ਨੀਤੀ ਕਮਿਸ਼ਨ ਜਲਦ ਹੀ ਰਾਸ਼ਟਰੀ ਊਰਜਾ ਨੀਤੀ ਜਾਰੀ ਕਰੇਗਾ

10/29/2017 2:53:41 PM

ਨਵੀਂ ਦਿੱਲੀ— ਨੀਤੀ ਕਮਿਸ਼ਨ ਜਲਦ ਹੀ ਰਾਸ਼ਟਰੀ ਊਰਜਾ ਨੀਤੀ (ਐੱਨ. ਈ. ਪੀ.) ਜਾਰੀ ਕਰੇਗਾ ਅਤੇ ਇਸ ਨੂੰ ਕੇਂਦਰੀ ਮੰਤਰੀ ਮੰਡਲ ਕੋਲ ਭੇਜੇਗਾ।ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਕਮਿਸ਼ਨ ਨੇ ਜੂਨ ਵਿੱਚ ਨੀਤੀ ਦਾ ਮਸੌਦਾ ਜਾਰੀ ਕੀਤਾ ਸੀ।ਨੀਤੀ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ''ਅਸੀ ਅਗਲੇ 10 ਦਿਨਾਂ ਵਿੱਚ ਰਾਸ਼ਟਰੀ ਊਰਜਾ ਨੀਤੀ ਨੂੰ ਅੰਤਿਮ ਰੂਪ ਦੇਵਾਂਗੇ ਅਤੇ ਇਸ ਨੂੰ ਮੰਤਰੀ ਮੰਡਲ ਕੋਲ ਭੇਜਾਂਗੇ।''

ਮਸੌਦਾ ਰਿਪੋਰਟ ਵਿੱਚ ਕਮਿਸ਼ਨ ਨੇ ਕਿਹਾ ਕਿ ਦੇਸ਼ ਵਿੱਚ ਊਰਜਾ ਦੀ ਮੰਗ ਵਿੱਚ 2040 ਤੱਕ ਤਿੰਨ ਗੁਣਾ ਵਾਧੇ ਦੀ ਸੰਭਾਵਨਾ ਹੈ।ਇਸ ਨਾਲ ਮੁਢਲੀ ਊਰਜਾ ਦਰਾਮਦ ਵਧੇਗੀ।ਇਸ ਵਿੱਚ ਦੇਸ਼ ਦੇ ਊਰਜਾ ਬਾਜ਼ਾਰ ਦੇ ਸੰਚਾਲਨ ਲਈ ਇਕੋ ਰੈਗੂਲੇਟਰੀ ਦੀ ਵਕਾਲਤ ਕੀਤੀ ਗਈ ਹੈ।ਕਮਿਸ਼ਨ ਦੇ ਇਕ ਹੋਰ ਉੱਚ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਚਿਕਿਤਸਾ ਕਮਿਸ਼ਨ ਬਿੱਲ 2016 ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਨੂੰ ਮੰਤਰੀ ਮੰਡਲ ਕੋਲ ਭੇਜ ਦਿੱਤਾ ਗਿਆ ਹੈ।
ਭਾਰਤੀ ਚਿਕਿਤਸਾ ਪ੍ਰੀਸ਼ਦ ਵੱਲੋਂ ਦੇਸ਼ ਵਿੱਚ ਸਿਹਤ ਸਿੱਖਿਆ ਦੇ ਖਰਾਬ ਨਿਯਮਾਂ ਦੇ ਮੁੱਦੇ 'ਤੇ ਵਿਚਾਰ ਲਈ ਪਿਛਲੇ ਸਾਲ ਨੀਤੀ ਕਮਿਸ਼ਨ ਦੇ ਤਤਕਾਲੀਨ ਉਪ-ਪ੍ਰਧਾਨ ਅਰਵਿੰਦ ਪਨਗੜਿਆ ਦੀ ਅਗਵਾਈ ਵਿੱਚ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ।ਕਮਿਸ਼ਨ ਨੇ ਐੱਮ. ਸੀ. ਆਈ. ਦੀ ਜਗ੍ਹਾ ਰਾਸ਼ਟਰੀ ਚਿਕਿਤਸਾ ਕਮਿਸ਼ਨ ਦੇ ਗਠਨ ਦਾ ਪ੍ਰਸਤਾਵ ਕੀਤਾ ਸੀ।