ਦੂਜੀ ਤਿਮਾਹੀ ’ਚ ਪੈਟਰੋਲੀਅਮ ਕੰਪਨੀਆਂ ਨੂੰ 21,270 ਕਰੋੜ ਰੁਪਏ ਦਾ ਘਾਟਾ ਹੋਣ ਦਾ ਖਦਸ਼ਾ

10/10/2022 12:05:09 PM

ਨਵੀਂ ਦਿੱਲੀ - ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ- ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੂੰ ਜੁਲਾਈ-ਸਤੰਬਰ ਤਿਮਾਹੀ ’ਚ ਪੂਰਨ ਰੂਪ ਨਾਲ 21,270 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ। ਇਹ ਸੰਭਵਤ ਪਹਿਲਾ ਮੌਕਾ ਹੋਵੇਗਾ ਜਦੋਂ ਇਨ੍ਹਾਂ ਕੰਪਨੀਆਂ ਨੂੰ ਲਗਾਤਾਰ ਦੂਜੀ ਤਿਮਾਹੀ ’ਚ ਘਾਟਾ ਹੋਵੇਗਾ।

ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ’ਚ ਵੀ ਸਮੂਹਿਕ ਰੂਪ ਨਾਲ 18,480 ਕਰੋੜ ਰੁਪਏ ਦਾ ਘਾਟਾ ਉਠਾਉਣਾ ਪਿਆ ਸੀ। ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਨੇ ਪੈਟਰੋਲੀਅਮ ਖੇਤਰ ਦੇ ਬਾਰੇ ’ਚ ਜਾਰੀ ਇਕ ਮੁਲਾਂਕਣ ਰਿਪੋਰਟ ’ਚ ਕਿਹਾ ਹੈ ਕਿ ਤਿੰਨਾਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੂਜੀ ਤਿਮਾਹੀ ’ਚ ਵੀ ਕਮਜ਼ੋਰ ਮਾਰਕੀਟਿੰਗ ਘਾਟੇ ਦੀ ਸਥਿਤੀ ’ਚ ਫਸੀਆਂ ਰਹੀਆਂ ਅਤੇ ਰਿਫਾਈਨਿੰਗ ਮਾਰਜਨ ’ਚ ਵੀ ਭਰਪੂਰ ਸੁਧਾਰ ਨਹੀਂ ਦੇਖਿਆ ਗਿਆ। ਉਤਪਾਦਨ ਦੀ ਲਾਗਤ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾ ਵਧਾਉਣ ਨਾਲ ਤੇਲ ਕੰਪਨੀਆਂ ਨੂੰ ਘਾਟਾ ਹੋਣ ਦੇ ਆਸਾਰ ਹਨ। ਇਨ੍ਹਾਂ ਪੈਟਰੋਲੀਅਮ ਕੰਪਨੀਆਂ ਨੇ ਅਜੇ ਤੱਕ ਜੁਲਾਈ-ਸਤੰਬਰ ਤਿਮਾਹੀ ਦੇ ਆਪਣੇ ਵਿੱਤੀ ਅੰਕੜੇ ਜਾਰੀ ਨਹੀਂ ਕੀਤੇ ਹਨ। ਇਸ ਮਹੀਨੇ ਦੇ ਅੰਤ ਤੱਕ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਤਿੰਨੇ ਕੰਪਨੀਆਂ ਦੇ ਨਤੀਜੇ ਆਉਣ ਦੀ ਸੰਭਾਵਨਾ ਹੈ।

ਦੂਜੀ ਤਿਮਾਰੀ ’ਚ ਹੋਰ ਵਿਗੜ ਸਕਦੀ ਹੈ ਸਥਿਤੀ

ਬ੍ਰੋਕਰੇਜ ਫਰਮ ਨੇ ਕਿਹਾ,‘‘ਦੂਜੀ ਤਿਮਾਹੀ ’ਚ ਇਹ ਸਥਿਤੀ ਹੋਰ ਵਿਗੜ ਸਕਦੀ ਹੈ। ਕੁਲ ਰਿਫਾਈਨਿੰਗ ਮਾਰਜਨ (ਜੀ. ਆਰ. ਐੱਮ.) ਘੱਟਣ ਨਾਲ ਦੂਜੀ ਤਿਮਾਹੀ ’ਚ ਕੰਪਨੀਆਂ ਦਾ ਪ੍ਰਚੂਨ ਵਿਕਰੀ ਘਾਟਾ 9.8 ਰੁਪਏ ਪ੍ਰਤੀ ਬੈਰਲ ’ਤੇ ਆ ਸਕਦਾ ਹੈ, ਜਦੋਂਕਿ ਪਹਿਲੀ ਤਿਮਾਹੀ ’ਚ ਇਹ 14.4 ਰੁਪਏ ਪ੍ਰਤੀ ਬੈਰਲ ਰਿਹਾ ਸੀ।’’

ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਨੇ ਕਿਹਾ ਕਿ ਕੁੱਲ ਮਿਲਾ ਕੇ ਤਿੰਨੇ ਪੈਟਰੋਲੀਅਮ ਕੰਪਨੀਆਂ ਦੂਜੀ ਤਿਮਾਹੀ ’ਚ ਆਪਣੀ ਵਿਆਜ, ਟੈਕਸ, ਡੈਪਰੀਸੀਏਸ਼ਨ ਅਤੇ ਸੋਧ ਤੋਂ ਪਹਿਲਾਂ ਆਮਦਨ (ਏਬਿਟਾ ਆਮਦਨ) ’ਚ 14,700 ਕਰੋੜ ਰੁਪਏ ਦੀ ਕਮੀ ਅਤੇ 21,270 ਕਰੋੜ ਰੁਪਏ ਦੇ ਸ਼ੁੱਧ ਘਾਟੇ ’ਚ ਰਹਿ ਸਕਦੀ ਹੈ। ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨੇ ਰਸੋਈ ਗੈਸ ਦੇ ਰੂਪ ’ਚ ਇਸਤੇਮਾਲ ਹੋਣ ਵਾਲੀ ਐੱਲ. ਪੀ. ਜੀ. ਦੀ ਕੀਮਤ ਵੀ ਆਪਣੀ ਉਤਪਾਦਨ ਲਾਗਤ ਅਨੁਸਾਰ ਨਹੀਂ ਵਧਾਈ ਹੈ।

Harinder Kaur

This news is Content Editor Harinder Kaur