਰਤੀ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਬੀਐੱਸਈ ਦੀ ਵੈੱਬਸਾਈਟ ਮੁਤਾਬਕ ਇਸ ਸਾਲ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਬਾਜ਼ਾਰ 'ਚ 13 ਛੁੱਟੀਆਂ ਹਨ।

ਧਿਆਨ ਯੋਗ ਹੈ ਕਿ ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਮਾਮੂਲੀ ਸੈਂਸੈਕਸ 85 ਅੰਕ ਭਾਵ 0.15 ਫੀਸਦੀ ਦੀ ਗਿਰਾਵਟ ਨਾਲ 56,976 'ਤੇ ਬੰਦ ਹੋਇਆ ਸੀ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕਾਂਕ 33 ਅੰਕ ਭਾਵ 0.20 ਦੀ ਗਿਰਾਵਟ ਨਾਲ ਬੰਦ ਹੋਇਆ ਸੀ।

ਇਸ ਮਹੀਨੇ ਸਿਰਫ਼ ਇਕ ਛੁੱਟੀ ਹੈ

ਇੱਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਅਪ੍ਰੈਲ ਵਿੱਚ ਸ਼ੇਅਰ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਦਿਨ ਛੁੱਟੀ ਰਹੀ ਸੀ। ਸ਼ੇਅਰ ਬਾਜ਼ਾਰ ਲਗਾਤਾਰ ਚਾਰ ਦਿਨ ਬੰਦ ਰਿਹਾ, ਦੋ ਦਿਨ ਸ਼ਨੀਵਾਰ ਅਤੇ ਐਤਵਾਰ ਸਨ। ਦੂਜੇ ਪਾਸੇ ਜੇਕਰ ਮਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੀ ਇੱਕੋ ਇੱਕ ਛੁੱਟੀ ਅੱਜ ਵਾਲੀ ਹੀ ਹੈ। ਸਾਲ 2022 ਵਿਚ, ਗਣਤੰਤਰ ਦਿਵਸ ਦੇ ਮੌਕੇ 'ਤੇ 26 ਜਨਵਰੀ ਨੂੰ ਸ਼ੇਅਰ ਬਾਜ਼ਾਰ ਦੀ ਛੁੱਟੀ ਸ਼ੁਰੂ ਹੋਈ ਸੀ। ਇਸ ਦੇ ਨਾਲ ਹੀ ਇਸ ਸਾਲ ਦੀ ਆਖਰੀ ਸਟਾਕ ਮਾਰਕੀਟ ਛੁੱਟੀ 8 ਨਵੰਬਰ 2022 ਨੂੰ ਗੁਰੂ ਨਾਨਕ ਜਯੰਤੀ ਮੌਕੇ ਹੋਵੇਗੀ।

ਅਗਸਤ-ਅਕਤੂਬਰ ਵਿੱਚ ਤਿੰਨ-ਤਿੰਨ ਛੁੱਟੀਆਂ

ਈਦ ਤੋਂ ਇਲਾਵਾ ਜੇਕਰ ਆਉਣ ਵਾਲੇ ਮਹੀਨਿਆਂ ਦੀਆਂ ਛੁੱਟੀਆਂ 'ਤੇ ਨਜ਼ਰ ਮਾਰੀਏ ਤਾਂ ਭਾਰਤੀ ਸ਼ੇਅਰ ਬਾਜ਼ਾਰ 'ਚ ਅਗਸਤ ਅਤੇ ਅਕਤੂਬਰ ਮਹੀਨੇ 'ਚ ਤਿੰਨ-ਤਿੰਨ ਛੁੱਟੀਆਂ ਹੋਣਗੀਆਂ। ਅਗਸਤ 2022 ਵਿੱਚ, ਮੁਹੱਰਮ, ਸੁਤੰਤਰਤਾ ਦਿਵਸ ਅਤੇ ਗਣੇਸ਼ ਚਤੁਰਥੀ ਦੇ ਤਿਉਹਾਰਾਂ ਲਈ 9, 15 ਅਤੇ 31 ਅਗਸਤ ਨੂੰ ਸ਼ੇਅਰ ਬਾਜ਼ਾਰ ਦੀਆਂ ਛੁੱਟੀਆਂ ਹੋਣਗੀਆਂ, ਜਦਕਿ ਇਸੇ ਤਰ੍ਹਾਂ ਅਕਤੂਬਰ  2022 ਦੇ ਮਹੀਨੇ ਵਿੱਚ  5, 24 ਅਤੇ 26 ਤਾਰੀਖ਼ ਨੂੰ ਕ੍ਰਮਵਾਰ ਦੁਸਹਿਰਾ, ਦੀਵਾਲੀ ਲਕਸ਼ਮੀ ਪੂਜਨ ਅਤੇ ਦੀਵਾਲੀ ਬਲੀਪ੍ਰਤਿਪਦਾ ਤਿਉਹਾਰਾਂ ਲਈ ਤਿੰਨ ਦਿਨਾਂ ਲਈ ਸਟਾਕ ਮਾਰਕੀਟ ਵਿੱਚ ਕੋਈ ਵਪਾਰ ਨਹੀਂ ਹੋਵੇਗਾ।

ਇਸ ਵਾਰ ਮੁਹੂਰਤ ਵਪਾਰ 24 ਅਕਤੂਬਰ ਨੂੰ ਹੋਵੇਗਾ

ਮੁਹੂਰਤ ਵਪਾਰ 24 ਅਕਤੂਬਰ 2022 (ਦੀਵਾਲੀ-ਲਕਸ਼ਮੀ ਪੂਜਨ) ਨੂੰ ਹੋਵੇਗਾ। ਇਸ ਤੋਂ ਬਾਅਦ ਨਵੰਬਰ 2022 ਵਿੱਚ, ਗੁਰੂ ਨਾਨਕ ਜਯੰਤੀ ਦੇ ਜਸ਼ਨ ਲਈ 8 ਨਵੰਬਰ ਨੂੰ ਸਿਰਫ ਇੱਕ ਹੀ ਸਟਾਕ ਮਾਰਕੀਟ ਛੁੱਟੀ ਰਹੇਗੀ। 

ਇਹ ਵੀ ਪੜ੍ਹੋ : SpiceJet ਦੀ ਮੁੰਬਈ-ਦੁਰਗਾਪੁਰ ਫਲਾਈਟ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਹੋਈ ਹਾਦਸੇ ਦਾ ਸ਼ਿਕਾਰ(Video)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur