50 ਲੱਖ ਤੱਕ ਹੈ ਸੈਲਰੀ ਤਾਂ ਭਰਨਾ ਹੋਵੇਗਾ ਆਈ. ਟੀ. ਆਰ. ਲਈ ਸਿਰਫ ‘ਸਹਿਜ’ ਫਾਰਮ

07/13/2019 9:07:04 AM

ਨਵੀਂ ਦਿੱਲੀ — ਅਸੈੱਸਮੈਂਟ ਯੀਅਰ 2019-20 ਲਈ ਆਮਦਨ ਕਰ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਦੀ ਅਾਖਰੀ ਤਰੀਕ 31 ਜੁਲਾਈ ਹੈ। ਜਿਵੇਂ-ਜਿਵੇਂ ਆਮਦਨ ਕਰ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਦੀ ਤਰੀਕ ਨਜ਼ਦੀਕ ਆ ਰਹੀ ਹੈ, ਆਮਦਨ ਕਰ ਵਿਭਾਗ ਕਰਦਾਤਿਆਂ ਲਈ ਨਵੇਂ-ਨਵੇਂ ਨਿਰਦੇਸ਼ ਜਾਰੀ ਕਰ ਰਿਹਾ ਹੈ।

ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਜੋ ਲੋਕ ਇਕ ਮਕਾਨ ਦੇ ਮਾਲਕ ਹਨ ਅਤੇ ਸੈਲਰੀ ਤੋਂ ਸਾਲਾਨਾ ਕਮਾਈ 50 ਲੱਖ ਰੁਪਏ ਤੱਕ ਹੈ ਤਾਂ ਉਨ੍ਹਾਂ ਨੂੰ ਆਈ. ਟੀ. ਆਰ. ਲਈ ਸਿਰਫ ਇਕ ਪੇਜ ਦਾ ਆਈ. ਟੀ. ਆਰ. -1 ਸਹਿਜ ਫਾਰਮ ਭਰਨਾ ਹੋਵੇਗਾ। ਇਸ ਨਾਲ ਕਰਦਾਤਿਆਂ ਨੂੰ ਆਈ. ਟੀ. ਆਰ. ਦਾਖਲ ਕਰਨ ’ਚ ਅਾਸਾਨੀ ਹੋਵੇਗੀ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ।

ਅਾਖਰੀ ਤਰੀਕ ਭੁੱਲੇ ਤਾਂ ਦੇਣਾ ਪਵੇਗਾ ਜੁਰਮਾਨਾ

ਆਮਦਨ ਕਰ ਵਿਭਾਗ ਅਨੁਸਾਰ ਸਾਰੇ ਕਰਦਾਤਿਆਂ ਨੂੰ 31 ਜੁਲਾਈ ਤੱਕ ਆਪਣਾ ਆਈ. ਟੀ. ਆਰ. ਜਮ੍ਹਾ ਕਰਨਾ ਜ਼ਰੂਰੀ ਹੈ। ਜੇਕਰ ਕੋਈ ਕਰਦਾਤਾ ਅਾਖਰੀ ਤਰੀਕ ਤੱਕ ਆਈ. ਟੀ. ਆਰ. ਦਾਖਲ ਨਹੀਂ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਦੇਣਾ ਪਵੇਗਾ। ਆਮਦਨ ਕਰ ਵਿਭਾਗ ਅਨੁਸਾਰ 31 ਜੁਲਾਈ ਤੋਂ ਬਾਅਦ 31 ਦਸੰਬਰ 2019 ਤੱਕ ਆਈ. ਟੀ. ਆਰ. ਦਾਖਲ ਕਰਨ ਵਾਲਿਆਂ ਨੂੰ 5000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਕਰਦਾਤਾ 31 ਦਸੰਬਰ ਦੀ ਤਰੀਕ ਵੀ ਭੁੱਲ ਜਾਂਦਾ ਹੈ ਤਾਂ 31 ਮਾਰਚ 2020 ਤੱਕ ਆਈ. ਟੀ. ਆਰ. ਦਾਖਲ ਕਰਨ ’ਤੇ 10,000 ਰੁਪਏ ਦਾ ਜੁਰਮਾਨਾ ਦਾਖਲ ਕਰਨਾ ਹੋਵੇਗਾ। ਜੇਕਰ ਤੁਸੀਂ 31 ਮਾਰਚ 2020 ਤੱਕ ਵੀ ਆਈ. ਟੀ. ਆਰ. ਦਾਖਲ ਨਹੀਂ ਕਰ ਪਾਉਂਦੇ ਹੋ ਤਾਂ ਆਮਦਨ ਕਰ ਵਿਭਾਗ ਤੁਹਾਨੂੰ ਨੋਟਿਸ ਜਾਰੀ ਕਰ ਸਕਦਾ ਹੈ। ਹਾਲਾਂਕਿ ਅਜਿਹੇ ਕਰਦਾਤਾ ਜਿਨ੍ਹਾਂ ਦੀ ਕਮਾਈ 5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ, ਉਨ੍ਹਾਂ ਨੂੰ ਲੇਟ ਫੀਸ ਦੇ ਰੂਪ ’ਚ ਸਿਰਫ 1000 ਰੁਪਏ ਹੀ ਦੇਣੇ ਹੋਣਗੇ।

