ਚੀਨ ਨਾਲ ਲਗਾਤਰ ਵਧ ਰਹੇ ਵਪਾਰ ਘਾਟੇ ਨੇ ਵਧਾਈ ਚਿੰਤਾ, ਗੁਆਂਢੀ ਮੁਲਕ 'ਤੇ ਨਿਰਭਰ ਫਾਰਮਾਸਿਊਟੀਕਲ ਉਦਯੋਗ

12/11/2022 7:03:44 PM

ਨਵੀਂ ਦਿੱਲੀ : ਚੀਨ ਨਾਲ ਭਾਰਤ ਦਾ ਵਪਾਰ ਲਗਾਤਾਰ ਵਧ ਰਿਹਾ ਹੈ। ਦੇਸ਼ ਕਈ ਵਸਤਾਂ ਲਈ ਚੀਨ 'ਤੇ ਨਿਰਭਰ ਹੈ। ਚੀਨ ਨਾਲ ਵਧਦਾ ਵਪਾਰ ਘਾਟਾ ਲੰਬੇ ਸਮੇਂ ਤੋਂ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਰਾਜ ਸਭਾ 'ਚ ਚਿੰਤਾ ਜ਼ਾਹਰ ਕੀਤੀ ਹੈ ਕਿ ਭਾਰਤ ਕਈ ਚੀਜ਼ਾਂ ਲਈ ਚੀਨ 'ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2003-2004 ਵਿੱਚ ਚੀਨ ਤੋਂ ਭਾਰਤ ਦੀ ਦਰਾਮਦ ਲਗਭਗ 4.34 ਬਿਲੀਅਨ ਡਾਲਰ ਸੀ। ਪਰ ਸਾਲ 2013-14 ਤੱਕ ਇਹ ਵਧ ਕੇ ਲਗਭਗ 51.03 ਬਿਲੀਅਨ ਡਾਲਰ ਹੋ ਗਿਆ ਹੈ। ਇਸ ਸਥਿਤੀ 'ਚ 10 ਸਾਲਾਂ 'ਚ ਦਰਾਮਦ 10 ਗੁਣਾ ਤੋਂ ਜ਼ਿਆਦਾ ਵਧ ਗਈ ਹੈ।

ਇਹ ਵੀ ਪੜ੍ਹੋ : Twitter ਫਿਰ ਸ਼ੁਰੂ ਕਰ ਰਿਹੈ 'ਬਲੂ ਟਿੱਕ ਸਬਸਕ੍ਰਿਪਸ਼ਨ', ਉਪਭੋਗਤਾਵਾਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ

ਚੀਨ 'ਤੇ ਨਿਰਭਰ ਹੈ ਫਾਰਮਾਸਿਊਟੀਕਲ ਉਦਯੋਗ

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੇ ਅਨੁਸਾਰ, ਇੱਕ ਸਮਾਂ ਸੀ ਜਦੋਂ ਭਾਰਤ ਏਪੀਆਈ, ਦਵਾਈਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ, ਪੂਰੀ ਦੁਨੀਆ ਨੂੰ ਨਿਰਯਾਤ ਕਰਦਾ ਸੀ। ਪਰ ਹੁਣ ਹਾਲਤ ਇਹ ਹੈ ਕਿ ਦੇਸ਼ ਦਾ ਫਾਰਮਾਸਿਊਟੀਕਲ ਉਦਯੋਗ ਹੁਣ ਚੀਨ 'ਤੇ ਨਿਰਭਰ ਹੋ ਗਿਆ ਹੈ। ਭਾਰਤ ਇਸ ਕਾਰੋਬਾਰ ਵਿੱਚ ਲਗਾਤਾਰ ਪਛੜਦਾ ਜਾ ਰਿਹਾ ਹੈ। ਚੀਨ 'ਤੇ ਭਾਰਤ ਦੀ ਨਿਰਭਰਤਾ ਘੱਟ ਕਰਨ 'ਤੇ ਲਗਾਤਾਰ ਜ਼ੋਰ ਦੇਣ ਦੇ ਬਾਵਜੂਦ ਦੋਵਾਂ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਦੁਵੱਲੇ ਵਪਾਰ ਦਾ ਸੰਤੁਲਨ ਪੂਰੀ ਤਰ੍ਹਾਂ ਚੀਨ ਦੇ ਪੱਖ ਵਿੱਚ ਝੁਕਿਆ ਹੋਇਆ ਹੈ। ਚੀਨ ਦਾ ਨਿਰਯਾਤ ਭਾਰਤ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ।

