ਥਾਈਲੈਂਡ ਤਕ ਬਣੇਗੀ ਸੜਕ, ਘੁੰਮਣਾ ਹੋਵੇਗਾ ਆਸਾਨ

Sunday, Jan 28, 2018 - 12:06 PM (IST)

ਥਾਈਲੈਂਡ ਤਕ ਬਣੇਗੀ ਸੜਕ, ਘੁੰਮਣਾ ਹੋਵੇਗਾ ਆਸਾਨ

ਨਵੀਂ ਦਿੱਲੀ— ਭਾਰਤ ਤੋਂ ਥਾਈਲੈਂਡ ਤਕ ਸੜਕ ਦੇ ਨਿਰਮਾਣ ਲਈ ਚਰਚਾ ਚੱਲ ਰਹੀ ਹੈ। ਇਸ ਪ੍ਰਾਜੈਕਟ 'ਚ ਤਿੰਨ ਦੇਸ਼ ਸ਼ਾਮਲ ਹਨ ਅਤੇ ਇਸ ਦਾ ਮਕਸਦ ਸੜਕ ਮਾਰਗ ਜ਼ਰੀਏ ਵਪਾਰ ਅਤੇ ਸੱਭਿਆਚਾਰਕ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਜਾਣਕਾਰੀ ਮੁਤਾਬਕ ਭਾਰਤ, ਮਿਆਂਮਾਰ ਅਤੇ ਥਾਈਲੈਂਡ ਆਪਣੀਆਂ ਸਰਹੱਦਾਂ ਤੋਂ ਵਾਹਨਾਂ ਦੀ ਆਵਾਜਾਈ ਦੀ ਸੁਵਿਧਾ ਲਈ ਇਕ ਮੋਟਰ ਵਾਹਨ ਕਰਾਰ 'ਤੇ ਗੱਲਬਾਤ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਨੇ ਸੂਚਤ ਕੀਤਾ ਹੈ ਕਿ ਉਹ ਇਸ ਕਰਾਰ ਲਈ ਉਦੋਂ ਅੱਗੇ ਵਧੇਗਾ ਜਦੋਂ ਉਹ ਸੰਬੰਧਤ ਦੇਸ਼ਾਂ ਦੇ ਨਾਲ ਹੋਏ ਕਰਾਰਾਂ ਦੀ ਸਮੀਖਿਆ ਕਰ ਲਵੇਗਾ। ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਭਾਰਤ, ਮਿਆਂਮਾਰ ਅਤੇ ਥਾਈਲੈਂਡ ਵਿਚਕਾਰ ਤਿੰਨ-ਪੱਖੀ ਰਾਜਮਾਰਗ ਸੰਬੰਧੀ ਦੋ ਪ੍ਰਾਜੈਕਟਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ 'ਚ ਮਿਆਂਮਾਰ 'ਚ ਤਾਮੂ, ਕੀਗੋਨ, ਕਲੇਵਾ ਮਾਰਗਾਂ 'ਤੇ 69 ਪੁੱਲਾਂ ਦਾ ਨਿਰਮਾਣ ਅਤੇ ਕਲੇਵਾ, ਯਾਰਗੀ ਮਾਰਗ 'ਤੇ 120.74 ਕਿਲੋਮੀਟਰ ਸੜਕ ਦਾ ਨਵੀਨੀਕਰਨ ਸ਼ਾਮਲ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਸੰਬੰਧਤ 'ਚ ਅਕਤੂਬਰ-ਦਸੰਬਰ 2017 'ਚ ਖੁੱਲ੍ਹੇ ਟੈਂਡਰ ਦਾ ਆਡਰ ਦੇ ਦਿੱਤਾ ਗਿਆ ਸੀ।

