ਰਿਅਲ ਅਸਟੇਟ ਸੈਕਟਰ ਨੂੰ ਤਿਉਹਾਰੀ ਸੀਜ਼ਨ ਤੋਂ ਉਮੀਦ

10/14/2019 11:42:32 AM

ਮੁੰਬਈ — ਰਿਅਲ ਅਸਟੇਟ ਖੇਤਰ 'ਚ ਲੰਬੇ ਸਮੇਂ ਤੋਂ ਸੁਸਤੀ ਰਹਿਣ ਦੇ ਬਾਵਜੂਦ ਸੂਚੀਬੱਧ ਪ੍ਰਾਪਰਟੀ ਡਵੈਲਪਰਾਂ ਨੂੰ ਇਸ ਤਿਉਹਾਰ ਦੇ ਮੌਸਮ 'ਚ ਵਿਕਰੀ 'ਚ ਤੇਜ਼ੀ ਆਉਣ ਦੀ ਉਮੀਦ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦੀ ਡੀ.ਐਲ.ਐਫ., ਮੁੰਬਈ ਦੀ ਗੋਦਰੇਜ਼ ਪ੍ਰਾਪਰਟੀਜ਼, ਓਬਰਾਏ ਰਿਅਲਟੀ, ਬੈਂਗਲੁਰੂ ਦੀ ਸਨਟੇਕ , ਪ੍ਰੈਸਟੀਜ ਅਸਟੇਟਸ ਅਤੇ ਸ਼ੋਭਾ ਰਿਅਲਟੀ ਆਦਿ ਇਸ ਸੈਕਟਰ ਦੀਆਂ ਜ਼ਿਆਦਾਤਰ ਸਿਖਰ ਕੰਪਨੀਆਂ ਨੇ ਇਸ ਵਾਰ ਤਿਉਹਾਰ ਦੇ ਦਿਨਾਂ 'ਚ ਨਵੇਂ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਹਨ ਜਾਂ ਸ਼ੁਰੂ ਕਰਨ ਜਾ ਰਹੇ ਹਨ।

ਇਸ ਸਾਲ ਮਾਰਚ ਦੇ ਆਖਿਰ 'ਚ ਦੇਸ਼ ਦੇ ਸਿਖਰ 25 ਡਵੈਲਪਰਾਂ ਕੋਲ ਕਰੀਬ 1.4 ਲੱਖ ਕਰੋੜ ਰੁਪਏ ਦੇ ਅਣਵਿਕੇ ਫਲੈਟ ਸਨ ਜਿਹੜੇ ਪਿਛਲੇ ਸਾਲ ਦੀ ਤੁਲਨਾ 'ਚ 19 ਫੀਸਦੀ ਜ਼ਿਆਦਾ ਸਨ। ਪਰ ਜਿਹੜੀਆਂ ਕੰਪਨੀਆਂ ਨਵੇਂ ਪ੍ਰੋਜੈਕਟ ਲਿਆ ਰਹੀਆਂ ਹਨ ਉਨ੍ਹਾਂ ਕੋਲ ਬਿਨਾਂ ਵਿਕੇ ਫਲੈਟ ਦੀ ਸੰਖਿਆ ਜ਼ਿਆਦਾ ਨਹੀਂ ਹੈ। ਇਹ ਕੰਪਨੀਆਂ ਮੰਨਦੀਆਂ ਹਨ ਕਿ ਮਜ਼ਬੂਤ ਬ੍ਰਾਂਡ ਅਤੇ ਦਮਦਾਰ ਵਹੀਖਾਤੇ ਕਾਰਨ ਉਨ੍ਹਾਂ ਦੇ ਪ੍ਰੋਜੈਕਟ ਸਫਲ ਰਹਿਣਗੇ।

