ਬਾਜ਼ਾਰ ’ਚ ਵਿਦੇਸ਼ੀ ਸਬਜ਼ੀਆਂ ਦੀ ਭਰਮਾਰ, ਕਿਸਾਨ ਹੋ ਰਹੇ ਮਾਲਾਮਾਲ

10/11/2019 10:28:33 AM

ਨਵੀਂ ਦਿੱਲੀ — ਇਸ ਸਾਲ ਲੰਮੇ ਸਮੇਂ ਤੱਕ ਮਾਨਸੂਨ ਦੇ ਸਰਗਰਮ ਰਹਿਣ ਦੇ ਬਾਵਜੂਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬਾਹਰੀ ਇਲਾਕਿਆਂ ਦੇ ਕਿਸਾਨ ਪੌਸ਼ਕ ਤੱਤਾਂ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਵਿਦੇਸ਼ੀ ਸਬਜ਼ੀਆਂ ਦੀ ਫਸਲ ਸਮੇਂ ਤੋਂ ਪਹਿਲਾਂ ਲੈ ਕੇ ਭਾਰੀ ਆਰਥਿਕ ਲਾਭ ਕਮਾ ਰਹੇ ਹਨ।

ਕੇਂਦਰੀ ਸਬਟ੍ਰੋਪੀਕਲ ਬਾਗਬਾਨੀ ਸੰਸਥਾ ਲਖਨਊ ਦੇ ਨਿਰਦੇਸ਼ਕ ਸ਼ੈਲੇਂਦਰ ਰਾਜਨ ਅਨੁਸਾਰ ਰਵਾਇਤੀ ਸਬਜ਼ੀਆਂ ਨੂੰ ਮਹੀਨਿਆਂ ਤੱਕ ਖਾ ਕੇ ਅੱਕ ਚੁੱਕੇ ਲੋਕਾਂ ’ਚ ਵਿਦੇਸ਼ੀ ਸਬਜ਼ੀਆਂ ਬ੍ਰੋਕਲੀ, ਲਾਲ ਪੱਤਾਗੋਭੀ, ਪੋਕਚਾਈ ਅਤੇ ਲਿਟਸ ਨੂੰ ਲੈ ਕੇ ਚੰਗੀ ਖਿੱਚ ਹੈ। ਆਮ ਤੌਰ ’ਤੇ ਕਿਸਾਨਾਂ ਨੂੰ ਸਤੰਬਰ ’ਚ ਨਰਸਰੀ ’ਚ ਅਜਿਹੀਆਂ ਸਬਜ਼ੀਆਂ ਦੇ ਬੂਟੇ ਤਿਆਰ ਕਰਨ ਅਤੇ ਉਨ੍ਹਾਂ ਨੂੰ ਖੇਤਾਂ ’ਚ ਲਾਉਣ ਦਾ ਸਮਾਂ ਮਿਲ ਜਾਂਦਾ ਹੈ। ਸੰਸਥਾ ਦੇ ਵਿਗਿਆਨੀ ਅਸ਼ੋਕ ਕੁਮਾਰ ਅਤੇ ਐੱਸ. ਆਰ. ਸਿੰਘ ਨੇ ਨਰਸਰੀ ’ਚ ਛੇਤੀ ਪੌਦਾ ਉਗਾਉਣ ਦੀ ਤਕਨੀਕ ਦੀ ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਬਹੁਤ ਘੱਟ ਮੁੱਲ ਦੇ ਟਨਲ ’ਚ ਨਰਸਰੀ ਬਣਾ ਕੇ ਬੂਟਿਆਂ ਨੂੰ ਉਗਾਉਣ ਅਤੇ ਕੋਮਲ ਬੂਟਿਆਂ ਨੂੰ ਬਚਾਉਣ ਦੀ ਤਕਨੀਕ ਦੀ ਸਿਖਲਾਈ ਦਿੱਤੀ ਹੈ। ਕੁੱਝ ਪਿੰਡਾਂ ’ਚ ਇਸ ਤਕਨੀਕ ਦਾ ਵਪਾਰੀਕਰਨ ਵੀ ਹੋਇਆ ਹੈ। ਇਸ ਦੇ ਤਹਿਤ ਵਾਂਸ ਅਤੇ ਪਲਾਸਟਿਕ ਦੀ ਫਿਲਮ ਨਾਲ ਟਨਲ ਬਣਾਇਆ ਜਾਂਦਾ ਹੈ। ਬਾਰਿਸ਼ਾਂ ਦੌਰਾਨ ਖੁੱਲ੍ਹੇ ਖੇਤ ’ਚ ਪੌਦਾ ਤਿਆਰ ਕਰਨਾ ਬਹੁਤ ਮੁਸ਼ਕਿਲ ਹੈ। ਬਹੁਤ ਸਾਰੇ ਕਿਸਾਨਾਂ ਨੇ ਬ੍ਰੋਕਲੀ, ਲਾਲ ਪੱਤਾਗੋਭੀ, ਪੋਕਚਾਈ ਅਤੇ ਲਿਟਸ ਦੀ ਵਪਾਰਕ ਖੇਤੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਇਨ੍ਹਾਂ ਨਵੀਆਂ ਸਬਜ਼ੀਆਂ ਦਾ ਬਾਜ਼ਾਰ ਬਣਾਉਣ ’ਚ ਵੀ ਕਾਮਯਾਬ ਰਹੇ ਹਨ।

