ਸਮੂਦਨਿੰਗ ਤੋਂ ਬਾਅਦ ਝੜਨ ਲੱਗੇ ਔਰਤ ਦੇ ਵਾਲ, ਹੁਣ ਸੈਲੂਨ ਦੇਵੇਗਾ ਮੁਆਵਜ਼ਾ

03/23/2018 11:01:52 PM

ਨਵੀਂ ਦਿੱਲੀ  (ਇੰਟ.)-ਬੇਂਗਲੁਰੂ ਦੇ ਇਕ ਸੈਲੂਨ ਨੂੰ ਇਕ ਔਰਤ ਨੂੰ ਮੁਆਵਜ਼ਾ ਦੇਣਾ ਪਿਆ ਕਿਉਂਕਿ ਉਸ ਦੇ ਸਾਰੇ ਵਾਲ ਝੜ ਗਏ ਸਨ। ਉਸ ਔਰਤ ਨੇ ਸੈਲੂਨ 'ਚ ਆਪਣੇ ਵਾਲਾਂ ਦੀ ਸਮੂਦਨਿੰਗ ਕਰਵਾਈ ਸੀ, ਜਿਸ ਕਾਰਨ ਉਸ ਦੇ ਵਾਲ ਝੜਨ ਲੱਗੇ। ਫੋਰਮ ਨੇ ਸੈਲੂਨ ਨੂੰ ਔਰਤ ਨੂੰ 31000 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। 
ਕੀ ਹੈ ਮਾਮਲਾ
ਬੇਂਗਲੂਰੂ ਦੀ ਰਹਿਣ ਵਾਲੀ ਨਿਸ਼ਾ ਬਟਾਵਿਆ ਨੇ ਅਕਤੂਬਰ 2016 'ਚ ਇਕ ਸੈਲੂਨ ਤੋਂ ਸਮੂਦਨਿੰਗ ਕਰਵਾਈ ਸੀ। ਸਮੂਦਨਿੰਗ ਕਰਵਾਉਣ ਵਾਲੇ ਦਿਨ ਹੀ ਉਸ ਦੇ ਵਾਲ ਰੁੱਖੇ ਹੋ ਗਏ ਸਨ ਤੇ ਫਿਰ ਟੁੱਟਣ ਵੀ ਲੱਗੇ। ਵਾਲ ਟੁੱਟਣ ਦੀ ਸਮੱਸਿਆ ਨੂੰ ਲੈ ਕੇ ਜਦੋਂ ਉਹ ਮੁੜ ਸੈਲੂਨ ਗਈ ਤਾਂ ਸਟਾਫ ਨੇ ਕਿਹਾ ਕਿ ਉਹ ਉਸ ਨੂੰ ਬਿਹਤਰ ਟ੍ਰੀਟਮੈਂਟ ਦੇਣਗੇ, ਜਿਸ ਨਾਲ ਵਾਲ ਟੁੱਟਣੇ ਬੰਦ ਹੋ ਜਾਣਗੇ। 17 ਅਕਤੂਬਰ ਨੂੰ ਲਾਰਿਅਲ ਕੰਪਨੀ ਦੀ ਹੇਅਰ ਸਪੈਸ਼ਲਿਸਟ ਨੇ ਆ ਕੇ ਨਿਸ਼ਾ ਦੇ ਵਾਲਾਂ ਦੀ ਜਾਂਚ ਕੀਤੀ ਤੇ ਲਾਰਿਅਲ ਦੇ ਹੀ ਉਤਪਾਦ ਨਾਲ ਉਸ ਦਾ ਇਲਾਜ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸ ਦਾ ਲਾਰਿਅਲ ਉਤਪਾਦ ਨਾਲ ਇਲਾਜ ਕੀਤਾ ਗਿਆ ਤਾਂ ਕਿ ਵਾਲਾਂ ਦਾ ਝੜਨਾ ਤੇ ਟੁੱਟਣਾ ਬੰਦ ਹੋ ਜਾਵੇ ਪਰ ਹੋਇਆ ਉਲਟਾ। 5 ਵਾਰ ਦੇ ਟ੍ਰੀਟਮੈਂਟ ਤੋਂ ਬਾਅਦ ਵੀ ਨਿਸ਼ਾ ਦੇ ਵਾਲ ਝੜਨੇ ਜਦੋਂ ਬੰਦ ਨਹੀਂ ਹੋਏ ਤਾਂ ਸਟਾਫ ਨੇ ਉਸ ਨੂੰ ਕਿਹਾ ਕਿ ਉਹ ਵਾਲਾਂ ਦੇ ਡਾਕਟਰ ਨੂੰ ਦਿਖਾਏ ਤੇ ਇਲਾਜ ਕਰਵਾਏ। ਸੈਲੂਨ ਤੇ ਲਾਰਿਅਲ ਤੋਂ ਮਦਦ ਨਾ ਮਿਲਣ 'ਤੇ ਨਿਸ਼ਾ ਨੇ ਦੋਵਾਂ ਖਿਲਾਫ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ। ਉਸ ਨੇ ਦੋਵਾਂ 'ਤੇ ਕੰਜ਼ਿਊਮਰ ਫੋਰਮ 'ਚ ਮਾਮਲਾ ਦਰਜ ਕਰਵਾ ਕੇ 15 ਲੱਖ ਮੁਆਵਜ਼ੇ ਦੀ ਮੰਗ ਕੀਤੀ। 
ਇਹ ਕਿਹਾ ਫੋਰਮ ਨੇ
15 ਮਹੀਨੇ ਚੱਲੇ ਇਸ ਕੇਸ 'ਚ ਫੋਰਮ ਨੇ ਆਖਿਰ ਨਿਸ਼ਾ ਦੇ ਹੱਕ 'ਚ ਫੈਸਲਾ ਸੁਣਾਇਆ। ਉਸ ਨੇ ਸੈਲੂਨ ਨੂੰ ਨਿਸ਼ਾ ਨੂੰ 31,000 ਰੁਪਏ ਮੁਆਵਜ਼ਾ ਦੇਣ ਲਈ ਕਿਹਾ। ਹਾਲਾਂਕਿ ਲਾਰਿਅਲ ਕੰਪਨੀ ਖਿਲਾਫ ਮਾਮਲਾ ਫੋਰਮ ਨੇ ਖਾਰਿਜ ਕਰ ਦਿੱਤਾ।