ਸ਼ੇਅਰ ਬਾਜ਼ਾਰ ''ਚ 29 ਮਹੀਨਿਆਂ ਦਾ ਸਭ ਤੋਂ ਵੱਡਾ ਉਛਾਲ, ਜਾਣੋ ਕਾਰਨ

10/13/2018 11:25:26 AM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ 29 ਮਹੀਨਿਆਂ ਦੇ ਦੌਰਾਨ ਦਿਨ ਦਾ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 732.43 ਅੰਕ ਭਾਵ 2.15 ਫੀਸਦੀ ਦੇ ਉਛਾਲ ਦੇ ਨਾਲ 34,733.58 'ਤੇ, ਜਦੋਂਕਿ ਨਿਫਟੀ 237.85 ਅੰਕ ਭਾਵ 2.32 ਫੀਸਦੀ ਦੇ ਵਾਧੇ ਨਾਲ 10,472.50 'ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਇਹ ਉਛਾਲ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਰੁਪਏ ਦੀ ਮਜ਼ਬੂਤੀ ਤੋਂ ਬਾਅਦ ਆਇਆ ਹੈ। ਐੱਚ.ਡੀ.ਐੱਫ.ਸੀ. ਬੈਂਕ ਦੇ ਟ੍ਰੇਜਰੀ ਅਡਵਾਈਜ਼ਰੀ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਭਾਸਕਰ ਪਾਂਡਾ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਸਥਿਰਤਾ ਦਾ ਸੰਕੇਤ ਦੇ ਰਹੀਆਂ ਹਨ, ਡਾਲਰ ਇੰਡੈਕਸ 'ਚ ਵੀ ਗਿਰਾਵਟ ਆਈ। ਇਨ੍ਹਾਂ ਦੋਵਾਂ ਕਾਰਨਾਂ ਕਰਕੇ ਸ਼ੁੱਕਰਵਾਰ ਨੂੰ ਰੁਪਏ ਦੀ ਸਥਿਤੀ 'ਚ ਸੁਧਾਰ ਆਇਆ ਹੈ। 
ਦੱਸ ਦੇਈਏ ਕਿ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਦਰਅਸਲ 6,97.07 ਅੰਕਾਂ ਦੀ ਗਿਰਾਵਟ ਦੇ ਨਾਲ ਖੁੱਲ੍ਹਣ ਦੇ ਤੁਰੰਤ ਬਾਅਦ ਸੈਂਸੈਕਸ ਨੇ 1000 ਅੰਕ ਦਾ ਗੋਤਾ ਲਗਾ ਦਿੱਤਾ ਸੀ। ਉੱਧਰ ਨਿਫਟੀ 'ਚ 290.3 ਅੰਕਾਂ ਦੀ ਗਿਰਾਵਟ ਦੇ ਨਾਲ 10,169.80 'ਤੇ ਕਾਰੋਬਾਰ ਦੀ ਸ਼ੁਰੂਆਤ ਹੋਈ ਸੀ। ਇਸ ਦਾ ਅਸਰ ਨਿਵੇਸ਼ਕਾਂ ਦੀ ਸੰਪਤੀ 'ਤੇ ਪਇਆ ਹੈ ਅਤੇ ਸਿਰਫ 5 ਮਿੰਟ 'ਚ 4 ਲੱਖ ਕਰੋੜ ਰੁਪਏ ਬਾਜ਼ਾਰ ਤੋਂ ਬਾਹਰ ਹੋ ਗਏ। ਵੀਰਵਾਰ ਨੂੰ ਸੈਂਸੈਕਸ 759.74 ਅੰਕ ਭਾਵ 2.19 ਫੀਸਦੀ ਦੀ ਗਿਰਾਵਟ ਦੇ ਨਾਲ 34,001.15 'ਤੇ, ਜਦੋਂ ਕਿ ਨਿਫਟੀ 225.45 ਅੰਕ ਭਾਵ 2.16 ਫੀਸਦੀ ਕਮਜ਼ੋਰ ਹੋ ਕੇ 10,234.65 'ਤੇ ਬੰਦ ਹਇਆ ਸੀ। 
ਇਸ ਦੇ ਬਾਅਦ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਆਈ ਬਹਾਰ ਦੇ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਵੇਰੇ 9:25 ਵਜੇ ਸੈਂਸੈਕਸ ਦੇ 31 'ਚੋਂ 29 ਸ਼ੇਅਰ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਹੇ ਸਨ ਜਦੋਂ ਨਿਫਟੀ ਦੇ 50 ਸ਼ੇਅਰਾਂ 'ਚ 48 ਸ਼ੇਅਰਾਂ ਦੀ ਕੀਮਤ ਚੜ੍ਹ ਗਈ ਸੀ। ਸੈਂਸੈਕਸ 'ਤੇ ਟੁੱਟਣ ਵਾਲੇ ਦੋ ਸ਼ੇਅਰਾਂ 'ਚ ਟੀ.ਸੀ.ਐੱਸ.(1.35 ਫੀਸਦੀ) ਅਤੇ ਇੰਫੋਸਿਸ (0.59 ਫੀਸਦੀ) ਸ਼ਾਮਲ ਰਹੇ ਜਦੋਂ ਕਿ ਨਿਫਟੀ 'ਤੇ ਟੀ.ਸੀ.ਐੱਲ. 1.10 ਫੀਸਦੀ ਐੱਚ.ਸੀ.ਐੱਲ. ਤਕਨਾਲੋਜੀ 1.09 ਫੀਸਦੀ ਕਮਜ਼ੋਰ ਹੋਇਆ ਸੀ।