ਜਪਾਨ-Korea ''ਚ ਤਕਰਾਰ ਨਾਲ ਮਹਿੰਗੇ ਹੋ ਸਕਦੇ ਹਨ ਸਮਾਰਟ ਫੋਨ

07/23/2019 3:57:29 PM

ਬਿਜ਼ਨੈੱਸ ਡੈਸਕ— ਜਪਾਨ ਅਤੇ ਦੱਖਣੀ ਕੋਰੀਆ ਵਿਚਕਾਰ ਤਾਜ਼ਾ ਤਕਰਾਰ ਕਾਰਨ ਗਲੋਬਲ ਸੈਮੀਕੰਡਕਟਰਸ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਸਮਾਰਟ ਫੋਨਾਂ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ। ਜਪਾਨ ਨੇ ਤਿੰਨ ਮਹੱਤਵਪੂਰਨ ਕੈਮੀਕਲਾਂ ਦੀ ਸਪਲਾਈ ਦੱਖਣੀ ਕੋਰੀਆ ਨੂੰ ਸੀਮਤ ਕਰ ਦਿੱਤੀ ਹੈ, ਜਿਨ੍ਹਾਂ ਦੀ ਵਰਤੋਂ ਸੈਮੀਕੰਡਕਟਰ, ਮੈਮੋਰੀ ਚਿਪ ਤੇ ਡਿਸਪਲੇਅ ਸਕ੍ਰੀਨ 'ਚ ਕੀਤੀ ਜਾਂਦੀ ਹੈ। ਇਹ ਐਪਲ, ਹੁਵਾਈ ਤੇ ਸੈਮਸੰਗ ਦੇ ਗਾਹਕਾਂ ਲਈ ਬੁਰੀ ਖਬਰ ਹੈ।

 

ਜਾਣਕਾਰੀ ਮੁਤਾਬਕ, ਜਪਾਨ ਨੇ ਫਲੋਰੀਨੇਟਡ ਪੋਲੀਇਮਾਈਡ, ਫੋਟੋਰੀਜ਼ਸਿਟ ਅਤੇ ਹਾਈਡਰੋਜਨ ਫਲੋਰਾਈਡ ਦੀ ਸਪਲਾਈ ਦੱਖਣੀ ਕੋਰੀਆ ਨੂੰ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਦਾ ਇਸਤੇਮਾਲ ਸੈਮੀਕੰਡਕਟਰ, ਮੈਮੋਰੀ ਚਿਪ, ਡਿਸਪਲੇਅ ਸਕ੍ਰੀਨ, ਮਾਈਕਰੋਪ੍ਰੋਸੈੱਸਰ ਤੇ ਇੰਟੈੱਗਰੇਟਡ ਸਰਕਿਟ 'ਚ ਹੁੰਦਾ ਹੈ। 4 ਜੁਲਾਈ ਨੂੰ ਇਹ ਪਾਬੰਦੀ ਲਾਗੂ ਹੋਈ ਹੈ। ਹੁਣ ਜਪਾਨੀ ਸਪਲਾਈਕਰਤਾਵਾਂ ਨੂੰ ਇਨ੍ਹਾਂ ਕੈਮੀਕਲਾਂ ਦੀ ਵਿਕਰੀ ਦੱਖਣੀ ਕੋਰੀਆ ਨੂੰ ਕਰਨ ਲਈ ਹਰ ਵਾਰ ਮਨਜ਼ੂਰੀ ਲੈਣੀ ਪੈ ਰਹੀ ਹੈ, ਜਿਸ 'ਚ ਤਕਰੀਬਨ 90 ਦਿਨ ਦਾ ਸਮਾਂ ਲੱਗ ਸਕਦਾ ਹੈ। ਜੇਕਰ ਦੱਖਣੀ ਕੋਰੀਆਈ ਮੈਮੋਰੀ ਚਿਪ ਉਤਪਾਦਨ 'ਚ ਸਪਲਾਈ ਦੀ ਰੁਕਾਵਟ ਜਾਰੀ ਰਹੀ ਤਾਂ ਇਸ ਨਾਲ ਮੈਮੋਰੀ ਕੰਪੋਨੈਂਟਸ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋ ਸਕਦਾ ਹੈ, ਜਿਸ ਕਾਰਨ ਸਮਾਰਟ ਫੋਨ ਨਿਰਮਾਤਾਵਾਂ ਨੂੰ ਇਸ ਦਾ ਬੋਝ ਗਾਹਕਾਂ 'ਤੇ ਪਾਉਣਾ ਪੈ ਸਕਦਾ ਹੈ।