ਇਸ ਖੇਤਰ ’ਚ ਬਹੁਰਾਸ਼ਟਰੀ ਕੰਪਨੀਆਂ ਦਾ ਬੋਲਬਾਲਾ ਹੈ, ਜਿਸ ਕਾਰਣ ਇਨ੍ਹਾਂ ਸਬਜ਼ੀਆਂ ਦੇ ਬੀਜ ਕਾਫ਼ੀ ਮਹਿੰਗੇ ਹਨ। ਆਮ ਤੌਰ ’ਤੇ ਵਿਦੇਸ਼ੀ ਸਬਜ਼ੀਆਂ ਨੂੰ ਅਕਤੂਬਰ ’ਚ ਉਪਲੱਬਧ ਕਰਵਾਇਆ ਜਾ ਸਕਦਾ ਹੈ ਪਰ ਇਸ ਵਾਰ ਭਾਰੀ ਮੀਂਹ ਅਤੇ ਮਾਨਸੂਨ ਦੇ ਲੰਮੇ ਸਮੇਂ ਤੱਕ ਸਰਗਰਮ ਰਹਿਣ ਕਾਰਣ ਕਿਸਾਨ ਸਬਜ਼ੀਆਂ ਦੇ ਬੂਟੇ ਸਮੇਂ ’ਤੇ ਨਹੀਂ ਲਾ ਸਕੇ। ਕੁੱਝ ਮਾਮਲਿਆਂ ’ਚ ਕਿਸਾਨ ਨਰਸਰੀਆਂ ’ਚ ਪੌਦਾ ਵੀ ਨਹੀਂ ਲਾ ਸਕੇ। ਕੁੱਝ ਥਾਵਾਂ ’ਤੇ ਕਿਸਾਨ ਖੁੱਲ੍ਹੀਆਂ ਥਾਵਾਂ ’ਚ ਨਰਸਰੀ ਬਣਾਉਂਦੇ ਹਨ। ਉਹ ਵਾਰ-ਵਾਰ ਮੀਂਹ ਕਾਰਣ ਅਜਿਹਾ ਨਹੀਂ ਕਰ ਸਕੇ ਪਰ ਇਨੋਵੇਟਿਵ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਕਿਸਾਨ ਪੌਦਾ ਤਿਆਰ ਕਰਨ ਦੇ ਨਾਲ ਹੀ ਉਸ ਨੂੰ ਜਲਦੀ ਖੇਤਾਂ ’ਚ ਲਾਉਣ ’ਚ ਸਫਲ ਰਹੇ।

