ਕਰੰਸੀ ਨੋਟਾਂ ਨਾਲ ਕੋਰੋਨਾ ਫੈਲਣ ’ਤੇ ਸਰਕਾਰ ਦੀ ਚੁੱਪੀ, ਕੈਟ ਨੇ ਖੜ੍ਹਾ ਕੀਤਾ ਸਵਾਲ

09/20/2020 7:40:54 AM

ਨਵੀਂ ਦਿੱਲੀ— ਕੀ ਕਰੰਸੀ ਨੋਟਾਂ ਨਾਲ ਵੀ ਕੋਰੋਨਾ ਫੈਲਦਾ ਹੈ? ਇਸ ਸਵਾਲ ’ਤੇ ਸਰਕਾਰ ਚੁੱਪ ਹੈ ਕਿਉਂਕਿ ਪਿਛਲੇ 6 ਮਹੀਨੇ ’ਚ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਕੇਂਦਰੀ ਸਿਹਤ ਮੰਤਰੀ ਅਤੇ ਇਸ ਨਾਲ ਸਬੰਧਤ ਸੰਸਥਾਨ ਚੁੱਪ ਹਨ। ਇਹ ਕਹਿਣਾ ਹੈ ਛੋਟੇ ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦਾ। ਇਸ ਨਾਲ ਲੋਕ ਜਾਗਰੂਕ ਨਹੀਂ ਹੋ ਪਾ ਰਹੇ ਹਨ ਅਤੇ ਉਹ ਜਾਣੇ-ਅਣਜਾਣੇ ’ਚ ਕੋਰੋਨਾ ਫੈਲਾਉਣ ਦੇ ਮਦਦਗਾਰ ਬਣ ਰਹੇ ਹਨ।

ਕੈਟ ਵਲੋਂ ਇਥੇ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਣ ਸਰਕਾਰ ਦੇ ਮੰਤਰੀਆਂ ਅਤੇ ਸਿਹਤ ਨਾਲ ਜੁੜੇ ਅਹਿਮ ਸਰਕਾਰੀ ਵਿਭਾਗਾਂ ’ਤੇ ਕੰਮ ਦਾ ਬੋਝ ਜ਼ਿਆਦਾ ਹੈ, ਇਹ ਗੱਲ ਸਹੀ ਹੈ, ਪਰ ਜੇ ਰਾਸ਼ਟਰੀ ਪੱਧਰ ਦੀ ਕੋਈ ਅਹਿਮ ਸੰਸਥਾ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਦੀ ਮਦਦ ਕਰਨ ਲਈ ਕੋਈ ਲਾਜ਼ੀਕਲ ਜਾਣਕਾਰੀ ਮੰਗੇ ਤਾਂ ਉਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸੰਗਠਨ ਦਾ ਕਹਿਣਾ ਹੈ ਕਿ ਬੀਤੇ 6 ਮਹੀਨੇ ’ਚ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਕੇਂਦਰੀ ਸਿਹਤ ਮੰਤਰੀ ਅਤੇ ਸਬੰਧਤ ਸੰਸਥਾਨ ਜਾਣਕਾਰੀ ਨਹੀਂ ਦੇ ਪਾ ਰਹੇ ਹਨ, ਜਦੋਂ ਕਿ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਹ ਜਾਣਕਾਰੀ ਬੇਹੱਦ ਅਹਿਮ ਹੈ।

9 ਮਾਰਚ 2020 ਨੂੰ ਹੀ ਪੁੱਛਿਆ ਸੀ ਸਵਾਲ

ਕੈਟ ਨੇ 9 ਮਾਰਚ 2020 ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਇਕ ਪੱਤਰ ਭੇਜ ਕੇ ਪੁੱਛਿਆ ਸੀ ਕਿ ਕੀ ਕੋਰੋਨਾ ਕਰੰਸੀ ਨੋਟਾਂ ਰਾਹੀਂ ਫੈਲ ਸਕਦਾ ਹੈ। ਇਸ ਤੋਂ ਬਾਅਦ 18 ਮਾਰਚ 2020 ਨੂੰ ਕੈਟ ਨੇ ਇਕ ਹੋਰ ਪੱਤਰ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਡਾਇਰੈਕਟਰ ਡਾਕਟਰ ਬਲਰਾਮ ਭਾਰਗਵ ਨੂੰ ਪੱਤਰ ਭੇਜ ਕੇ ਇਹੀ ਸਵਾਲ ਉਨ੍ਹਾਂ ਨੂੰ ਵੀ ਕੀਤਾ ਸੀ ਪਰ 6 ਮਹੀਨੇ ਬੀਤੇ ਜਾਣ ਤੋਂ ਬਾਅਦ ਵੀ ਇੰਨੇ ਅਹਿਮ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ ਜਦੋਂ ਕਿ ਇਹ ਮਾਮਲਾ ਨਾ ਸਿਰਫ ਦੇਸ਼ ਦੇ ਕਰੋੜਾਂ ਵਪਾਰੀਆਂ ਸਗੋਂ ਆਮ ਲੋਕਾਂ ਦੀ ਸਿਹਤ ਨਾਲ ਜੁੜਿਆ ਹੈ।

