CBI ਦੀ ਇਸ ਗਲਤੀ ਕਾਰਨ ਮਾਲਿਆ ਨੂੰ ਮਿਲਿਆ ਦੇਸ਼ ''ਚੋਂ ਭੱਜਣ ਦਾ ਮੌਕਾ, ਕਾਰਨ ਆਇਆ ਸਾਹਮਣੇ

09/18/2018 3:24:16 PM

ਨਵੀਂ ਦਿੱਲੀ — ਵਿਜੇ ਮਾਲਿਆ ਦੇ ਦੇਸ਼ 'ਚੋਂ ਭੱਜਣ ਦੇ ਮਾਮਲੇ 'ਚ ਸੀ.ਬੀ.ਆਈ. ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਆ ਰਹੀ ਹੈ। ਹੁਣੇ ਜਿਹੇ ਸੀ.ਬੀ.ਆਈ. ਵਲੋਂ ਦਾਅਵਾ ਕੀਤਾ ਗਿਆ ਸੀ ਕਿ ਵਿਜੇ ਮਾਲਿਆ ਨੂੰ ਲੈ ਕੇ ਲੁੱਕ ਆਊਟ ਸਰਕੂਲਰ 'ਚ ਬਦਲਾਅ ਕਰਕੇ ਉਨ੍ਹਾਂ ਨੂੰ ਦੇਸ਼ 'ਚ ਰੋਕਣ ਦੀ ਬਜਾਏ ਸਿਰਫ ਨਿਗਰਾਨੀ ਰੱਖਣ ਦਾ ਫੈਸਲਾ ਉਨ੍ਹਾਂ ਦੀ ਭੁੱਲ ਸੀ। ਇਸ ਦੇ ਨਾਲ ਹੀ ਇਕ ਅੰਗ੍ਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਸੀ.ਬੀ.ਆਈ. ਨੇ ਮੁੰਬਈ ਪੁਲਸ ਨੂੰ ਲਿਖਤ 'ਚ ਤਰਕ ਦਿੰਦੇ ਹੋਏ ਕਿਹਾ ਸੀ ਕਿ ਪਹਿਲਾਂ ਲੁੱਕ ਆਊਟ ਗਲਤੀ ਨਾਲ ਜਾਰੀ ਕਰ ਦਿੱਤਾ ਗਿਆ ਹੈ। ਮਾਲਿਆ ਨੂੰ ਰੋਕੇ ਜਾਣ ਦੀ ਜ਼ਰੂਰਤ ਨਹੀਂ ਹੈ।

ਸੀ.ਬੀ.ਆਈ. ਨੇ ਕਿਹਾ ਗਲਤੀ ਨਾਲ ਜਾਰੀ ਹੋਇਆ ਪਹਿਲਾ ਸਰਕੂਲਰ

ਸੀ.ਬੀ.ਆਈ. ਵਲੋਂ ਪਹਿਲਾਂ ਲੁੱਕ ਆਊਟ ਸਰਕੂਲਰ ਅਕਤੂਬਰ 2015 ਨੂੰ ਜਾਰੀ ਕੀਤਾ ਗਿਆ ਸੀ। ਲੁੱਕ ਆਊਟ ਸਰਕੂਲਰ ਜਾਰੀ ਕਰਨ ਲਈ ਭਰੇ ਜਾਣ ਵਾਲੇ ਫਾਰਮ 'ਤੇ ਲਿਖਿਆ ਗਿਆ ਸੀ ਕਿ ਇਸ ਵਿਅਕਤੀ ਨੂੰ ਭਾਰਤ ਛੱਡਣ ਤੋਂ ਰੋਕਿਆ ਜਾਵੇ। ਇਸ ਤੋਂ ਬਾਅਦ ਦੂਜਾ ਸਰਕੂਲਰ 24 ਨਵੰਬਰ 2015 ਨੂੰ ਜਾਰੀ ਕੀਤਾ ਗਿਆ। ਇਹ ਸਰਕੂਲਰ ਕਵਰਿੰਗ ਲੈਟਰ ਨਾਲ ਮੁੰਬਈ ਪੁਲਸ ਨੂੰ ਭੇਜਿਆ ਗਿਆ। ਇਸ ਵਿਚ ਲਿਖਿਆ ਸੀ ਕਿ ਇਸ ਵਿਅਕਤੀ ਦੀ ਆਉਣ ਅਤੇ ਜਾਣ ਦੀ ਸਾਰੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ।

ਸੀ.ਬੀ.ਆਈ. ਕਰ ਰਹੀ ਸਪੁਰਦਗੀ ਦੀ ਕੋਸ਼ਿਸ਼

4 ਮਹੀਨੇ ਬਾਅਦ ਮਾਲਿਆ 2 ਮਾਰਚ 2016 ਨੂੰ ਦੇਸ਼ ਛੱਡ ਕੇ ਚਲਾ ਗਿਆ। ਉਸ ਸਮੇਂ ਤੋਂ ਹੁਣ ਤੱਕ ਸੀ.ਬੀ.ਆਈ. ਮਾਲਿਆ ਨੂੰ ਵਾਪਸ ਲਿਆਉਣ ਲਈ ਯੂ.ਕੇ. ਤੋਂ ਸਪੁਰਦਗੀ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਮਾਲਿਆ ਨੂੰ ਕਰਜ਼ਾ ਦੇਣ ਵਾਲੇ ਭਾਰਤੀ ਸਟੇਟ ਬੈਂਕ ਨੇ ਵੀ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਕੋਰਟ 'ਚ ਮਾਲਿਆ ਨੂੰ ਦੇਸ਼ ਚੋਂ ਬਾਹਰ ਜਾਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਪਹਿਲੇ ਕਿਹਾ ਸੀ ਕਿ ਮਾਲਿਆ ਨੂੰ ਰੋਕਣ ਲਈ ਲੋੜੀਂਦੇ ਅਧਾਰ ਮੌਜੂਦ ਨਹੀਂ ਹਨ

13 ਸਤੰਬਰ ਨੂੰ ਇਕ ਖਬਰ ਅਨੁਸਾਰ ਸੀ.ਬੀ.ਆਈ ਨੇ ਕਿਹਾ ਕਿ ਲੁੱਕ ਆਊਟ ਸਰਕੂਲਰ ਨੂੰ ਡਾਊਨਗ੍ਰੇਡ ਕਰਨਾ ਉਨ੍ਹਾਂ ਦਾ ਗਲਤ ਫੈਸਲਾ ਸੀ। ਅਜਿਹੇ 'ਚ ਦੋ ਦਿਨ ਪਹਿਲਾਂ ਸੀ.ਬੀ.ਆਈ. ਨੇ ਕਿਹਾ ਸੀ ਕਿ ਇਹ ਮਾਲਿਆ ਨੂੰ ਦੇਸ਼ 'ਚ ਰੋਕਣ ਲਈ ਜ਼ਰੂਰੀ(ਲੋੜੀਂਦੇ) ਅਧਾਰ ਨਾ ਹੋਣ ਕਾਰਨ ਹੀ ਲੈਟਰ ਆਫ ਸਰਕੂਲਰ 'ਚ ਬਦਲਾਅ ਕੀਤਾ ਗਿਆ ਸੀ।