ਖਤਮ ਹੋਣ ਜਾ ਰਿਹੈ Air India ਦਾ ਸੁਹਾਨਾ ਸਫਰ, ਜਾਣੋ ਅਰਸ਼ ਤੋਂ ਫਰਸ਼ ਤੱਕ ਦੀ ਕਹਾਣੀ

01/28/2020 12:27:55 PM

ਨਵੀਂ ਦਿੱਲੀ — ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਵੇਚਣ ਲਈ ਇਕ ਵਾਰ ਫਿਰ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਇਸ ਵਾਰ ਸਰਕਾਰ ਨੇ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਬਣੇ ਮੰਤਰੀ ਸਮੂਹ ਨੇ 7 ਜਨਵਰੀ ਨੂੰ ਇਸ ਸਰਕਾਰੀ ਹਵਾਈ ਕੰਪਨੀ ਦੇ ਨਿੱਜੀਕਰਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2018 'ਚ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਮੋਦੀ ਸਰਕਾਰ ਲੈ ਕੇ ਆਈ ਸੀ, ਪਰ ਇਸ ਡੀਲ ਲਈ ਕਿਸੇ ਕੰਪਨੀ ਨੇ ਖਾਸ ਦਿਲਚਸਪੀ ਨਹੀਂ ਦਿਖਾਈ ਸੀ।

ਯੋਗ ਬੋਲੀਦਾਤਿਆਂ ਨੂੰ ਜਾਣਕਾਰੀ 31 ਮਾਰਚ ਨੂੰ ਦਿੱਤੀ ਜਾਵੇਗੀ। ਸਰਕਾਰ ਨੇ ਬਿਡਿੰਗ ਦੇ ਦਸਤਾਵੇਜ਼ ਜਾਰੀ ਕਰ ਦਿੱਤੇ ਹਨ।। ਇਸ ਦੇ ਮੁਤਾਬਕ ਸਫਲ ਖਰੀਦਦਾਰ ਨੂੰ ਏਅਰ ਇੰਡੀਆ ਦਾ ਮੈਨੇਜਮੈਂਟ ਕੰਟਰੋਲ ਵੀ ਸੌਂਪ ਦਿੱਤਾ ਜਾਵੇਗਾ।

ਏਅਰਇੰਡੀਆ ਅਤੇ ਸਿੰਗਾਪੁਰ ਦਾ ਸਾਂਝਾ ਉੱਦਮ ਹੈ AISATS

ਨੀਲਾਮੀ ਪ੍ਰਕਿਰਿਆ ਦੇ ਦਸਤਾਵੇਜ਼ਾਂ ਮੁਤਾਬਕ ਏਅਰ ਇੰਡੀਆ ਐਕਸਪ੍ਰੈੱਸ ਦੇ ਵੀ 100 ਫ਼ੀਸਦੀ ਸ਼ੇਅਰ ਵੇਚੇ ਜਾਣਗੇ। ਇਹ ਏਅਰ ਇੰਡੀਆ ਦੀ ਸਬਸਿਡਰੀ ਹੈ ਜੋ ਸਸਤੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਜੁਆਇੰਟ ਵੈਂਚਰ ਏ. ਆਈ. ਐੱਸ. ਏ. ਟੀ. ਐੱਸ. ’ਚ ਵੀ ਪੂਰੀ 50 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ। ਏ. ਆਈ. ਐੱਸ. ਏ. ਟੀ. ਐੱਸ., ਏਅਰ ਇੰਡੀਆ ਅਤੇ ਐੱਸ. ਏ. ਟੀ. ਐੱਸ. ਲਿਮਟਿਡ ਦੇ ’ਚ 50-50 ਫ਼ੀਸਦੀ ਦੀ ਸਾਂਝੇਦਾਰੀ ਵਾਲਾ ਸਾਂਝਾ ਅਦਾਰਾ ਹੈ। ਏਅਰਪੋਰਟ ’ਤੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼, ਏਅਰ ਇੰਡੀਆ ਟਰਾਂਸਪੋਰਟ ਸਰਵਿਸਿਜ਼, ਏਅਰਲਾਈਨ ਅਲਾਇਡ ਸਰਵਿਸਿਜ਼ ਅਤੇ ਹੋਟਲ ਕਾਰਪੋਰੇਸ਼ਨ ਆਫ ਇੰਡੀਆ ਇਕ ਵੱਖਰੀ ਕੰਪਨੀ-ਏਅਰ ਇੰਡੀਆ ਏਸੈੱਟਸ ਹੋਲਡਿੰਗ ਲਿਮਟਿਡ (ਏ. ਆਈ. ਏ. ਐੱਚ. ਐੱਲ.) ਨੂੰ ਟਰਾਂਸਫਰ ਕੀਤੀਆਂ ਜਾਣਗੀਆਂ। ਇਹ ਵਿਕਰੀ ’ਚ ਸ਼ਾਮਲ ਨਹੀਂ ਹੋਣਗੀਆਂ।

