ਕੇਰਲ ਦੇ ਡੁੱਬਦੇ ਕਾਜੂ ਉਦਯੋਗ ਨੂੰ ਤਿਰੂਪਤੀ ਬਾਲਾਜੀ ਦਾ ਸਹਾਰਾ, ਲੱਖਾਂ ਲੋਕਾਂ ਦੇ ਰੋਜ਼ਗਾਰ ’ਤੇ ਸੰਕਟ

09/23/2019 10:03:39 AM

ਤਿਰੁਵਨੰਤਪੁਰਮ — ਕੇਰਲ ਦਾ ਕਾਜੂ ਉਦਯੋਗ ਪਿਛਲੇ ਕੁੱਝ ਸਾਲਾਂ ਤੋਂ ਘਾਟੇ ’ਚ ਚੱਲ ਰਿਹਾ ਹੈ। ਪਿਛਲੇ 5 ਸਾਲਾਂ ’ਚ ਲਗਭਗ 800 ਛੋਟੀਆਂ ਕੰਪਨੀਆਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੇ ਕੰਢੇ ’ਤੇ ਹਨ। ਕੇਰਲ ’ਚ ਲਗਭਗ 3 ਲੱਖ ਲੋਕ ਕਾਜੂ ਦੀ ਖੇਤੀ ਜਾਂ ਪ੍ਰੋਸੈਸਿੰਗ ਨਾਲ ਜੁਡ਼ੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਹਨ। ਵੀਅਤਨਾਮ ’ਚ ਕਾਜੂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਬਦਲੀ ਨੀਤੀ ਨੇ ਇਨ੍ਹਾਂ ਲੋਕਾਂ ਲਈ ਵੱਡਾ ਸੰਕਟ ਖਡ਼੍ਹਾ ਕਰ ਦਿੱਤਾ ਹੈ। ਬੰਦ ਹੁੰਦੇ ਉਦਯੋਗਾਂ ਅਤੇ ਲਗਾਤਾਰ ਘੱਟ ਹੁੰਦੀ ਮੰਗ ਕਾਰਣ ਪੂਰੇ ਉਦਯੋਗ ’ਤੇ ਸੰਕਟ ਹੈ। ਹਾਲਾਂਕਿ ਇਸ ਸਾਲ ਸਰਕਾਰ ਨੇ ਛੋਟੇ ਉਦਯੋਗਾਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਕੁੱਝ ਯੋਜਨਾਵਾਂ ਦਾ ਐਲਾਨ ਕੀਤਾ ਹੈ।

ਕੇਰਲ ਸਟੇਟ ਕੈਸ਼ਿਊ ਡਿਵੈੱਲਪਮੈਂਟ ਕਾਰਪੋਰੇਸ਼ਨ (ਕੇ. ਐੱਸ. ਸੀ. ਡੀ. ਸੀ.) ਨੇ ਤਿਰੂਪਤੀ ਬਾਲਾਜੀ ਮੰਦਿਰ ਲਈ ਕਾਜੂ ਸਪਲਾਈ ਕਰਨ ਦੀ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ। ਕੇਰਲ ਸਰਕਾਰ ਨੇ ਕਾਰਪੋਰੇਸ਼ਨ ਦੇ ਜ਼ਰੀਏ ਆਂਧਰਾ ਸਰਕਾਰ ਨਾਲ ਸਮਝੌਤੇ ਦੀ ਤਿਆਰੀ ਵੀ ਕਰ ਲਈ ਹੈ। ਇਸ ਦੇ ਤਹਿਤ ਤਿਰੂਪਤੀ ਬਾਲਾਜੀ ’ਚ ਬਣਨ ਵਾਲੇ ਲੱਡੂ ਪ੍ਰਸ਼ਾਦਮ ਲਈ ਕੇਰਲ ਤੋਂ ਕਾਜੂ ਖਰੀਦਿਆ ਜਾਵੇਗਾ। ਯਾਨੀ ਹੁਣ ਡੁੱਬਦੇ ਕਾਜੂ ਉਦਯੋਗ ਨੂੰ ਤਿਰੂਪਤੀ ਬਾਲਾਜੀ ਦਾ ਹੀ ਸਹਾਰਾ ਹੈ।

ਤਿਰੂਪਤੀ ਬਾਲਾਜੀ ’ਚ ਰੋਜ਼ਾਨਾ ਵੱਡੀ ਮਾਤਰਾ ’ਚ ਲੱਡੂ ਪ੍ਰਸ਼ਾਦਮ ਬਣਦਾ ਹੈ। ਇਸ ’ਚ ਹਰ ਰੋਜ਼ ਲਗਭਗ 3000 ਕਿਲੋ ਯਾਨੀ 3 ਟਨ ਕਾਜੂ ਇਸਤੇਮਾਲ ਹੁੰਦਾ ਹੈ। ਮਹੀਨੇ ’ਚ ਲਗਭਗ 90 ਟਨ ਅਤੇ ਸਾਲ ’ਚ 1000 ਟਨ ਦੇ ਆਸ-ਪਾਸ ਕਾਜੂ ਦੀ ਖਪਤ ਹੈ। ਫਿਲਹਾਲ ਤਿਰੂਪਤੀ ਤਿਰੂਮਾਲਾ ਟਰੱਸਟ ਵੱਲੋਂ ਇਹ ਕਾਜੂ ਟੈਂਡਰਾਂ ਰਾਹੀਂ ਖਰੀਦਿਆ ਜਾਂਦਾ ਹੈ। ਕੁੱਝ ਹਫਤਿਆਂ ’ਚ ਕੇ. ਐੱਸ. ਸੀ. ਡੀ. ਸੀ. ਦੇ ਨਾਲ ਸਮਝੌਤਾ ਹੋ ਜਾਣ ਤੋਂ ਬਾਅਦ ਇਹ ਸਾਰਾ ਕਾਜੂ ਕੇਰਲ ਦੇ ਕਾਰਪੋਰੇਸ਼ਨ ਤੋਂ ਹੀ ਖਰੀਦਿਆ ਜਾਵੇਗਾ।

ਇਹ ਹੈ ਮੰਦੀ ਦਾ ਕਾਰਣ

ਵੀਅਤਨਾਮ ਵਰਗੇ ਦੇਸ਼ਾਂ ’ਚ ਕਾਜੂ ਉਤਪਾਦਨ ਨੂੰ ਲੈ ਕੇ ਹੋ ਰਿਹਾ ਕੰਮ ਦੇਸ਼ ਦੇ ਕਾਜੂ ਉਦਯੋਗ ’ਚ ਮੰਦੀ ਦਾ ਖਾਸ ਕਾਰਣ ਹੈ। ਵੀਅਤਨਾਮ ’ਚ ਉੱਚੀਆਂ ਕੀਮਤਾਂ ’ਚ ਕੱਚੇ ਕਾਜੂ ਖਰੀਦ ਕੇ ਉਸ ਨੂੰ ਪ੍ਰੋਸੈਸਿੰਗ ਤੋਂ ਬਾਅਦ ਸਸਤੇ ਭਾਅ ’ਚ ਵੇਚਿਆ ਜਾ ਰਿਹਾ ਹੈ। ਤੰਜਾਨੀਆ ਦਾ ਕਾਜੂ ਉਦਯੋਗ ਵੀ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ। ਇਸ ਕਾਰਣ ਕੇਰਲ ਦੇ ਕਾਜੂ ਉਤਪਾਦਨ ਅਤੇ ਖਪਤ ਦੋਵਾਂ ’ਚ ਹੀ ਤੇਜ਼ੀ ਨਾਲ ਗਿਰਾਵਟ ਆਈ ਹੈ। ਗਿਰਾਵਟ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 4-5 ਸਾਲਾਂ ’ਚ ਕਈ ਛੋਟੇ-ਛੋਟੇ ਉਦਯੋਗ ਇਸ ਮੰਦੀ ਦੀ ਮਾਰ ਕਾਰਣ ਬੰਦ ਹੋ ਚੁੱਕੇ ਹਨ। ਇਸ ਸਾਲ ਕੇਰਲ ਸਰਕਾਰ ਨੇ ਕੁੱਝ ਯੋਜਨਾਵਾਂ ਦਾ ਐਲਾਨ ਕਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਕੇਰਲ ਦੇ ਮੱਛੀ ਅਤੇ ਕਾਜੂ ਵਿਕਾਸ ਮੰਤਰੀ ਜੇ. ਮਰਸੀਕੁੱਟੀ ਅੰਮਾ ਇਸ ਪੂਰੇ ਮਾਮਲੇ ’ਚ ਸਰਕਾਰ ਦੀ ਅਗਵਾਈ ਕਰ ਰਹੇ ਹਨ।

ਕਾਜੂ ਦਾ ਉਤਪਾਦਨ ਘਟਿਆ

ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਮੁਕਾਬਲੇ ਕੇਰਲ ’ਚ ਕਾਜੂ ਉਤਪਾਦਨ ਘਟਿਆ ਹੈ। ਉਥੇ ਹੀ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਓਡਿਸ਼ਾ ਅਤੇ ਪੱਛਮੀ ਬੰਗਾਲ ’ਚ ਕਾਜੂ ਦਾ ਉਤਪਾਦਨ ਸਥਿਰ ਹੈ। ਰਿਪੋਰਟ ਮੁਤਾਬਕ ਦੁਨੀਆ ’ਚ ਹੋਣ ਵਾਲੇ ਕਾਜੂ ਦਾ 45 ਫ਼ੀਸਦੀ ਉਤਪਾਦਨ ਭਾਰਤ ’ਚ ਹੁੰਦਾ ਹੈ। ਭਾਰਤ ’ਚ ਲਗਭਗ 10 ਲੱਖ ਹੈਕਟੇਅਰ ਜ਼ਮੀਨ ’ਤੇ 9.98 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਹੁੰਦਾ ਹੈ।

ਅੰਤ੍ਰਿਮ ਆਡਿਟ ਰਿਪੋਰਟ ਮੁਤਾਬਕ ਹਰ ਮਹੀਨੇ 6 ਕਰੋਡ਼ ਦੇ ਲਗਭਗ ਨੁਕਸਾਨ ਹੋ ਰਿਹਾ ਹੈ। ਜੇਕਰ ਤਿਰੂਪਤੀ ਮੰਦਿਰ ਵੱਲੋਂ ਹਰ ਮਹੀਨੇ 90 ਟਨ ਸਪਲਾਈ ਦਾ ਕਾਂਟਰੈਕਟ ਮਿਲ ਜਾਂਦਾ ਹੈ ਤਾਂ ਇਹ ਸਮਝੌਤਾ ਕੇ. ਐੱਸ. ਸੀ. ਡੀ. ਸੀ. ਲਈ ਬਹੁਤ ਵੱਡੀ ਜਿੱਤ ਹੋਵੇਗਾ।