 

 

ਕਿਉਂ ਅਹਿਮ ਹੈ ਇਹ ਮਾਮਲਾ


ਜਪਾਨ ਵਿਸ਼ਵ ਸਪਲਾਈ ਦਾ ਲਗਭਗ 90 ਫੀਸਦੀ ਫਲੋਰੀਨੇਟਡ ਪੋਲੀਇਮਾਈਡ ਤੇ ਫੋਟੋਰੀਜ਼ਸਿਟ ਉਤਪਾਦਨ ਕਰਦਾ ਹੈ ਅਤੇ ਤਕਰੀਬਨ 70 ਫੀਸਦੀ ਹਾਈਡਰੋਜਨ ਫਲੋਰਾਈਡ ਦਾ ਉਤਪਾਦਨ ਕਰਦਾ ਹੈ। ਯੂ. ਐੱਸ., ਦੱਖਣੀ ਕੋਰੀਆ, ਸਵਿਟਜ਼ਰਲੈਂਡ, ਤੇ ਨੀਦਰਲੈਂਡ ਟਾਪ ਸੈਮੀਕੰਡਕਟਰ ਵਿਕਰੇਤਾ ਹਨ। ਦੱਖਣੀ ਕੋਰੀਆ ਸੈਮੀਕੰਡਕਟਰ ਦਿੱਗਜ ਸੈਮਸੰਗ ਇਲੈਕਟ੍ਰਾਨਿਕਸ ਤੇ ਐੱਸ. ਕੇ. ਹਾਈਨਿਕਸ ਦਾ ਘਰ ਹੈ, ਜਿਸ ਨੇ ਸਾਲ 2018 'ਚ ਵਿਸ਼ਵ ਪੱਧਰ 'ਤੇ ਮੈਮੋਰੀ ਚਿਪਸ 'ਚ ਇਸਤੇਮਾਲ ਹੋਣ ਵਾਲੇ 61 ਫੀਸਦੀ ਕੰਪੋਨੈਂਟਸ ਦੀ ਸਪਲਾਈ ਕੀਤੀ ਸੀ, ਜਿਸ ਦੇ ਖਰੀਦਦਾਰਾਂ 'ਚ ਐਪਲ ਤੇ ਹੁਵਾਈ ਵੀ ਸ਼ਾਮਲ ਸਨ। ਫਿਲਹਾਲ ਸੈਮਸੰਗ ਇਲੈਕਟ੍ਰਾਨਿਕਸ ਅਤੇ ਐੱਸ. ਕੇ. ਹਾਈਨਿਕਸ ਕੋਲ ਸੈਮੀਕੰਡਕਟਰਸ ਦਾ ਭਾਰੀ ਮਾਤਰਾ 'ਚ ਭੰਡਾਰ ਹੈ ਪਰ ਜਦੋਂ ਇਹ ਖਤਮ ਹੋ ਜਾਵੇਗਾ ਤਾਂ ਚਿਪ ਬਣਾਉਣ ਵਾਲੀਆਂ ਕੰਪਨੀਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ, ਜਿਸ ਨਾਲ ਤੁਹਾਡਾ ਅਗਲਾ ਸਮਾਰਟ ਫੋਨ ਮਹਿੰਗਾ ਹੋ ਸਕਦਾ ਹੋ ਸਕਦਾ ਹੈ।