ਵਪਾਰ ਘਾਟਾ ਵਧਿਆ

ਪੀਯੂਸ਼ ਗੋਇਲ ਅਨੁਸਾਰ ਸਾਲ 2004-05 ਵਿੱਚ ਭਾਰਤ ਅਤੇ ਚੀਨ ਦਰਮਿਆਨ 1.48 ਬਿਲੀਅਨ ਡਾਲਰ ਦਾ ਵਪਾਰ ਘਾਟਾ ਸੀ। ਪਰ 2013-14 ਵਿੱਚ ਇਹ ਵਧ ਕੇ 36.21 ਬਿਲੀਅਨ ਡਾਲਰ ਹੋ ਗਿਆ। ਵਿੱਤੀ ਸਾਲ 2020-21 ਦੌਰਾਨ ਭਾਰਤ ਅਤੇ ਚੀਨ ਦਰਮਿਆਨ 44.33 ਅਰਬ ਡਾਲਰ ਦਾ ਵਪਾਰ ਘਾਟਾ ਸੀ, ਪਰ ਵਿੱਤੀ ਸਾਲ ਦੌਰਾਨ ਇਹ ਵਧ ਕੇ 73.31 ਅਰਬ ਡਾਲਰ ਹੋ ਗਿਆ। ਸਰਹੱਦ 'ਤੇ ਤਣਾਅ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ 'ਚ 43.3 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਵਿੱਤੀ ਸਾਲ 2020-21 ਵਿੱਚ ਚੀਨ ਨੇ ਭਾਰਤ ਨੂੰ 65.21 ਬਿਲੀਅਨ ਡਾਲਰ ਦੀਆਂ ਵਸਤਾਂ ਦੀ ਬਰਾਮਦ ਕੀਤੀ ਪਰ ਵਿੱਤੀ ਸਾਲ 2021-22 ਵਿਚ ਇਸ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਇਹ 94.57 ਅਰਬ ਡਾਲਰ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ : ਮਿਉਚੁਅਲ ਫੰਡ 'ਚ ਨਿਵੇਸ਼ ਪਹਿਲੀ ਵਾਰ 40 ਲੱਖ ਕਰੋੜ ਦੇ ਪਾਰ, ਨਵੇਂ ਰਿਕਾਰਡ ਪੱਧਰ 'ਤੇ SIP ਫੰਡ

ਚੀਨ ਨਾਲ ਵਧ ਰਹੇ ਕਾਰੋਬਾਰ ਦੇ ਨੁਕਸਾਨ

ਵਣਜ ਅਤੇ ਉਦਯੋਗ ਮੰਤਰੀ ਨੇ ਚੀਨ ਨਾਲ ਵਧਦੇ ਵਪਾਰ ਦੇ ਨੁਕਸਾਨ 'ਤੇ ਕਿਹਾ ਕਿ ਇਸ ਕਾਰਨ ਪੂਰਾ ਦੇਸ਼ ਘਟੀਆ ਵਸਤਾਂ ਨਾਲ ਭਰ ਗਿਆ ਹੈ। ਦੇਸ਼ ਵਿੱਚ ਅਜਿਹੀਆਂ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਪਾਰਦਰਸ਼ੀ ਨਹੀਂ ਸਨ। ਇਸ ਦੇ ਲਈ ਜ਼ਰੂਰੀ ਹੈ ਕਿ ਦੇਸ਼ ਦੀ ਚੀਨ 'ਤੇ ਨਿਰਭਰਤਾ ਨੂੰ ਘੱਟ ਕੀਤਾ ਜਾਵੇ।

ਸਰਕਾਰ ਚੁੱਕ ਰਹੀ ਹੈ ਇਹ ਕਦਮ 

ਸਰਕਾਰ ਚੀਨ 'ਤੇ ਨਿਰਭਰਤਾ ਘਟਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਪੀਯੂਸ਼ ਗੋਇਲ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਨਿਰਮਾਣ ਖੇਤਰ ਨੂੰ ਮਜ਼ਬੂਤ ​​ਕਰਨ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀਐਲਆਈ) ਸ਼ੁਰੂ ਕੀਤੀ ਹੈ। ਇਸ ਨਾਲ ਚੀਨ 'ਤੇ ਆਯਾਤ ਨਿਰਭਰਤਾ ਘਟੇਗੀ। ਪਹਿਲਾਂ ਦੇਸ਼ ਵਿੱਚ ਮੋਬਾਈਲ ਹੈਂਡਸੈੱਟਾਂ ਦੇ ਸਿਰਫ਼ ਦੋ ਪਲਾਂਟ ਸਨ। ਇਸ ਕਾਰਨ ਦੇਸ਼ ਵਿੱਚ ਵਰਤੇ ਜਾਣ ਵਾਲੇ ਲਗਭਗ ਸਾਰੇ ਸਮਾਰਟਫ਼ੋਨ ਚੀਨ ਤੋਂ ਮੰਗਵਾਏ ਜਾਂਦੇ ਸਨ ਪਰ ਹੁਣ ਪੀਐਲਆਈ ਸਕੀਮ ਕਾਰਨ ਦੇਸ਼ ਵਿੱਚ ਮੋਬਾਈਲ ਫ਼ੋਨ ਸੈਕਟਰ ਦੀਆਂ 200 ਕੰਪਨੀਆਂ ਹਨ।

ਇਹ ਵੀ ਪੜ੍ਹੋ : ਇਸ ਸਮੱਸਿਆ ਨੇ ਰੋਕੀਆਂ AirIndia ਦੀਆਂ ਉਡਾਣਾਂ, ਲੰਮੀ ਦੂਰੀ ਦੀਆਂ ਕਈ ਫਲਾਈਟਾਂ ਹੋਈਆਂ ਰੱਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur