ਇਸ ਸਾਲ ਖੰਡ ਵੀ ਦਿਖਾ ਸਕਦੀ ਹੈ ਆਪਣੇ ਤੇਵਰ, ਵਧ ਸਕਦੇ ਹਨ ਭਾਅ

11/30/2019 1:51:45 PM

ਨਵੀਂ ਦਿੱਲੀ — ਪਿਆਜ਼, ਦਾਲਾਂ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਬਾਅਦ ਖੰਡ ਵੀ ਆਪਣੇ ਤੇਵਰ ਦਿਖਾਉਣ ਲਈ ਤਿਆਰ ਹੈ। ਇਸ ਸਾਲ ਮੰਡੀ 'ਚ ਖੰਡ ਦੀ ਆਮਦ ਘੱਟ ਹੋਣ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਇਸ ਦਾ ਕਾਰਨ ਖੰਡ ਦਾ ਉਤਪਾਦਨ ਘੱਟ ਹੋਣਾ ਵੀ ਦੱਸਿਆ ਜਾ ਰਿਹਾ ਹੈ। ਸਰਕਾਰ ਨੇ ਦੱਸਿਆ ਹੈ ਕਿ ਦੇਸ਼ 'ਚ ਖੰਡ ਦਾ ਉਤਪਾਦਨ ਇਸ ਸਾਲ ਲਗਭਗ 273 ਲੱਖ ਟਨ ਹੋਣ ਦਾ ਅਨੁਮਾਨ ਹੈ ਜਦੋਂਕਿ ਪਿਛਲੇ ਸਾਲ ਇਹ ਅੰਕੜਾ 332 ਲੱਖ ਟਨ ਦਾ ਸੀ।

ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਸੂਬਾ ਮੰਤਰੀ ਦਾਨਵੇ ਰਾਵਸਾਹਿਬ ਦਾਦਾਰਾਵ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤ ਉੱਤਰ 'ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 2018-19 ਦੌਰਾਨ ਦੇਸ਼ ਦੀਆਂ 416 ਮਿੱਲਾਂ ਨੇ 15 ਜਨਵਰੀ 2019 ਤੱਕ 107 ਕਰੋੜ ਟਨ ਖੰਡ ਦਾ ਉਤਪਾਦਨ ਕੀਤਾ ਹੈ। 2017-18 'ਚ ਇਸੇ ਮਿਆਦ 'ਚ 496 ਖੰਡ ਮਿੱਲਾਂ ਨੇ 118 ਕਰੋੜ ਟਨ ਖੰਡ ਦਾ ਉਤਪਾਦਨ ਕੀਤਾ ਸੀ। ਦਾਦਾਰਾਵ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ 2019-20 ਦੌਰਾਨ ਕੁਝ ਸੂਬਿਆਂ ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਅਤੇ ਕਰਨਾਟਕ 'ਚ ਖੰਡ ਮਿੱਲਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਹੀ ਖੰਡ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। 'ਪਰ ਦੇਸ਼ ਵਿਚ ਇਸ ਸਾਲ ਖੰਡ ਦਾ ਉਤਪਾਦਨ ਲਗਭਗ 273 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ ਜਦੋਂਕਿ ਪਿਛਲੇ ਸਾਲ ਇਹ ਉਤਪਾਦਨ ਕਰੀਬ 332 ਲੱਖ ਟਨ ਸੀ।

21 ਹਜ਼ਾਰ ਕਰੋੜ ਬਕਾਇਆ

ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਸੂਬਾ ਮੰਤਰੀ ਨੇ ਇਕ ਪ੍ਰਸ਼ਨ ਦੇ ਜਵਾਬ ਦੇ ਲਿਖਤ ਜਵਾਬ ਵਿਚ ਇਹ ਵੀ ਦੱਸਿਆ ਕਿ 31 ਦਸੰਬਰ 2018 ਦੀ ਸਥਿਤੀ ਅਨੁਸਾਰ ਖੰਡ ਮਿੱਲਾਂ ਦਾ ਗੰਨਾ ਮੁੱਲ ਬਕਾਇਆ 21,226.63 ਕਰੋੜ ਰੁਪਏ ਸੀ। ਇਨ੍ਹਾਂ 'ਚ ਪਿਛਲੇ ਮੌਸਮਾਂ ਦੀ 4,942.49 ਕਰੋੜ ਦੀ ਬਕਾਇਆ ਰਾਸ਼ੀ ਵੀ ਸ਼ਾਮਲ ਹੈ। 31 ਦਸੰਬਰ 2017 ਦੀ ਸਥਿਤੀ ਅਨੁਸਾਰ ਖੰਡ ਮਿੱਲਾਂ ਦਾ ਗੰਨਾ ਮੁੱਲ ਬਕਾਇਆ 12,415.02 ਕਰੋੜ ਰੁਪਏ ਸੀ। ਕਾਰੋਬਾਰੀ ਜਗਤ ਦੇ ਸਰੋਤਾਂ ਅਨੁਸਾਰ 22,000 ਟਨ ਕੱਚੀ ਖੰਡ ਦੀ ਸਪਲਾਈ ਲਈ ਇਕ ਮਿੱਲ ਅਤੇ ਚਾਈਨਾ ਆਇਲ ਐਂਡ ਫੂਡ ਕਾਰਪੋਰੇਸ਼ਨ ਵਿਚਕਾਰ ਕਰਾਰ ਹੋਇਆ ਹੈ।