Air India ਦੇ ਪਤਨ ਦੀ ਸ਼ੁਰੂਆਤ 

ਟਾਟਾ ਏਅਰਲਾਈਨਸ ਨੇ 1932 ’ਚ ਇਹ ਏਅਰਲਾਈਨ ਸ਼ੁਰੂ ਕੀਤੀ ਸੀ। 15 ਅਕਤੂਬਰ 1932 ਨੂੰ ਜੇ. ਆਰ. ਡੀ. ਟਾਟਾ ਨੇ ਕਰਾਚੀ ਤੋਂ ਮੁੰਬਈ ਦੀ ਫਲਾਈਟ ਖੁਦ ਉਡਾਈ ਸੀ। ਉਹ ਦੇਸ਼ ਦੇ ਪਹਿਲੇ ਲਾਇਸੈਂਸੀ ਪਾਇਲਟ ਸਨ। 1946 ’ਚ ਇਸ ਦਾ ਨਾਂ ਬਦਲ ਕੇ ਏਅਰ ਇੰਡੀਆ ਹੋਇਆ ਸੀ। ਆਜ਼ਾਦੀ ਤੋਂ ਬਾਅਦ 1953 ’ਚ ਇਸ ਦਾ ਨੈਸ਼ਨੇਲਾਈਜ਼ੇਸ਼ਨ ਹੋਇਆ। ਘਰੇਲੂ ਉਡਾਣਾਂ ਲਈ ਇੰਡੀਅਨ ਏਅਰਲਾਈਨਸ ਅਤੇ ਕੌਮਾਂਤਰੀ ਉਡਾਣਾਂ ਲਈ ਏਅਰ ਇੰਡੀਆ ਬਣਾਈਆਂ ਗਈਆਂ। ਦੋਵਾਂ ਕੰਪਨੀਆਂ ਦੇ ਸਾਂਝੇ ਉੱਦਮ ਦੇ ਤੌਰ ’ਤੇ ਵਾਯੂਦੂਤ ਕੰਪਨੀ ਸ਼ੁਰੂ ਹੋਈ ਜੋ ਰਿਜਨਲ ਫੀਡਰ ਕੁਨੈਕਟੀਵਿਟੀ ਦਿੰਦੀ ਸੀ। ਕਈ ਸਾਲਾਂ ਬਾਅਦ 1993 ’ਚ ਵਾਯੂਦੂਤ ਦਾ ਇੰਡੀਅਨ ਏਅਰਲਾਈਨਸ ’ਚ ਰਲੇਵਾਂ ਹੋ ਗਿਆ, ਜਿਸ ਨਾਲ ਪੂਰੇ ਗਰੁੱਪ ’ਤੇ ਕਰਜ਼ਾ ਵਧ ਗਿਆ।