ਪ੍ਰੈਸਟੀਜ਼ ਅਸਟੇਟਸ ਦੇ ਕੋਲ ਇੰਨੇ ਫਲੈਟ ਪਏ ਹਨ ਕਿ ਉਨ੍ਹਾਂ ਨੂੰ ਮੌਜੂਦਾ ਰਫਤਾਰ ਨਾਲ ਵੇਚਿਆ ਜਾਵੇ ਤਾਂ ਸਾਰੇ ਫਲੈਟ ਵਿਕਣ 'ਚ 23 ਮਹੀਨੇ ਲੱਗ ਜਾਣਗੇ। ਗੋਦਰੇਜ਼ ਪ੍ਰਾਪਰਟੀਜ਼ ਕੋਲ ਮੌਜੂਦਾ ਫਲੈਟ ਵਿਕਣ 'ਚ 17 ਮਹੀਨੇ, ਸ਼ੋਭਾ ਲਈ 21 ਮਹੀਨੇ ਅਤੇ ਓਬਰਾਏ ਰਿਐਲਟੀ ਲਈ ਬ੍ਰਿਗੇਡ ਇੰਟਰਪ੍ਰਾਇਜ਼ਿਜ਼ ਨੂੰ ਫਲੈਟ ਵੇਚਣ 'ਚ 16-16 ਮਹੀਨੇ ਲੱਗ ਜਾਣਗੇ। ਜੇਕਰ ਇਹ ਅਨੁਪਾਤ 18 ਮਹੀਨੇ ਤੱਕ ਦਾ ਹੁੰਦਾ ਹੈ ਤਾਂ ਉਸਨੂੰ ਠੀਕ-ਠਾਕ ਮੰਨਿਆ ਜਾਂਦਾ ਹੈ। ਰਿਅਲ ਅਸਟੇਟ ਡਵੈਲਪਰਾਂ ਦੀ ਸਭ ਤੋਂ ਵਧ ਵਿਕਰੀ ਅਕਤੂਬਰ ਤੋਂ 15 ਦਸੰਬਰ ਤੱਕ ਹੁੰਦੀ ਹੈ ਅਤੇ ਬਾਕੀ ਦੇ ਮਹੀਨਿਆਂ 'ਚ ਇਹ ਸੈਕਟਰ ਮੰਦੀ ਹੇਠ ਹੀ ਰਹਿੰਦਾ ਹੈ। ਗੋਦਰੇਜ਼ ਪ੍ਰਾਪਰਟੀਜ਼ ਨੇ ਮੁੰਬਈ ਦੇ ਕਲਿਆਣ ਅਤੇ ਕਾਂਦਿਵਲੀ 'ਚ ਦੋ ਪ੍ਰੋਜੈਕਟ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਪੂਣੇ ਅਤੇ ਦੱਖਣੀ ਦਿੱਲੀ 'ਚ ਵੀ ਇਕ-ਇਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਗੋਦਰੇਜ ਪ੍ਰਾਪਰਟੀਜ਼ ਦੇ ਚੇਅਰਮੈਨ ਪਿਰੋਜਸ਼ਾ ਗੋਦਰੇਜ ਨੇ ਕਿਹਾ, 'ਸਾਨੂੰ ਮੰਦੀ 'ਚ ਕਾਰੋਬਾਰ ਵਧਾਉਣ ਦਾ ਵੱਡਾ ਮੌਕਾ ਦਿਖ ਰਿਹਾ ਹੈ। ਅਸੀਂ ਨਵੇਂ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਅਤੇ ਚਾਰ ਅਹਿਮ ਖੇਤਰਾਂ ਮੁੰਬਈ, ਪੂਣੇ, ਬੈਂਗਲੁਰੂ ਅਤੇ ਐਨ.ਸੀ.ਆਰ. 'ਚ ਮੌਜੂਦਗੀ ਵਧਾ ਰਹੇ ਹਾਂ।'

ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਮੁੰਬਈ 'ਚ ਜੋਗੇਸ਼ਵਰੀ-ਵਿਕ੍ਰੋਲੀ ਲਿੰਕ ਰੋਡ 'ਤੇ ਹੁਣੇ ਜਿਹੇ ਸ਼ੁਰੂ ਕੀਤੇ ਗਏ ਰਿਹਾਇਸ਼ੀ ਟਾਵਰ ਨੂੰ ਚੰਗੀ ਪ੍ਰਤੀਕਿਰਿਆ ਮਿਲੀ ਹੈ। ਕੰਪਨੀ 'ਚ ਇਕ ਸੂਤਰ ਨੇ ਕਿਹਾ, 'ਸਾਨੂੰ ਨਹੀਂ ਲੱਗਦਾ ਕਿ ਉਨ੍ਹਾਂ ਡਵੈਲਪਰਾਂ ਲਈ ਬਜ਼ਾਰ 'ਚ ਮੰਦੀ ਹੈ ਜਿਨ੍ਹਾਂ ਦਾ ਵਹੀਖਾਤਾ ਸਹੀ ਹੈ ਅਤੇ ਜਿਨ੍ਹਾਂ ਦਾ ਰਿਕਾਰਡ ਚੰਗਾ ਹੈ।' ਵਿਆਜ ਦਰਾਂ 8 ਤੋਂ 9 ਫੀਸਦੀ ਦੇ ਵਿਚਕਾਰ ਹਨ ਅਤੇ ਵਿਕਰੀ ਵਧਾਉਣ ਲਈ ਡਵੈਲਪਰਾਂ ਦੀ ਨਜ਼ਰ ਮਿਡਲ ਕਲਾਸ ਵਰਗ ਅਤੇ ਸਸਤੀ ਰਿਹਾਇਸ਼ੀ ਸ਼ੇਣੀ 'ਤੇ ਹੈ। ਅਜਿਹੇ 'ਚ ਇਸ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਵਿਕਰੀ 'ਚ ਤੇਜ਼ੀ ਆਉਣ ਦੀ ਉਮੀਦ ਹੈ। ਜੇਕਰ ਫਲੈਟ ਦੀ ਕੀਮਤ ਅਤੇ ਜਗ੍ਹਾ ਸਹੀ ਹੈ ਤਾਂ ਉਹ ਵਿਕ ਰਹੇ ਹਨ। ਜਿਹੜੇ ਫਲੈਟ ਨਹੀਂ ਵਿਕ ਰਹੇ ਉਹ ਜਾਂ ਤਾਂ ਮਹਿੰਗੇ ਹਨ ਜਾਂ ਫਿਰ ਉਨ੍ਹਾਂ ਦੀ ਜਗ੍ਹਾ ਠੀਕ ਨਹੀਂ ਹੈ।