ਉੱਥੇ ਹੀ, ਭਾਰਤ-ਮਿਆਂਮਾਰ-ਥਾਈਲੈਂਡ ਤਿੰਨ ਪੱਖੀ ਸੰਪਰਕ ਰਾਜਮਾਰਗ ਦਾ ਵਿਸਥਾਰ ਵਿਅਤਨਾਮ ਤਕ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਆਸੀਆਨ ਦੇਸ਼ਾਂ ਨਾਲ ਚਰਚਾ ਕੀਤੀ ਜਾ ਰਹੀ ਹੈ। ਮੰਤਰਾਲੇ ਮੁਤਾਬਕ ਪੂਰਬੀ-ਉੱਤਰੀ ਖੇਤਰ ਨਾਲ ਲੱਗੇ ਸਰਹੱਦੀ ਇਲਾਕਿਆਂ 'ਚ ਵਿਸ਼ਵ ਯੁੱਧ ਸਮੇਂ ਦੇ ਪੁੱਲਾਂ ਨੂੰ ਹਟਾ ਕੇ ਨਵੇਂ ਢਾਂਚੇ ਦਾ ਨਿਰਮਾਣ ਕਰਨ ਦਾ ਕੰਮ 2018 'ਚ ਸ਼ੁਰੂ ਹੋਣਾ ਹੈ। ਇਨ੍ਹਾਂ ਦਾ ਨਿਰਮਾਣ ਕੰਮ 36 ਮਹੀਨਿਆਂ 'ਚ ਪੂਰਾ ਹੋਣ ਦਾ ਅੰਦਾਜ਼ਾ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਇਸ ਦੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਮਿਆਂਮਾਰ ਅਤੇ ਥਾਈਲੈਂਡ ਵਿਚਕਾਰ ਸਾਲ 2002 'ਚ ਸੜਕ ਮਾਰਗ ਜ਼ਰੀਏ ਸੰਪਰਕ ਦੀ ਯੋਜਨਾ ਬਣਾਈ ਗਈ ਸੀ ਪਰ 15 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਤਿਕੋਣੀ ਰਾਜਮਾਰਗ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ। ਪਿਛਲੇ ਸਾਲ ਦੇ ਅੰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਭਾਰਤ-ਆਸੀਆਨ ਸੰਮਲੇਨ ਲਈ ਮਨੀਲਾ ਗਏ ਸਨ ਅਤੇ ਇਸ ਦੇ ਬਾਅਦ ਇਸ 'ਚ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਹ ਰਾਜਮਾਰਗ ਪੂਰਬੀ-ਉੱਤਰੀ ਭਾਰਤ, ਮਿਆਂਮਾਰ ਅਤੇ ਥਾਈਲੈਂਡ ਨੂੰ ਜੋੜੇਗਾ, ਜਿਸ ਨਾਲ ਭਾਰਤ ਇਨ੍ਹਾਂ ਦੇਸ਼ਾਂ ਦੇ ਨਾਲ ਸੜਕ ਮਾਰਗ ਜ਼ਰੀਏ ਸਿੱਥੇ ਸਾਮਾਨ, ਲੋਕਾਂ ਅਤੇ ਸੱਭਿਆਚਾਰ ਦਾ ਅਦਾਨ-ਪ੍ਰਦਾਨ ਕਰ ਸਕੇਗਾ। ਸਤੰਬਰ 2012 'ਚ ਤਿੰਨ ਦੇਸ਼ਾਂ ਵੱਲੋਂ ਕੀਤੀ ਗਈ ਬੈਠਕ ਅਨੁਸਾਰ ਭਾਰਤ, ਮਿਆਂਮਾਰ ਅਤੇ ਥਾਈਲੈਂਡ ਨੂੰ ਜੋੜਨ ਵਾਲਾ 1700 ਕਿਲੋਮੀਟਰ ਲੰਬਾ ਇਹ ਤਿਕੋਣੀ ਰਾਜਮਾਰਗ ਸਾਲ 2016 ਤਕ ਪੂਰਾ ਹੋਣ ਦੀ ਉਮੀਦ ਸੀ। ਬਾਅਦ 'ਚ ਇਸ ਨੂੰ ਪੂਰਾ ਕਰਨ ਦਾ ਟੀਚਾ ਲਗਾਤਾਰ ਅੱਗੇ ਕੀਤਾ ਜਾਂਦਾ ਰਿਹਾ ਅਤੇ ਹੁਣ ਇਸ ਨੂੰ ਪੂਰਾ ਕਰਨ ਦਾ ਟੀਚਾ ਵਧਾ ਕੇ 2020 ਤਕ ਕਰ ਦਿੱਤਾ ਗਿਆ ਹੈ।


Related News