ਫਾਰਮ-16 ਜ਼ਰੂਰ ਜਮ੍ਹਾ ਕਰਨ ਨੌਕਰੀ-ਪੇਸ਼ਾ ਲੋਕ

ਜੇਕਰ ਤੁਸੀਂ ਨੌਕਰੀ ਪੇਸ਼ੇ ਵਾਲੇ ਹੋ ਤਾਂ ਆਮਦਨ ਕਰ ਰਿਟਰਨ ਦਾਖਲ ਕਰਦੇ ਸਮੇਂ ਫਾਰਮ-16 ਜ਼ਰੂਰ ਪੇਸ਼ ਕਰੋ। ਫਾਰਮ-16 ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ। ਆਮ ਤੌਰ ’ਤੇ ਕੰਪਨੀਆਂ 30 ਜੂਨ ਤੱਕ ਆਪਣੇ ਕਰਮਚਾਰੀਆਂ ਨੂੰ ਫਾਰਮ-16 ਭੇਜ ਦਿੰਦੀਆਂ ਹਨ ਪਰ ਇਸ ਵਾਰ ਬਦਲਾਅ ਕਾਰਣ ਇਸ ’ਚ ਦੇਰੀ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਹੁਣ ਤੱਕ ਫਾਰਮ-16 ਨਹੀਂ ਮਿਲਿਆ ਹੈ ਤਾਂ ਕੰਪਨੀ ਤੋਂ ਜਲਦ ਤੋਂ ਜਲਦ ਇਸ ਦੀ ਮੰਗ ਕਰੋ। ਫਾਰਮ-16 ’ਚ ਕੰਪਨੀ ਵੱਲੋਂ ਪੂਰੇ ਸਾਲ ’ਚ ਤੁਹਾਨੂੰ ਦਿੱਤੀ ਗਈ ਰਕਮ ਅਤੇ ਟੈਕਸ ਕਟੌਤੀ ਦੀ ਜਾਣਕਾਰੀ ਹੁੰਦੀ ਹੈ।

31 ਜੁਲਾਈ ਤੋਂ ਪਹਿਲਾਂ ਜਮ੍ਹਾ ਕਰ ਦਿਓ ਆਈ. ਟੀ. ਆਰ.

ਕਰ ਮਾਹਿਰ ਸੀ. ਏ. ਮਨੀਸ਼ ਜੈਨ ਅਨੁਸਾਰ ਇਸ ਵਾਰ ਆਈ. ਟੀ. ਆਰ. ਦਾਖਲ ਕਰਨ ਦੀ ਅਾਖਰੀ ਤਰੀਕ 31 ਜੁਲਾਈ ਹੈ। ਅਾਖਰੀ ਸਮੇਂ ’ਚ ਕਰਦਾਤਿਆਂ ’ਚ ਆਈ. ਟੀ. ਆਰ. ਦਾਖਲ ਕਰਨ ਦੀ ਦੌੜ ਲੱਗੀ ਰਹਿੰਦੀ ਹੈ। ਇਸ ਨਾਲ ਕਈ ਵਾਰ ਈ-ਫਾਈਲਿੰਗ ਦੀ ਸਾਈਟ ਵੀ ਠੱਪ ਹੋ ਜਾਂਦੀ ਹੈ। ਅਜਿਹੇ ’ਚ ਆਈ. ਟੀ. ਆਰ. ਫਾਈਲਿੰਗ ’ਚ ਦੇਰੀ ਅਤੇ ਜੁਰਮਾਨੇ ਤੋਂ ਬਚਣ ਲਈ ਜਲਦ ਤੋਂ ਜਲਦ ਆਪਣਾ ਆਈ. ਟੀ. ਆਰ. ਜਮ੍ਹਾ ਕਰ ਦਿਓ।