ਟਮਾਟਰਾਂ ਨੇ ਪਹਿਲਾਂ ਕਿਸਾਨਾਂ ਨੂੰ ਬਣਾਇਆ ਕਰੋੜਪਤੀ, ਹੁਣ ਦਿਖਾਇਆ 'ਅਰਸ਼ ਤੋਂ ਫਰਸ਼'

09/28/2023 12:19:35 PM

ਜਲੰਧਰ (ਇੰਟ.) – ਟਮਾਟਰ ਹੁਣ ਕਿਸਾਨਾਂ ਨੂੰ ਅਰਸ਼ ਤੋਂ ਫਰਸ਼ ’ਤੇ ਬਿਠਾਉਣ ਵਾਲੀ ਸ਼੍ਰੇਣੀ ’ਚ ਸ਼ਾਮਲ ਹੋ ਗਿਆ ਹੈ। ਇਸ ਸਾਲ ਕੁੱਝ ਮਹੀਨੇ ਪਹਿਲਾਂ 200 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵਿਕਣ ਵਾਲੇ ਟਮਾਟਰ ਨੇ ਜਿੱਥੇ ਕਈ ਕਿਸਾਨਾਂ ਨੂੰ ਕਰੋੜਪਤੀ ਬਣਾ ਦਿੱਤਾ, ਉੱਥੇ ਹੀ ਹੁਣ ਇਸ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋ ਤੋਂ ਡਿਗ ਕੇ 5 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈਆਂ ਹਨ। ਹਾਲਾਤ ਅਜਿਹੇ ਹਨ ਕਿ ਅੱਜਕੱਲ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਬੇਹਾਲ ਹਨ। ਕਈ ਥਾਵਾਂ ’ਤੇ ਟਮਾਟਰ 3 ਤੋਂ 4 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵਿਕ ਰਿਹਾ ਹੈ ਅਤੇ ਕਿਸਾਨਾਂ ਨੂੰ ਹੁਣ ਆਪਣੀ ਫਸਲ ਨੂੰ ਨਸ਼ਟ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਐੱਮ. ਐੱਸ. ਪੀ. ਨਿਰਧਾਰਣ ਨਾਲ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ ਕੀਮਤਾਂ

ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਟਮਾਟਰ ਦੀ ਬੰਪਰ ਪੈਦਾਵਾਰ ਹੋਈ, ਜਿਸ ਕਾਰਨ ਇਸ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ। ਨਾਸਿਕ ਦੇ ਖੇਤੀ ਵਰਕਰ ਸਚਿਨ ਹੋਲਕਰ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਨੂੰ ਰੋਕਣ ਲਈ ਟਮਾਟਰ ਅਤੇ ਪਿਆਜ਼ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨਿਰਧਾਰਿਤ ਕਰਨਾ ਹੀ ਇਕੋ-ਇਕ ਰਾਹ ਹੈ।

ਕੁੱਝ ਕਿਸਾਨ ਜੋ ਘੱਟ ਕੀਮਤ ’ਤੇ ਹੀ ਸਹੀ ਪਰ ਆਪਣੀ ਉਪਜ ਵੇਚਣ ’ਚ ਸਫਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਲਾਗਤ ਦਾ ਅੱਧਾ ਵੀ ਵਸੂਲ ਨਹੀਂ ਕਰ ਸਕੇ ਹਨ। ਇਕ ਏਕੜ ਜ਼ਮੀਨ ’ਤੇ ਟਮਾਟਰ ਉਗਾਉਣ ਲਈ ਕਿਸਾਨ ਨੂੰ 2 ਲੱਖ ਰੁਪਏ ਦੀ ਪੂੰਜੀ ਦੀ ਲੋੜ ਹੁੰਦੀ ਹੈ ਜਦ ਕਿ ਕੀਮਤਾਂ ਡਿਗਣ ’ਤੇ ਇਸ ਨੂੰ ਪੂਰਾ ਕਰਨਾ ਵੀ ਔਖਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ :  ਮਹਿੰਗੀ ਕਣਕ  ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ

