ਕਿਸਾਨਾਂ ਲਈ ਅਹਿਮ ਖਬਰ, ਯੂਰੀਆ ਨੂੰ ਲੈ ਕੇ ਸਰਕਾਰ ਨੇ ਲਿਆ ਇਹ ਫੈਸਲਾ

11/24/2017 3:29:45 PM

ਨਵੀਂ ਦਿੱਲੀ— ਸਰਕਾਰ ਸਬਸਿਡੀ ਵਾਲੇ ਯੂਰੀਆ ਦੀ ਵਿਕਰੀ ਅਗਲੇ ਸਾਲ ਤੋਂ 50 ਕਿਲੋਗ੍ਰਾਮ ਦੀ ਬਜਾਏ 45 ਕਿਲੋਗ੍ਰਾਮ ਦੇ ਬੋਰੇ 'ਚ ਕਰੇਗੀ। ਖਾਦ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਯੂਰੀਆ ਦੇ 45 ਕਿਲੋ ਦੇ ਬੋਰੇ ਦੀ ਕੀਮਤ 245 ਰੁਪਏ ਹੋਵੇਗੀ, ਜੋ ਕਿ 50 ਕਿਲੋ ਦੇ ਬੋਰੇ ਦੀ ਕੀਮਤ ਨਾਲੋਂ ਕਾਫੀ ਘੱਟ ਹੈ। ਫਸਲਾਂ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਵੱਲੋਂ ਯੂਰੀਆ ਦੀ ਵਰਤੋਂ ਖਾਦ ਦੇ ਤੌਰ 'ਤੇ ਕਾਫੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।

ਉੱਥੇ ਹੀ, ਬੋਰੇ ਦਾ ਭਾਰ ਘੱਟ ਕਰਨ ਲਈ ਕੰਪਨੀਆਂ ਵੀ ਤਿਆਰ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਕੰਪਨੀਆਂ ਇਸ ਬਦਲਾਅ ਲਈ ਤਿਆਰ ਹਨ। ਬੋਰੇ ਦਾ ਭਾਰ ਘੱਟ ਹੋਣ 'ਤੇ ਇਸ 'ਤੇ ਬਕਾਇਦਾ 45 ਕਿਲੋਗ੍ਰਾਮ ਦੀ ਛਪਾਈ ਕੀਤੀ ਹੋਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸਲ ਮਕਸਦ ਯੂਰੀਆ ਦੀ ਖਪਤ ਨੂੰ ਘੱਟ ਕਰਨਾ ਅਤੇ ਖਾਦਾਂ ਦੇ ਸੰਤੁਲਤ ਇਸਤੇਮਾਲ ਨੂੰ ਉਤਸ਼ਾਹਤ ਕਰਨਾ ਹੈ। ਅਧਿਕਾਰੀ ਨੇ ਕਿਹਾ ਕਿ ਕਿਸਾਨ 45 ਕਿਲੋਗ੍ਰਾਮ ਦਾ ਬੋਰਾ ਖਰੀਦਣਗੇ ਅਤੇ ਜਿੰਨੇ ਬੋਰੇ ਉਹ ਪਹਿਲਾਂ ਵਰਤਦੇ ਸਨ ਓਨੇ ਹੀ ਹੁਣ ਵਰਤਣਗੇ। ਬੋਰੇ ਦਾ ਭਾਰ 50 ਦੀ ਬਜਾਏ 45 ਕਿਲੋ ਹੋਣ ਨਾਲ ਅਪ੍ਰਤੱਖ ਤੌਰ 'ਤੇ ਖਪਤ 'ਚ 10 ਫੀਸਦੀ ਦੀ ਕਮੀ ਆਵੇਗੀ। ਭਾਰਤ 'ਚ ਪਿਛਲੇ ਸਾਲ ਤੋਂ ਤਕਰੀਬਨ 2.4 ਕਰੋੜ ਟਨ ਯੂਰੀਆ ਦਾ ਉਤਪਾਦਨ ਹੋ ਰਿਹਾ ਹੈ, ਜੋ 2.2 ਕਰੋੜ ਟਨ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੈ। ਕਿਸਾਨਾਂ ਨੂੰ ਸਸਤੇ ਰੇਟ 'ਤੇ ਯੂਰੀਆ ਉਪਲੱਬਧ ਕਰਾਉਣ ਲਈ ਸਰਕਾਰ ਇਸ ਦੀ ਸਬਸਿਡੀ 'ਤੇ ਸਾਲਾਨਾ ਕਰੋੜਾਂ ਰੁਪਏ ਖਰਚ ਕਰਦੀ ਹੈ।