ਅਧਿਕਾਰੀਆਂ ਅਨੁਸਾਰ ਪਾਕਿਸਤਾਨ ਵਲੋਂ ਹਵਾਈ ਰੂਟ ਬੰਦ ਕੀਤੇ ਜਾਣ ਦੇ ਬਾਅਦ ਏਅਰਲਾਈਨ ਨੂੰ ਹਰ ਦਿਨ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਣ ਲੱਗਾ। ਸਾਲ 2005 'ਚ ਏਅਰ ਇੰਡੀਆ ਨੇ ਕੁੱਲ 111 ਨਵੇਂ ਜਹਾਜ਼ ਖਰੀਦੇ, ਉਸ ਸਮੇਂ ਕੰਪਨੀ ਦੀ ਵਿੱਤੀ ਸਥਿਤੀ ਜ਼ਿਆਦਾ ਵਧੀਆ ਨਹੀਂ ਸੀ। ਇਸ ਡੀਲ ਕਾਰਨ ਕੰਪਨੀ 'ਤੇ 70 ਹਜ਼ਾਰ ਕਰੋੜ ਰੁਪਏ ਦਾ ਵੱਡਾ ਖਰਚ ਆਇਆ ਸੀ। ਇਸ ਤੋਂ ਇਲਾਵਾ ਏਅਰ ਇੰਡੀਆ ਦੇ ਪਲੇਨ ਨੂੰ ਘਾਟੇ ਨਾਲ ਵੇਚਿਆ ਗਿਆ। ਸਾਲ 2000 ਤੱਕ ਕੰਪਨੀ ਮੁਨਾਫੇ 'ਚ ਚਲਦੀ ਰਹੀ। 2001 'ਚ ਕੰਪਨੀ ਨੂੰ 57 ਕਰੋੜ ਦਾ ਘਾਟਾ ਹੋਇਆ ਸੀ। 2007 'ਚ ਕੇਂਦਰ ਸਰਕਾਰ ਨੇ ਏਅਰ ਇੰਡੀਆ 'ਚ ਇੰਡੀਅਨ ਏਅਰਲਾਈਂਸ ਦਾ ਰਲੇਵਾਂ ਕੀਤਾ ਸੀ। ਦੋਵਾਂ ਕੰਪਨੀਆਂ ਦਾ ਰਲੇਵੇਂ ਦੇ ਸਮੇਂ ਸਾਂਝਾ ਘਾਟਾ 770 ਕਰੋੜ ਰੁਪਏ ਸੀ ਜਿਹੜਾ ਕਿ ਬਾਅਦ ਵਿਚ ਵਧ ਕੇ 7,200 ਕਰੋੜ ਰੁਪਏ ਹੋ ਗਿਆ। ਏਅਰ ਇੰਡੀਆ ਨੇ ਆਪਣਾ ਘਾਟਾ ਪੂਰਾ ਕਰਨ ਲਈ ਆਪਣੇ ਤਿੰਨ ਏਅਰਬਸ 300 ਅਤੇ ਇਕ ਬੋਇੰਗ 747-300 ਨੂੰ 2009 'ਚ ਵੇਚ ਦਿੱਤਾ ਸੀ। ਮਾਰਚ 2011 'ਚ ਕੰਪਨੀ ਦਾ ਕਰਜ਼ਾ ਵਧ ਕੇ 42,600 ਕਰੋੜ ਰੁਪਏ ਅਤੇ ਸੰਚਾਲਨ ਘਾਟਾ 22000 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2018-19 ’ਚ ਏਅਰ ਇੰਡੀਆ ਨੂੰ 8,556 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਹੁਣ ਕੰਪਨੀ ’ਤੇ 80,000 ਕਰੋਡ਼ ਰੁਪਏ ਦਾ ਬਕਾਇਆ ਹੈ। ਇਸ ਤੋਂ ਇਲਾਵਾ ਉਸ ਦਾ ਘਾਟਾ ਵੀ ਹਜ਼ਾਰਾਂ ਕਰੋਡ਼ ਰੁਪਏ ਦਾ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹਾਲ ਹੀ ਦੇ ਦਿਨਾਂ ’ਚ ਕਈ ਫੈਸਲੇ ਲਏ ਹਨ। ਘਰੇਲੂ ਬਾਜ਼ਾਰ ’ਚ ਏਅਰ ਇੰਡੀਆ ਦਾ 12.7 ਫ਼ੀਸਦੀ ਹਿੱਸਾ ਹੈ। 2019 ’ਚ 18.36 ਮਿਲੀਅਨ ਪੈਸੰਜਰਸ ਨੇ ਏਅਰ ਇੰਡੀਆ ਨਾਲ ਉਡਾਣ ਭਰੀ ਸੀ। 

ਇਸ ਵਿੱਤੀ ਸਾਲ 'ਚ ਏਅਰ ਇੰਡੀਆ ਨੇ 9,000 ਕਰੋੜ ਦੇ ਕਰਜ਼ੇ ਦੇ ਭੁਗਤਾਨ ਲਈ ਸਰਕਾਰ ਕੋਲੋਂ ਮਦਦ ਵੀ ਮੰਗੀ। ਏਅਰ ਇੰਡੀਆ ਨੂੰ ਜ਼ਿਆਦਾ ਓਪਰੇਟਿੰਗ ਖਰਚਿਆਂ ਅਤੇ ਵਿਦੇਸ਼ੀ ਕਰੰਸੀ ਘਾਟੇ ਦੇ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਮੌਜੂਦਾ ਸਮੇਂ ਦੇਸ਼ ਦੀ ਸ਼ਾਨ ਰਹੀ ਏਅਰ ਇੰਡੀਆ ਆਪਣੇ ਨਿੱਜੀ ਖਰਚਿਆਂ 'ਚ ਸ਼ਾਮਲ ਤੇਲ ਕੰਪਨੀਆਂ ਨੂੰ ਈਂਧਣ ਦਾ ਬਕਾਇਆ ਤੱਕ ਨਹੀਂ ਦੇ ਪਾ ਰਹੀ ਹੈ।

ਕੰਪਨੀ ਦੇ ਕੁਲ 16,077 ਕਰਮਚਾਰੀ, ਸਥਾਈ ਕਰਮਚਾਰੀਆਂ ਲਈ 3 ਫ਼ੀਸਦੀ ਸ਼ੇਅਰ ਰਿਜ਼ਰਵ

ਸੂਤਰਾਂ ਮੁਤਾਬਕ 1 ਨਵੰਬਰ 2019 ਤੱਕ ਏਅਰ ਇੰਡੀਆ ਅਤੇ ਸਬਸਿਡਰੀ ਏਅਰ ਇੰਡੀਆ ਐਕਸਪ੍ਰੈੱਸ ਦੇ ਕੁਲ 16,077 ਕਰਮਚਾਰੀ ਸਨ। ਵਿਨਿਵੇਸ਼ ਤਹਿਤ ਏਅਰ ਇੰਡੀਆ ਦੇ ਸਥਾਈ ਕਰਮਚਾਰੀਆਂ ਨੂੰ 3 ਫ਼ੀਸਦੀ ਸ਼ੇਅਰ ਰਿਆਇਤੀ ਕੀਮਤਾਂ ’ਤੇ ਦਿੱਤੇ ਜਾਣਗੇ। ਇੰਪਲਾਈ ਸਟਾਕ ਆਪਸ਼ਨ ਪ੍ਰੋਗਰਾਮ ਤਹਿਤ 98 ਕਰੋਡ਼ ਸ਼ੇਅਰ ਰਿਜ਼ਰਵ ਰੱਖੇ ਜਾਣਗੇ। ਏਅਰ ਇੰਡੀਆ ਨੂੰ ਵੇਚਣ ਦੀ ਸਰਕਾਰ ਦੀ ਯੋਜਨਾ ’ਤੇ ਚਰਚਾ ਲਈ ਕਰਮਚਾਰੀ ਸੰਗਠਨ ਬੈਠਕ ਕਰਨਗੇ। ਏਅਰ ਇੰਡੀਆ ਦੇ ਕਰਮਚਾਰੀਆਂ ਦੇ ਲਗਭਗ 12 ਸੰਗਠਨ ਹਨ।

