''2008 ਦੇ ਵਿੱਤੀ ਸੰਕਟ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਖਰਾਬ ਕਾਰੋਬਾਰੀ ਹਾਲਾਤ''

10/07/2019 10:41:45 AM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਰਵੇ ਮੁਤਾਬਕ ਹਾਲ ਹੀ ’ਚ ਖਤਮ ਸਤੰਬਰ ਤਿਮਾਹੀ ’ਚ ਵਪਾਰਕ ਮਾਹੌਲ ਸਾਲ 2008 ਦੇ ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਜ਼ਿਆਦਾ ਖਰਾਬ ਸੀ। ਸਰਵੇ ਮੌਜੂਦਾ ਮੰਦੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵਿਨਿਰਮਾਣ ਖੇਤਰ ਨਾਲ ਜੁਡ਼ੀਆਂ ਕੰਪਨੀਆਂ ਦੀ ਆਰਡਰ ਬੁਕਿੰਗ ’ਚ ਵੀ 23 ਫੀਸਦੀ ਦੀ ਕਮੀ ਆਈ ਅਤੇ ਇਹ 2008 ਦੇ ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਜ਼ਿਆਦਾ ਗਿਰਾਵਟ ਹੈ। ਇਸ ਤਿਮਾਹੀ ’ਚ ਆਰਥਿਕ ਵਿਕਾਸ 5 ਫੀਸਦੀ ’ਤੇ ਪਹੁੰਚ ਗਿਆ, ਜੋ ਪਿਛਲੇ 6 ਸਾਲਾਂ ’ਚ ਸਭ ਤੋਂ ਹੇਠਲਾ ਪੱਧਰ ਹੈ। ਇਸ ਦੌਰਾਨ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੇ ਜੀ. ਡੀ. ਪੀ. ਵਾਧੇ ਦਾ ਅਨੁਮਾਨ ਘਟਾ ਕੇ 6.1 ਫੀਸਦੀ ਕਰ ਦਿੱਤਾ ਹੈ, ਜਦੋਂਕਿ ਆਰ. ਬੀ. ਆਈ. ਦਾ ਪਿੱਛਲਾ ਅਨੁਮਾਨ 6.9 ਫੀਸਦੀ ਸੀ। ਇਸ ਤਿਮਾਹੀ ’ਚ ਕਪੈਸਿਟੀ ਯੂਟੀਲਾਈਜ਼ੇਸ਼ਨ 73.6 ਫੀਸਦੀ ’ਤੇ ਆ ਗਈ, ਜੋ ਪਿੱਛਲੀ ਤਿਮਾਹੀ ’ਚ 76.1 ਫੀਸਦੀ ਸੀ। ਇੰਡਸਟ੍ਰੀਅਲ ਆਊਟਲੁਕ ਮੁਤਾਬਕ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ’ਚ ਉਤਪਾਦਨ ਅਤੇ ਰੋਜ਼ਗਾਰ ’ਚ ਮੰਦੀ ਸੀ।

ਆਰਥਿਕ ਨਰਮੀ ਨੂੰ ਲੈ ਕੇ ਵਿਅਕਤ ਕੀਤੀਆਂ ਜਾ ਰਹੀਆਂ ਚਿੰਤਾਵਾਂ ਨੂੰ ਕੇਂਦਰੀ ਮੰਤਰੀ ਨੇ ਕੀਤਾ ਖਾਰਜ

ਹਾਲਾਂਕਿ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਆਰਥਿਕ ਨਰਮੀ ਨੂੰ ਲੈ ਕੇ ਵਿਅਕਤ ਕੀਤੀਆਂ ਜਾ ਰਹੀਆਂ ਚਿੰਤਾਵਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਾਧਾ ਕਰ ਰਹੀ ਵੱਡੀ ਅਰਥਵਿਵਸਥਾ ਹੈ ਅਤੇ ਵਾਧੇ ’ਚ ਇਸ ਸਮੇਂ ਦਿਸ ਰਹੀ ਗਿਰਾਵਟ ਕੌਮਾਂਤਰੀ ਆਰਥਿਕ ਨਰਮੀ ਨਾਲ ਪ੍ਰਭਾਵਿਤ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਦਫਤਰ ’ਚ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ ਅਤੇ ਇਸ ਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਅਰਥਵਿਵਸਥਾ ’ਤੇ ਬਾਹਰੀ ਪ੍ਰਭਾਵਾਂ ਦੇ ਅਸਰ ਨਾਲ ਨਿੱਬੜਨ ਲਈ ਕੰਮ ਕਰ ਰਹੀ ਹੈ।

ਸਰਕਾਰ ਨੇ ਵਪਾਰ ਅਤੇ ਰੋਜ਼ਗਾਰ ਨੂੰ ਵਧਾਉਣ ਲਈ ਕੀਤੇ 110 ਫੈਸਲੇ

ਜਾਵਡੇਕਰ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਰੇਪੋ ਦਰ ’ਚ ਲਗਾਤਾਰ 5ਵੀਂ ਵਾਰ ਕਟੌਤੀ ਕੀਤੀ ਹੈ। ਇਸ ਨਾਲ ਬੈਂਕਾਂ ਦਾ ਕਰਜ਼ਾ ਸਸਤਾ ਹੋਵੇਗਾ। ਇਹ ਵਪਾਰ ਅਤੇ ਉਦਯੋਗ ਜਗਤ ਨੂੰ ਫਾਇਦਾ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਇਹ 24 ਘੰਟੇ ਕੰਮ ਕਰਨ ਵਾਲੀ ਸਰਕਾਰ ਹੈ। ਸਰਕਾਰ ਨੇ ਪਿਛਲੇ 4 ਮਹੀਨਿਆਂ ’ਚ ਵਪਾਰ ਅਤੇ ਰੋਜ਼ਗਾਰ ਨੂੰ ਵਧਾਉਣ ਅਤੇ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ 110 ਫੈਸਲੇ ਲਏ। ਜਾਵਡੇਕਰ ਨੇ ਕਿਹਾ ਕਿ ਇਸ ਸਮੇਂ ਨਿਵੇਸ਼ ਸਭ ਤੋਂ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਚੀਨ ਅਜੇ ਆਰਥਿਕ ਨਰਮੀ ’ਚੋਂ ਲੰਘ ਰਿਹਾ ਹੈ। ਕਈ ਕੰਪਨੀਆਂ ਚੀਨ ਤੋਂ ਨਿਕਲਣਾ ਚਾਅ ਰਹੀਆਂ ਹਨ। ਸਾਨੂੰ ਅਜੇ ਨਿਵੇਸ਼ ਦੀ ਲੋੜ ਹੈ ਅਤੇ ਕਈ ਕੰਪਨੀਆਂ ਇੱਥੇ ਆ ਰਹੀਆਂ ਹਨ।