ਹਵਾਈ ਯਾਤਰਾ ਲਈ ਜ਼ਰੂਰੀ ਹੋਵੇਗਾ 'ਆਰੋਗਿਆ ਸੇਤੂ ਐਪ', AAI ਨੇ ਜਾਰੀ ਕੀਤੇ ਨਿਰਦੇਸ਼

05/16/2020 2:13:41 PM

ਨਵੀਂ ਦਿੱਲੀ — ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨੇ ਸ਼ੁੱਕਰਵਾਰ ਨੂੰ ਸਾਰੇ ਯਾਤਰੀਆਂ ਲਈ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ, ਵੈਬ-ਚੈੱਕ ਇਨ ਕਰਨ ਅਤੇ ਬੋਰਡਿੰਗ ਪਾਸ ਦਾ ਪ੍ਰਿੰਟਆਊਟ ਲਿਆਉਣਾ ਲਾਜ਼ਮੀ ਕਰ ਦਿੱਤਾ ਹੈ। ਅਥਾਰਟੀ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਸਹਿ-ਯਾਤਰੀਆਂ ਤੋਂ ਚਾਰ ਫੁੱਟ ਦੀ ਦੂਰੀ ਰੱਖਣੀ ਹੋਵੇਗੀ, ਮਾਸਕ ਅਤੇ ਹੋਰ ਜ਼ਰੂਰੀ ਸੁਰੱਖਿਆ ਉਪਕਰਣ ਪਹਿਨਣੇ ਹੋਣਗੇ, ਆਪਣੇ ਹੱਥ ਲਗਾਤਾਰ ਥੋਣੇ ਹੋਣਗੇ ਜਾਂ ਇਨ੍ਹਾਂ ਨੂੰ ਸੰਕਰਮਨ ਮੁਕਤ ਕਰਨਾ ਹੋਵੇਗਾ, ਇਸ ਤੋਂ ਇਲਾਵਾ 350 ਮਿਲੀਲੀਟਰ ਦੀ ਸੈਨੀਟਾਈਜ਼ਰ ਦੀ ਬੋਤਲ ਆਪਣੇ ਕੋਲ ਰੱਖਣੀ ਹੋਵੇਗੀ।

ਏਆਈਏ ਜਿਹੜੀ ਕਿ ਸਰਕਾਰ ਦੇ ਅਧੀਨ ਕੰਮ ਕਰਦੀ ਹੈ ਅਤੇ ਦੇਸ਼ ਭਰ ਵਿਚ 100 ਤੋਂ ਵੱਧ ਹਵਾਈ ਅੱਡਿਆਂ ਦਾ ਪ੍ਰਬੰਧਨ ਕਰਦੀ ਹੈ। ਹਾਲਾਂਕਿ, ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ਦਾ ਪ੍ਰਬੰਧਨ ਨਿੱਜੀ ਕੰਪਨੀਆਂ ਦੁਆਰਾ ਕੀਤਾ ਜਾ ਰਿਹਾ ਹੈ।

ਸਿਵਲ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਹਵਾਈ ਯਾਤਰੀਆਂ ਨੂੰ ਉਡਾਣ ਦੌਰਾਨ 350 ਮਿ.ਲੀ. ਹੈਂਡ ਸੈਨੀਟਾਈਜ਼ਰ ਲਿਜਾਣ ਦੀ ਆਗਿਆ ਦਿੱਤੀ ਜਾਏਗੀ। ਘਰੇਲੂ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦੀ ਸੰਭਾਵਨਾ ਦੇ ਨਾਲ ਏਏਆਈ ਨੇ ਕੁਝ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਯਾਤਰੀਆਂ ਨੂੰ ਯਾਤਰਾ ਦੌਰਾਨ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਹੁਣ ਜਲਦੀ ਹਵਾਈ ਸੇਵਾ ਵੀ ਸ਼ੁਰੂ ਕਰ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ 17 ਮਈ ਤੋਂ ਬਾਅਦ ਹਵਾਈ ਅੱਡਾ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ। ਏ.ਏ.ਆਈ. ਨੇ ਕੁਝ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਦਾ ਪਾਲਣ ਕਰਨਾ ਮੁਸਾਫਰਾਂ ਲਈ ਲਾਜ਼ਮੀ ਹੋਵੇਗਾ, ਜਲਦੀ ਹੀ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਹੈ।

ਏਆਈਈ ਵਲੋਂ ਜਾਰੀ ਨਿਰਦੇਸ਼

  • ਫੋਨ 'ਤੇ ਅਰੋਗਿਆ ਸੇਤੂ ਐਪ ਹੋਣਾ ਲਾਜ਼ਮੀ ਹੋਵੇਗਾ।
  • ਹਵਾਈ ਅੱਡੇ ਦੇ ਸਟਾਫ ਨਾਲ ਸਹਿਯੋਗ ਕਰਨਾ ਜ਼ਰੂਰੀ ਹੈ।
  • ਸਿਰਫ ਵੈਬ-ਚੈਕਿਨ ਦੀ ਆਗਿਆ ਹੋਵੇਗੀ।
  • ਹਰੇਕ ਯਾਤਰੀ ਲਈ ਆਪਣੇ ਸਹਿ ਯਾਤਰੀ ਤੋਂ ਚਾਰ ਫੁੱਟ ਦੀ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ।
  • ਇਸ ਮਿਆਦ ਦੌਰਾਨ ਕੈਬਿਨ ਸਮਾਨ ਲੈ ਜਾਉਣ ਦੀ ਆਗਿਆ ਨਹੀਂ ਹੋਵੇਗੀ।
  • ਮਾਸਕ, ਦਸਤਾਨੇ ਪਹਿਨਣੇ ਜ਼ਰੂਰੀ ਹਨ।
  • ਯਾਤਰੀ ਹੁਣ ਆਪਣੇ ਨਾਲ 350 ਮਿਲੀਲੀਟਰ ਹੈਂਡ ਸੈਨੀਟਾਈਜ਼ਰ ਲੈ ਸਕਦੇ ਹਨ।

 

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 25 ਮਾਰਚ ਤੋਂ ਭਾਰਤ ਵਿਚ ਲਾਕਡਾਉਨ ਲਾਗੂ ਹੈ। ਪਹਿਲਾਂ ਤਿੰਨ ਹਫਤਿਆਂ ਲਈ ਲਾਕਡਾਉਨ ਦਾ ਐਲਾਨ ਕੀਤਾ ਗਿਆ ਸੀ। ਬਾਅਦ ਵਿਚ ਇਸ ਨੂੰ 19 ਅਤੇ ਫਿਰ 14 ਦਿਨਾਂ ਲਈ ਵਧਾ ਦਿੱਤਾ ਗਿਆ ਸੀ । ਉਸ ਸਮੇਂ ਤੋਂ ਘਰੇਲੂ ਯਾਤਰੀ ਉਡਾਣ ਵੀ ਬੰਦ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਉਡਾਣਾਂ 22 ਮਾਰਚ ਤੋਂ ਬੰਦ ਹਨ।  ਲਾਕਡਾਉਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋ ਰਿਹਾ ਹੈ।

ਦੇਸ਼ ਵਿਚ ਕੋਵਿਡ-19 ਦੇ 81,900 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 2,600 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।

Harinder Kaur

This news is Content Editor Harinder Kaur