Air India ਲਈ ਬੋਲੀ ਲਗਾਉਣ ਦੇ ਨਿਯਮਾਂ 'ਚ ਬਦਲਾਅ, ਸ਼ਰਤਾਂ ਹੋਈਆਂ ਅਸਾਨ

ਕੋਈ ਵੀ ਪ੍ਰਾਈਵੇਟ, ਪਬਲਿਕ ਲਿਮਟਿਡ ਕੰਪਨੀ, ਕਾਰਪੋਰੇਟ ਬਾਡੀ ਜਾਂ ਫੰਡ ਜੋ ਭਾਰਤ ਜਾਂ ਭਾਰਤ ਤੋਂ ਬਾਹਰ ਰਜਿਸਟਰਡ ਹੋਣ, ਭਾਰਤੀ ਕਾਨੂੰਨ ਮੁਤਾਬਕ ਏਅਰ ਇੰਡੀਆ ਲਈ ਬੋਲੀ ਲਾ ਸਕਣਗੇ। ਨਿਯਮਾਂ ਮੁਤਾਬਕ ਵਿਦੇਸ਼ੀ ਏਅਰਲਾਈਨ ਜਾਂ ਨਿਵੇਸ਼ਕਾਂ ਦੀ ਭਾਰਤੀ ਏਅਰਲਾਈਨ ’ਚ 49 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਨਹੀਂ ਹੋ ਸਕਦੀ ਯਾਨੀ ਏਅਰ ਇੰਡੀਆ ਦਾ ਕੰਟਰੋਲ ਭਾਰਤੀ ਨਿਵੇਸ਼ਕ ਦੇ ਕੋਲ ਹੀ ਰਹੇਗਾ। ਨਿੱਜੀ ਤੌਰ ’ਤੇ ਜਾਂ ਫਿਰ ਕੰਸੋਰਟੀਅਮ ਦੇ ਜ਼ਰੀਏ ਬੋਲੀ ਲਾਈ ਜਾ ਸਕੇਗੀ। ਬਿਡਿੰਗ ਲਈ ਨੈੱਟਵਰਥ ਦੀ ਸ਼ਰਤ 5,000 ਕਰੋਡ਼ ਰੁਪਏ ਰੱਖੀ ਗਈ ਸੀ ਪਰ ਬਾਅਦ ’ਚ ਇਸ ਨੂੰ ਘਟਾ ਕੇ 3,500 ਕਰੋਡ਼ ਰੁਪਏ ਕਰ ਦਿੱਤਾ ਗਿਆ ਹੈ।

ਪੀ.ਆਈ.ਐਮ. ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਕੋਈ ਕੰਪਨੀ ਆਪਣੀ 'ਪੇਰੈਂਟ ਕੰਪਨੀ ਦੀ ਤਾਕਤ' ਦੇ ਅਧਾਰ 'ਤੇ ਵੀ ਬੋਲੀ ਲਗਾ ਸਕਦੀ ਹੈ। ਪਹਿਲਾਂ ਇਸ ਲਈ ਕੋਈ ਵਿਵਸਥਾ ਨਹੀਂ ਸੀ। ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਦੇ ਤਹਿਤ ਕੋਈ ਸਮੂਹ ਵੀ ਬੋਲੀ ਲਗਾ ਸਕਦਾ ਹੈ। ਸਮੂਹ ਦੇ ਹਰੇਕ ਭਾਈਵਾਲ ਦੀ ਹਿੱਸੇਦਾਰੀ ਘੱਟੋ ਘੱਟ 10 ਫੀਸਦੀ ਅਤੇ ਕੁੱਲ 3500 ਕਰੋੜ ਰੁਪਏ ਦੀ ਨੈੱਟਵਰਥ ਦੇ 10 ਫੀਸਦੀ ਦੇ ਬਰਾਬਰ ਹੋਣੀ ਚਾਹੀਦੀ ਹੈ। ਸਮੂਹ ਦੀ ਅਗਵਾਈ ਕਰਨ ਵਾਲੇ ਮੈਂਬਰ ਦੀ ਵੀ ਹਿੱਸੇਦਾਰੀ ਘੱਟੋ ਘੱਟ 26 ਫੀਸਦੀ ਹੋਣੀ ਚਾਹੀਦੀ ਹੈ। ਵਿਅਕਤੀਗਤ ਨਿਵੇਸ਼ਕ ਸਮੂਹ ਦਾ ਹਿੱਸਾ ਬਣ ਕੇ ਨਿਵੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਘਰੇਲੂ ਏਅਰ ਲਾਈਨ ਕੰਪਨੀ ਬੋਲੀ ਲਗਾਉਂਦੀ ਹੈ, ਤਾਂ ਉਹ ਬਿਨਾਂ ਨੈੱਟਵਰਥ ਦੇ 51 ਫੀਸਦੀ ਤੱਕ ਹਿੱਸੇਦਾਰੀ ਰੱਖ ਸਕਦੀ ਹੈ ਜਦੋਂਕਿ ਸਹਿਯੋਗੀ ਕੰਪਨੀ ਨੂੰ 3,500 ਕਰੋੜ ਰੁਪਏ ਦੀ ਨੈੱਟਵਰਥ ਦੀ ਯੋਗਤਾ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਸਾਲ 2018 ਵਿਚ ਸਰਕਾਰ ਨੇ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਵੇਚਣ ਅਤੇ ਪ੍ਰਬੰਧਕੀ ਨਿਯੰਤਰਣ ਨੂੰ ਨਿੱਜੀ ਖੇਤਰ ਦੇ ਹਵਾਲੇ ਕਰਨ ਲਈ ਟੈਂਡਰ ਜਾਰੀ ਕੀਤਾ ਸੀ।

 


Related News