ਕਈ ਖੋਜਾਂ ਤੋਂ ਹੋਇਆ ਹੈ ਸਾਬਤ

ਦੇਸ਼ ’ਚ ਅਨੇਕਾਂ ਥਾਂ ਅਤੇ ਵਿਦੇਸ਼ਾਂ ’ਚ ਅਨੇਕ ਦੇਸ਼ਾਂ ’ਚ ਇਸ ਵਿਸ਼ੇ ’ਤੇ ਅਨੇਕ ਅਧਿਐਨ ਰਿਪੋਰਟ ’ਚ ਇਹ ਸਾਬਤ ਹੋਇਆ ਹੈ ਕਿ ਕਰੰਸੀ ਨੋਟਾਂ ਰਾਹੀਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੇਜ਼ੀ ਨਾਲ ਫੈਲਦੀ ਹੈ। ਅਜਿਹਾ ਇਸ ਲਈ ਕਿਉਂਕਿ ਨੋਟਾਂ ਦੀ ਪਰਤ ਸੁੱਕੀ ਹੋਣ ਕਾਰਣ ਕਿਸੇ ਵੀ ਤਰ੍ਹਾਂ ਦਾ ਵਾਇਰਸ ਜਾਂ ਬੈਕਟੀਰੀਆ ਲੰਮੇ ਸਮੇਂ ਤੱਕ ਉਸ ’ਤੇ ਰਹਿ ਸਕਦਾ ਹੈ। ਕਰੰਸੀ ਨੋਟਾਂ ਦਾ ਲੈਣ-ਦੇਣ ਵੱਡੀ ਮਾਤਰਾ ’ਚ ਅਨੇਕਾਂ ਅਣਜਾਣ ਲੋਕਾਂ ਦਰਮਿਆਨ ਹੁੰਦਾ ਹੈ ਤਾਂ ਇਸ ਲੜੀ ’ਚ ਕੌਣ ਵਿਅਕਤੀ ਕਿਸ ਰੋਗ ਤੋਂ ਪੀੜਤ ਹੈ, ਇਹ ਪਤਾ ਨਹੀਂ ਲਗਦਾ। ਇਸ ਕਾਰਣ ਕਰੰਸੀ ਨੋਟਾਂ ਰਾਹੀਂ ਇਨਫੈਕਸ਼ਨ ਛੇਤੀ ਹੋਣ ਦਾ ਖਦਸ਼ਾ ਰਹਿੰਦਾ ਹੈ। ਭਾਰਤ ’ਚ ਨਕਦੀ ਦੀ ਰਵਾਇਤ ਬਹੁਤ ਜ਼ਿਆਦਾ ਹੈ ਅਤੇ ਇਸ ਨਜ਼ਰੀਏ ਨਾਲ ਵਪਾਰੀਆਂ ਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈ।

ਭਾਰਤ ’ਚ ਵੀ ਹੋਈ ਹੈ ਖੋਜ

ਕੈਟ ਦਾ ਕਹਿਣਾ ਹੈ ਕਿ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ, ਜਨਰਲ ਆਫ ਕਰੰਟ ਮਾਈਕ੍ਰੋ ਬਾਇਓਲਾਜੀ ਐਂਡ ਐਪਲਾਇਡ ਸਾਇੰਸ, ਇੰਟਰਨੈਸ਼ਨਲ ਜਨਰਲ ਆਫ ਫਾਰਮਾ ਐਂਡ ਬਾਇਓ ਸਾਇੰਸ, ਇੰਟਰਨੈਸ਼ਨਲ ਜਨਰਲ ਆਫ ਐਡਵਾਂਸ ਰਿਸਰਚ ਆਦਿ ਨੇ ਵੀ ਆਪਣੀ-ਆਪਣੀ ਰਿਪੋਰਟ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਰੰਸੀ ਨੋਟ ਰਾਹੀਂ ਇਨਫੈਕਸ਼ਨ ਹੁੰਦੀ ਹੈ। ਇਸ ਨਜ਼ਰੀਏ ਨਾਲ ਕੋਰੋਨਾ ਕਾਲ ’ਚ ਕਰੰਸੀ ਦਾ ਇਸਤੇਮਾਲ ਸਾਵਧਾਨੀਪੂਰਵਕ ਕੀਤਾ ਜਾਣਾ ਜ਼ਰੂਰੀ ਹੈ ਪਰ ਇਸ ਮਾਮਲੇ ’ਤੇ ਸਰਕਾਰ ਦੀ ਚੁੱਪ ਬੇਹੱਦ ਹੈਰਾਨੀਜਨਕ ਹੈ। ਕੈਟ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਤੋਂ ਮੰਗ ਕੀਤੀ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਸਪੱਸ਼ਟ ਕਰਨ ਕਿ ਕੀ ਕੀ ਕਰੰਸੀ ਨੋਟਾਂ ਰਾਹੀਂ ਕੋਰੋਨਾ ਅਤੇ ਹੋਰ ਵਾਇਰਸ ਜਾਂ ਬੈਕਟੀਰੀਆ ਫੈਲਦਾ ਹੈ ਜਾਂ ਨਹੀਂ।


Sanjeev

Content Editor

Related News