ਸਰਕਾਰ ਬਣਾਉਣ ਜਾ ਰਹੀ ਹੈ ਨਿਯਮ, ਮਹਿੰਗੀ ਪਵੇਗੀ ਗਲਤ ਡਰਾਈਵਿੰਗ

06/17/2019 3:29:48 PM

ਨਵੀਂ ਦਿੱਲੀ— ਹੁਣ ਸੜਕਾਂ 'ਤੇ ਗੱਡੀ ਜਾਂ ਸਕੂਟਰ-ਮੋਟਰਸਾਈਕਲ ਚਲਾਉਂਦੇ ਸਮੇਂ ਟ੍ਰੈਫਿਕ ਨਿਯਮ ਤੋੜਦੇ ਫੜੇ ਗਏ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਸਰਕਾਰ ਜਲਦ ਹੀ ਸੰਸਦ 'ਚ 'ਮੋਟਰ ਵਾਹਨ ਕਾਨੂੰਨ-1988' 'ਚ ਸੋਧ ਕਰਨ ਲਈ ਬਿੱਲ ਪੇਸ਼ ਕਰ ਸਕਦੀ ਹੈ। ਇਹ ਬਿੱਲ ਪਹਿਲਾਂ ਹੀ ਲੋਕ ਸਭਾ 'ਚ ਪਾਸ ਹੈ ਤੇ ਰਾਜ ਸਭਾ ਵੱਲੋਂ ਇਸ ਨੂੰ ਹਰੀ ਝੰਡੀ ਮਿਲਣੀ ਬਾਕੀ ਹੈ। ਇਕ ਵਾਰ ਇਹ ਪਾਸ ਹੋ ਜਾਣ 'ਤੇ ਤੁਹਾਡੀ ਜ਼ਿੰਦਗੀ ਪੂਰੀ ਬਦਲ ਜਾਵੇਗੀ।

 

ਸੂਤਰਾਂ ਮੁਤਾਬਕ, ਲਾਇੰਸੈਂਸ ਤੇ ਰਜਿਸਟਰੇਸ਼ਨ ਸਰਟੀਫਿਕੇਟ ਲੈਣ ਲਈ 'ਆਧਾਰ' ਜ਼ਰੂਰੀ ਹੋ ਸਕਦਾ ਹੈ। ਉੱਥੇ ਹੀ, ਨਿਯਮਾਂ ਨੂੰ ਤੋੜਨ 'ਤੇ ਪਹਿਲਾਂ ਨਾਲੋਂ ਭਾਰੀ ਜੁਰਮਾਨਾ ਲੱਗੇਗਾ। ਕੋਈ ਨਾਬਾਲਗ ਨਿਯਮ ਤੋੜਦਾ ਹੈ ਤਾਂ ਉਸ ਸਥਿਤੀ 'ਚ ਵਾਹਨ ਦਾ ਮਾਲਕ ਜਿੰਮੇਵਾਰ ਹੋਵੇਗਾ।
ਉੱਥੇ ਹੀ, ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਨੂੰ ਘੱਟੋ-ਘੱਟ 10,000 ਰੁਪਏ ਜੁਰਮਾਨਾ ਲੱਗੇਗਾ, ਜੋ ਹੁਣ ਤਕ 2,000 ਰੁਪਏ ਹੈ। ਖਰਾਬ ਡਰਾਈਵਿੰਗ ਲਈ ਜੁਰਮਾਨਾ 1,000 ਰੁਪਏ ਤੋਂ ਵਧਾ ਕੇ 5,000 ਰੁਪਏ ਕੀਤਾ ਜਾਵੇਗਾ। ਲਾਇੰਸੈਂਸ ਤੋਂ ਬਿਨਾਂ ਗੱਡੀ ਜਾਂ ਸਕੂਟਰ-ਮੋਟਰਸਾਈਕਲ ਚਲਾਉਣ 'ਤੇ ਘੱਟੋ-ਘੱਟ 5,000 ਰੁਪਏ ਜੁਰਮਾਨਾ ਲੱਗੇਗਾ, ਜੋ ਹੁਣ 5,00 ਰੁਪਏ ਤਕ ਲੱਗਦਾ ਹੈ। ਓਵਰ ਸਪੀਡਿੰਗ ਤੁਹਾਨੂੰ 1,000-2,000 ਰੁਪਏ ਤਕ ਮਹਿੰਗੀ ਪਵੇਗੀ, ਜਿਸ ਲਈ ਫਿਲਹਾਲ 4,00 ਰੁਪਏ ਭਰ ਕੇ ਬਚਾ ਹੋ ਜਾਂਦਾ ਹੈ। ਸੀਟ ਬੈਲਟ ਨਾ ਬੰਨਣ 'ਤੇ 1,000 ਰੁਪਏ ਜੁਰਮਾਨਾ ਲਾਉਣਾ ਦੀ ਵਿਵਸਥਾ ਕੀਤੀ ਗਈ ਹੈ। ਡਰਾਈਵਿੰਗ ਕਰਦੇ ਮੋਬਾਇਲ 'ਤੇ ਗੱਲ ਕੀਤੀ ਤਾਂ 5,000 ਰੁਪਏ ਜੁਰਮਾਨਾ ਲੱਗੇਗਾ, ਯਾਨੀ ਹੁਣ ਨਾਲੋਂ ਪੰਜ ਗੁਣਾ ਵੱਧ ਜੇਬ ਢਿੱਲੀ ਹੋਵੇਗੀ।


Related News