ਗਰਮੀ ਦੇ ਮੌਸਮ ਦੌਰਾਨ ਛੇਤੀ ਸਬਜ਼ੀ ਉਗਾਉਣ ਲਈ ਇਸ ਢਾਂਚੇ ’ਚ ਮਾਮੂਲੀ ਬਦਲਾਅ ਕੀਤਾ ਜਾਂਦਾ ਹੈ। ਕੜਾਕੇ ਦੀ ਠੰਡ ਦੌਰਾਨ ਉੱਤਰ ਭਾਰਤ ’ਚ ਬੀਜ ਫੁੱਟਣ ਕਾਫ਼ੀ ਮੁਸ਼ਕਿਲ ਹੁੰਦੀ ਹੈ। ਜਦੋਂ ਤਾਪਮਾਨ ’ਚ ਵਾਧਾ ਹੁੰਦਾ ਹੈ ਅਤੇ ਮੌਸਮ ਅਨੁਕੂਲ ਹੁੰਦਾ ਹੈ, ਉਦੋਂ ਬੀਜ ਫੁੱਟ ਜਾਂਦਾ ਹੈ। ਘੱਟ ਕੀਮਤ ਵਾਲੇ ਟਨਲ ਨੂੰ ਫਾਰਮਰਸ ਫਰਸਟ ਅਤੇ ਸ਼ਡਿਊਲ ਕਾਸਟ ਸਬ ਪਲਾਨ ਤਹਿਤ ਪਿੰਡਾਂ ’ਚ ਉਤਸ਼ਾਹ ਦਿੱਤਾ ਜਾ ਰਿਹਾ ਹੈ।

ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਮੇਂ ਤੋਂ ਪਹਿਲਾਂ ਬਾਜ਼ਾਰ ’ਚ ਸਬਜ਼ੀਆਂ ਦੇ ਆਉਣ ਨਾਲ ਉਨ੍ਹਾਂ ਦਾ ਬਿਹਤਰ ਮੁੱਲ ਮਿਲ ਸਕਦਾ ਹੈ। ਬਾਅਦ ’ਚ ਜ਼ਿਆਦਾ ਮਾਤਰਾ ’ਚ ਇਹ ਸਬਜ਼ੀਆਂ ਬਾਜ਼ਾਰ ’ਚ ਆ ਜਾਂਦੀਆਂ ਹਨ, ਜਿਸ ਕਾਰਣ ਮੁਕਾਬਲੇਬਾਜ਼ੀ ਵਧ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੀਆ ਭਾਅ ਨਹੀਂ ਮਿਲਦਾ ਹੈ। ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ ਨੂੰ ਛੇਤੀ ਪੌਦਾ ਤਿਆਰ ਕਰਨ ਦੀ ਜਾਣਕਾਰੀ ਵੀ ਹੁੰਦੀ ਹੈ। ਸੀਮਤ ਸਰੋਤਾਂ ’ਚ ਉੱਚੀ ਕਮਾਈ ਕਾਰਣ ਇਹ ਤਕਨੀਕ ਕਿਸਾਨਾਂ ’ਚ ਹਰਮਨਪਿਆਰੀ ਹੋ ਰਹੀ ਹੈ। ਪੌਸ਼ਕ ਤੱਤਾਂ ਅਤੇ ਔਸ਼ਧੀ ਗੁਣਾਂ ਕਾਰਣ ਭਵਿੱਖ ’ਚ ਬਾਜ਼ਾਰ ’ਚ ਇਨ੍ਹਾਂ ਦੀ ਚੋਖੀ ਮੰਗ ਹੋਣ ਦੀ ਸੰਭਾਵਨਾ ਹੈ।