4 ਭਾਰਤੀ ਕੰਪਨੀਆਂ ਸਮੇਤ ਵਿਸ਼ਵਵਿਆਪੀ ਉਦਯੋਗ ਜਗਤ ਨੇ ''ਗ੍ਰੀਨ ਇਕਾਨਮੀ'' ਵੱਲ ਵਧਣ ਦੀ ਕੀਤੀ ਅਪੀਲ

05/19/2020 3:57:10 PM

ਸੰਯੁਕਤ ਰਾਸ਼ਟਰ(ਭਾਸ਼ਾ) — ਚਾਰ ਭਾਰਤੀ ਕੰਪਨੀਆਂ 150 ਉਨ੍ਹਾਂ ਗਲੋਬਲ ਕਾਰਪੋਰੇਸ਼ਨ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਵਿਡ-19 ਆਰਥਿਕ ਪ੍ਰੋਤਸਾਹਨ ਅਤੇ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਜਲਵਾਯੂ ਵਿਗਿਆਨ ਨਾਲ ਜੋੜਣ, ਤਾਂ ਜੋ 'ਗ੍ਰੀਨ ਇਕਾਨਮੀ' ਵੱਲ ਤੇਜ਼ੀ ਨਾਲ ਵਧਿਆ ਜਾ ਸਕੇ।

ਹਰੀ ਆਰਥਿਕਤਾ(Green Economy) ਤੋਂ ਮਤਲਬ ਇੱਕ ਅਜਿਹੀ ਪ੍ਰਣਾਲੀ ਤੋਂ ਹੈ ਜਿੱਥੇ ਵਾਤਾਵਰਣ ਨੂੰ ਬਿਲਕੁੱਲ ਵੀ ਨਾ ਜਾਂ ਘੱਟ ਤੋਂ ਘੱਟ ਨੁਕਸਾਨ ਹੋਵੇ। ਡਾਲਮੀਆ ਸੀਮੈਂਟ (ਇੰਡੀਆ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹਿੰਦਰ ਸਿੰਘੀ, ਪਾਲੀਜੈਂਟਾ ਤਕਨਾਲੋਜੀ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਮਕਰੰਦ ਕੁਲਕਰਨੀ, ਟੇਕ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ.ਪੀ. ਗੁਰਨਾਨੀ ਅਤੇ ਵਿਪਰੋ ਦੇ ਸੀ.ਈ.ਓ. ਆਬਿਦ ਅਲੀ ਨੀਮਚਵਾਲਾ ਨੇ ਬਿਆਨ 'ਤੇ ਦਸਤਖਤ ਕੀਤੇ ਹਨ।

ਇਨ੍ਹਾਂ ਤੋਂ ਇਲਾਵਾ ਇਸ ਬਿਆਨ 'ਤੇ 33 ਦੇਸ਼ਾਂ ਦੇ 34 ਖੇਤਰਾਂ ਦੇ ਸਿਖਰ ਅਧਿਕਾਰੀਆਂ ਵਲੋਂ ਦਸਤਖਤ ਕੀਤੇ ਗਏ ਹਨ। ਇਸ ਬਿਆਨ 'ਤੇ ਦਸਤਖਤ ਕਰਨ ਵਾਲੀਆਂ ਕੰਪਨੀਆਂ ਵਿਚ ਗਲੋਬਲ ਫਾਰਮਾ ਕੰਪਨੀਆਂ ਨੋਵਾਰਟਿਸ, ਅਡੋਬ, ਐਸਟਰਾਜ਼ੇਨੇਕਾ, ਬਰਬੇਰੀ, ਕੈਪਜੇਮਿਨੀ, ਕੋਲਗੇਟ ਪਾਮੋਲਿਵ ਅਤੇ ਹੈਵਲੇਟ ਸ਼ਾਮਲ ਹਨ। ਇਹ ਬਿਆਨ ਸੰਯੁਕਤ ਰਾਸ਼ਟਰ ਵਲੋਂ ਸਹਿਯੋਗੀ ਕੋਸ਼ਿਸ਼ਾਂ ਦਾ ਹਿੱਸਾ ਹੈ ਅਤੇ ਇਸ ਵਿਚ 155 ਕੰਪਨੀਆਂ ਦੇ ਦਸਤਖਤ ਹਨ ਜਿਨ੍ਹਾਂ ਦਾ ਕੁੱਲ ਬਾਜ਼ਾਰ ਪੂੰਜੀਕਰਣ 2400 ਅਰਬ ਡਾਲਰ ਤੋਂ ਵੱਧ ਹੈ ਅਤੇ ਇਨ੍ਹਾਂ 'ਚ 50 ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਸਾਂਝੇ ਬਿਆਨ ਵਿਚ ਕਿਹਾ ਗਿਆ, “'ਵੱਖ-ਵੱਖ ਦੇਸ਼ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇਕ ਆਰਥਿਕ ਸਹਾਇਤਾ ਅਤੇ ਸੁਧਾਰ ਪੈਕੇਜ ਉੱਤੇ ਕੰਮ ਕਰ ਰਹੇ ਹਨ ਅਤੇ ਜਿਵੇਂ ਕਿ ਉਹ ਪੈਰਿਸ ਸਮਝੌਤੇ ਤਹਿਤ ਰਾਸ਼ਟਰੀ ਜਲਵਾਯੂ ਯੋਜਨਾਵਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਿੰਮਤੀ ਜਲਵਾਯੂ ਕਾਰਵਾਈ ਦੇ ਜ਼ਰੀਏ ਭਵਿੱਖ ਦੀ ਸਿਰਜਣਾ ਲਈ ਕੰਮ ਕਰਨ।'


Harinder Kaur

Content Editor

Related News