ਪ੍ਰਚੂਨ ਬਾਜ਼ਾਰਾਂ ’ਚ ਕੀਮਤ 2-3 ਰੁਪਏ ਪ੍ਰਤੀ ਕਿਲੋ

ਮੀਡੀਆ ਰਿਪੋਰਟ ਮੁਤਾਬਕ ਪੁਣੇ ਦੇ ਬਾਜ਼ਾਰ ਵਿਚ ਕੀਮਤ 5 ਰੁਪਏ ਪ੍ਰਤੀ ਕਿਲੋ ’ਤੇ ਡਿਗ ਗਈ ਹੈ। ਉੱਥੇ ਹੀ ਪਿਪਲਗਾਂਵ, ਨਾਸਿਕ ਅਤੇ ਲਾਸਲਗਾਂਵ ਦੀਆਂ ਤਿੰਨ ਥੋਕ ਮੰਡੀਆਂ ’ਚ ਟਮਾਟਰ ਦੀਆਂ ਔਸਤ ਥੋਕ ਕੀਮਤਾਂ ਪਿਛਲੇ ਛੇ ਹਫਤਿਆਂ ’ਚ 2000 ਰੁਪਏ ਪ੍ਰਤੀ ਕ੍ਰੇਟ (20 ਕਿਲੋਗ੍ਰਾਮ) ਤੋਂ ਡਿਗ ਕੇ 90 ਰੁਪਏ ਹੋ ਗਈਆਂ ਹਨ। ਕੋਲਹਾਪੁ ’ਚ ਟਮਾਟਰ ਪ੍ਰਚੂਨ ਬਾਜ਼ਾਰਾਂ ’ਚ 2-3 ਰੁਪਏ ਪ੍ਰਤੀ ਕਿਲੋ ’ਤੇ ਵੇਚਿਆ ਜਾ ਰਿਹਾ ਹੈ ਜੋ ਲਗਭਗ ਇਕ ਮਹੀਨਾ ਪਹਿਲਾਂ 220 ਰੁਪਏ ਦੇ ਲਗਭਗ ਸੀ।

ਵਧੇਰੇ ਲਾਭ ਕਮਾਉਣ ਦੇ ਚੱਕਰ ’ਚ ਬੰਪਰ ਖੇਤੀ

ਸੂਬੇ ਦੇ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਨਾਸਿਕ ਜ਼ਿਲੇ ਵਿਚ ਟਮਾਟਰ ਦਾ ਔਸਤ ਰਕਬਾ ਲਗਭਗ 17,000 ਹੈਕਟੇਅਰ ਹੈ। ਇਸ ਵਿਚ 6 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਹੁੰਦਾ ਹੈ ਪਰ ਇਸ ਸਾਲ ਟਮਾਟਰ ਦੀ ਖੇਤੀ ਦੁੱਗਣੀ ਹੋ ਕੇ 35,000 ਹੈਕਟੇਅਰ ਹੋ ਗਈ ਹੈ, ਜਿਸ ਦਾ ਅਨੁਮਾਨਿਤ ਉਤਪਾਦਨ 12.17 ਲੱਖ ਮੀਟ੍ਰਿਕ ਟਨ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਵਿਚ ਜਦੋਂ ਪੁਣੇ ਜ਼ਿਲੇ ਦੇ ਨਾਰਾਇਣ ਪਿੰਡ ਬਾਜ਼ਾਰ ਵਿਚ ਥੋਕ ਕੀਮਤਾਂ 3200 ਰੁਪਏ ਪ੍ਰਤੀ ਕ੍ਰੇਟ ਤੱਕ ਪੁੱਜ ਗਈਆਂ ਤਾਂ ਕਈ ਕਿਸਾਨਾਂ ਨੇ ਵਧੇਰੇ ਲਾਭ ਦੀ ਉਮੀਦ ਵਿਚ ਟਮਾਟਰ ਦੀ ਖੇਤੀ ਸ਼ੁਰੂ ਕਰ ਦਿੱਤੀ। ਬੰਪਰ ਪੈਦਾਵਾਰ ਤੋਂ ਬਾਅਦ ਉਨ੍ਹਾਂ ਦੀ ਗਣਨਾ ’ਚ ਗੜਬੜ ਪਾਈ ਗਈ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur