ਇਸ ਗਰੀਬ ਲੜਕੇ ਨੇ ਕੀਤੀ ਸੀ ਵਟਸਐਪ ਦੀ ਖੋਜ, ਅੱਜ ਪੂਰੀ ਦੁਨੀਆ 'ਚ ਹੈ ਇਸ ਦਾ ਕ੍ਰੇਜ਼!

09/13/2017 3:15:30 PM

ਨਵੀਂ ਦਿੱਲੀ— ਵਟਸਐਪ ਨੂੰ ਦੁਨੀਆ ਭਰ ਦੇ ਕਰੋੜਾਂ ਲੋਕ ਰੋਜ਼ਾਨਾ ਵਰਤਦੇ ਹਨ ਅਤੇ ਇਹ ਮੈਸੇਜਿੰਗ ਸਰਵਿਸ ਦਾ ਅਹਿਮ ਜ਼ਰੀਆ ਬਣ ਚੁੱਕਾ ਹੈ। ਵਟਸਐਪ ਦੇ ਸੰਸਥਾਪਕਾਂ ਨੂੰ ਕਦੇ ਇਸੇ ਫੇਸਬੁੱਕ ਨੇ ਨੌਕਰੀ ਦੇਣ ਦੇ ਲਾਇਕ ਨਹੀਂ ਸਮਝਿਆ ਸੀ ਪਰ ਅੱਜ ਉਨ੍ਹਾਂ ਹੀ ਮਿਹਨਤੀ ਖੋਜ ਕਰਤਾਵਾਂ ਕਰਕੇ ਦੁਨੀਆ ਭਰ 'ਚ ਬਿਨਾਂ ਪੈਸੇ ਖਰਚ ਕੀਤੇ ਮੁਫਤ ਗੱਲਬਾਤ ਕੀਤੀ ਜਾ ਸਕਦੀ ਹੈ। ਜੈਨ ਕੌਮ ਜੋ ਕਿ ਵਟਸਐਪ ਦੇ ਸੰਸਥਪਾਕ ਹਨ, ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਉਹ ਬਹੁਤ ਗਰੀਬ ਪਰਿਵਾਰ 'ਚ ਜਨਮੇ ਸਨ। ਸੋਵੀਅਤ ਸੰਘ ਟੁੱਟਣ ਤੋਂ ਬਾਅਦ ਉਹ 16 ਸਾਲ ਦੀ ਉਮਰ 'ਚ ਆਪਣੀ ਮਾਂ ਨਾਲ ਕੈਲੀਫੋਰਨੀਆ ਆ ਗਏ, ਜਿੱਥੇ ਇੱਕ ਸਮਾਜਿਕ ਸਹਾਇਤਾ ਪ੍ਰੋਗਰਾਮ ਨੇ ਪਰਿਵਾਰ ਨੂੰ ਇੱਕ ਛੋਟਾ ਜਿਹਾ ਦੋ-ਬੈੱਡਰੂਮ ਦਾ ਅਪਾਰਟਮੈਂਟ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। 


ਇੱਥੇ ਆ ਕੇ ਪਹਿਲਾਂ ਜੈਨ ਕੌਮ ਦੀ ਮਾਂ ਨੇ ਇਕ ਬੱਚਿਆਂ ਦੀ ਦਾਈ ਦੇ ਤੌਰ ਤੇ ਕੰਮ ਕੀਤਾ, ਜਦੋਂ ਕਿ ਉਹ ਖੁਦ ਇਕ ਕਰਿਆਨੇ ਦੀ ਦੁਕਾਨ 'ਤੇ ਇਕ ਕਲੀਨਰ ਵਜੋਂ ਕੰਮ ਕਰਦੇ ਸਨ। ਖਾਣੇ ਵਾਸਤੇ ਉਹ ਆਪਣੀ ਮਾਂ ਨਾਲ ਕੂਪਨ ਲੈ ਕੇ ਲਾਈਨ 'ਚ ਵੀ ਖੜ੍ਹੇ ਹੁੰਦੇ ਸਨ। 18 ਸਾਲ ਦੀ ਉਮਰ 'ਚ ਉਨ੍ਹਾਂ ਦੀ ਦਿਲਚਸਪੀ ਪ੍ਰੋਗਰਾਮਿੰਗ 'ਚ ਬਣੀ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਵਿਚ ਦਾਖਲਾ ਲਿਆ ਅਤੇ ਨਾਲ ਹੀ ਅਰਨਸਟ ਐਂਡ ਯੰਗ ਵਿਚ ਇਕ ਸਕਿਓਰਿਟੀ ਟੈਸਟਰ ਵਜੋਂ ਕੰਮ ਕੀਤਾ। 1997 ਵਿੱਚ ਜੈਨ ਕੌਮ ਨੂੰ ਯਾਹੂ 'ਚ ਇਨਫ੍ਰਾ-ਸਟਰਕਚਰ ਇੰਜੀਨੀਅਰ ਦੇ ਤੌਰ 'ਤੇ ਨੌਕਰੀ ਮਿਲੀ। ਇੱਥੇ ਉਨ੍ਹਾਂ ਦੀ ਮੁਲਾਕਾਤ ਬ੍ਰਾਇਨ ਐਕਟਨ ਨਾਲ ਹੋਈ ਅਤੇ ਦੋਹਾਂ ਨੇ 9 ਸਾਲ ਤਕ ਇਕੱਠੇ ਕੰਮ ਕੀਤਾ। ਸਤੰਬਰ 2007 ਵਿੱਚ ਕੌਮ ਅਤੇ ਐਕਟਨ ਨੇ ਯਾਹੂ ਨੂੰ ਛੱਡ ਦਿੱਤਾ ਅਤੇ ਇੱਕ ਸਾਲ ਦੀ ਛੁੱਟੀ ਲੈ ਲਈ ਤੇ ਦੱਖਣੀ ਅਮਰੀਕਾ ਦੇ ਆਲੇ ਦੁਆਲੇ ਦੀ ਯਾਤਰਾ ਕੀਤੀ। ਇਸ ਤੋਂ ਬਾਅਦ ਦੋਹਾਂ ਨੇ ਫੇਸਬੁੱਕ 'ਚ ਕੰਮ ਕਰਨ ਲਈ ਅਪਲਾਈ ਕੀਤਾ ਪਰ ਅਸਫਲ ਰਹੇ।
ਇੰਝ ਆਇਆ ਵਟਸਐਪ ਦਾ ਵਿਚਾਰ
ਜੈਨ ਕੌਮ ਨੇ ਜਨਵਰੀ 2009 'ਚ ਐਪਲ ਦਾ ਫੋਨ ਖਰੀਦਿਆ ਅਤੇ ਇਸ ਨੂੰ ਚਲਾਉਣ ਦੌਰਾਨ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਐਪ ਦੇ ਬਾਜ਼ਾਰ 'ਚ ਉਛਾਲ ਆਉਣ ਵਾਲਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ 'ਚ ਅਜਿਹੀ ਐਪ ਬਣਾਉਣ ਦਾ ਵਿਚਾਰ ਆਇਆ ਜਿਸ ਨਾਲ ਬਿਨਾਂ ਖਰਚ ਕੀਤੇ ਗੱਲਬਾਤ ਕੀਤੀ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਐਕਟਨ ਨਾਲ ਮਿਲ ਕੇ 2009 'ਚ ਵਟਸਐਪ ਦੀ ਸ਼ੁਰੂਆਤ ਕੀਤੀ। ਵਟਸਐਪ ਦਾ ਨਾਮ ਉਨ੍ਹਾਂ ਦੇ ਦਿਮਾਗ 'ਚ ਵਟਸ ਅੱਪ ਸ਼ਬਦ ਤੋਂ ਆਇਆ। ਅੱਜ ਇਹ ਵਟਸਐਪ ਕਰੋੜਾਂ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਅਤੇ ਇਸ ਦੇ ਸਦਕਾ ਜੈਨ ਕੌਮ ਅਤੇ ਬ੍ਰਾਇਨ ਅਰਬਪਤੀ ਬਣ ਗਏ। ਸਾਲ 2014 'ਚ ਫੇਸਬੁੱਕ ਨੇ ਵਟਸਐਪ ਨੂੰ 19 ਅਰਬ ਡਾਲਰ ਨਕਦ ਅਤੇ ਸਟਾਕ ਡੀਲ 'ਚ ਖਰੀਦਿਆ ਲਿਆ ਸੀ। ਜੈਨ ਕੌਮ ਆਪਣੇ ਪੁਰਾਣੇ ਦਿਨਾਂ ਨੂੰ ਕਦੇ ਵੀ ਨਹੀਂ ਭੁੱਲੇ ਇਹੀ ਕਾਰਨ ਹੈ ਕਿ ਜਦੋਂ ਫੇਸਬੁੱਕ ਨਾਲ ਸੌਦੇ ਦੇ ਦਸਤਾਵੇਜ਼ਾਂ 'ਤੇ ਉਨ੍ਹਾਂ ਨੇ ਦਸਤਖਤ ਕਰਨੇ ਸਨ ਤਾਂ ਆਪਣੇ ਦਫਤਰ ਦੀ ਬਜਾਏ ਉਨ੍ਹਾਂ ਨੇ ਓਹੀ ਇਮਾਰਤ ਚੁਣੀ, ਜਿੱਥੇ ਕਈ ਸਾਲ ਪਹਿਲਾਂ ਉਹ ਖਾਣੇ ਦੇ ਕੂਪਨ ਲੈਣ ਲਈ ਆਪਣੀ ਮਾਂ ਨਾਲ ਕਤਾਰ 'ਚ ਖੜ੍ਹੇ ਹੁੰਦੇ ਸਨ।