ਮਿਊਚੁਅਲ ਫੰਡ ’ਚ 24 ਮਹੀਨਿਅਾਂ ਦਾ  ਸਿਪ ਰਿਟਰਨ ਹੇਠਲੇ ਪੱਧਰ ’ਤੇ

02/11/2019 10:08:55 AM

ਮੁੰਬਈ - ਪਿਛਲੇ 24 ਮਹੀਨਿਅਾਂ ’ਚ ਜਿਨ੍ਹਾਂ ਲੋਕਾਂ ਨੇ ਇਕਵਿਟੀ ਮਿਊਚੁਅਲ ਫੰਡ ’ਚ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ  (ਐੱਸ. ਆਈ. ਪੀ.)   ਜ਼ਰੀਏ ਪੈਸੇ ਲਾਏ ਸਨ,  ਉਨ੍ਹਾਂ ’ਚੋਂ ਕਈ ਹੁਣ ਨੁਕਸਾਨ  ’ਚ ਹਨ।   ਯਾਨੀ  ਇਹ  ਸਿਪ  ਰਿਟਰਨ  ਹੇਠਲੇ  ਪੱਧਰ  ’ਤੇ  ਹੈ।  137 ਇਕਵਿਟੀ ਮਿਊਚੁਅਲ ਫੰਡਾਂ ’ਚੋਂ 78  ਦੇ ਐੱਸ. ਆਈ. ਪੀ.   (ਸਿਪ) ਨਿਵੇਸ਼ਕਾਂ ਨੂੰ ਔਸਤਨ 1.5 ਫੀਸਦੀ ਦਾ ਨੁਕਸਾਨ  ਹੋਇਆ ਹੈ।  ਕਰ ਬੱਚਤ ਯੋਜਨਾਵਾਂ ਸਮੇਤ ਇਕਵਿਟੀ ਯੋਜਨਾਵਾਂ ’ਚ ਨਿਵੇਸ਼ ਪਿਛਲੇ ਮਹੀਨੇ 6,158 ਕਰੋਡ਼ ਰੁਪਏ ਰਿਹਾ।  ਫਰਵਰੀ 2017  ਤੋਂ ਬਾਅਦ ਦਾ ਇਹ ਹੇਠਲਾ ਪੱਧਰ ਹੈ। 

ਮਿਊਚੁਅਲ ਫੰਡ ਡਿਸਟਰੀਬਿਊਟਰਾਂ ਨੇ ਦੱਸਿਆ ਕਿ ਸ਼ਾਰਟ ਟਰਮ ’ਚ ਉਤਾਰ-ਚੜ੍ਹਾਅ ਨਾਲ ਜ਼ਿਆਦਾਤਰ ਨਿਵੇਸ਼ਕ ਚਿੰਤਤ ਨਹੀਂ ਹਨ ਪਰ ਜਿਨ੍ਹਾਂ ਲੋਕਾਂ ਨੇ 2016 ਅਤੇ 2017 ’ਚ ਪਹਿਲੀ ਵਾਰ ਮਿਊਚੁਅਲ ਫੰਡ ’ਚ ਨਿਵੇਸ਼ ਸ਼ੁਰੂ ਕੀਤਾ ਸੀ,  ਉਹ ਨੁਕਸਾਨ  ’ਚ ਜਾਣ ਤੋਂ ਚਿੰਤਤ ਹਨ।  ਪਿਛਲੇ ਕੁਝ ਸਾਲਾਂ ਤੋਂ ਇਕਵਿਟੀ ਮਿਊਚੁਅਲ ਫੰਡ ’ਚ ਐੱਸ. ਆਈ. ਪੀ.  ਰੂਟ ਤੋਂ ਕਾਫੀ ਨਿਵੇਸ਼ ਹੋ ਰਿਹਾ ਹੈ।  ਦਸੰਬਰ 2019 ’ਚ ਸਿਪ ਨਿਵੇਸ਼ 8,022 ਕਰੋਡ਼  ਦੇ ਨਾਲ ਟਾਪ ’ਤੇ ਪਹੁੰਚ ਗਿਆ ਸੀ।  ਮਾਰਚ 2015 ’ਚ ਸਿਪ ਤੋਂ 1,916 ਕਰੋਡ਼ ਰੁਪਏ ਦਾ ਨਿਵੇਸ਼ ਇਕਵਿਟੀ ਮਿਊਚੁਅਲ ਫੰਡਸ ’ਚ ਹੋਇਆ ਸੀ। 

ਇੰਡਸਟਰੀ ਬਾਡੀਜ਼ ਐਸੋਸੀਏਸ਼ਨ ਆਫ  ਮਿਊਚੁਅਲ ਫੰਡਸ ਇਨ ਇੰਡੀਆ  (ਐੱਮਫੀ)   ਦੇ ਅੰਕੜਿਆਂ  ਮੁਤਾਬਕ ਇਸ ਸ਼੍ਰੇਣੀ ’ਚ ਮਈ 2014  ਤੋਂ ਬਾਅਦ ਪਹਿਲੀ ਮਾਸਿਕ ਨਿਕਾਸੀ ਦਿਖੀ।  ਜਨਵਰੀ ’ਚ ਇਸ ਤੋਂ 952 ਕਰੋਡ਼ ਰੁਪਏ ਕੱਢੇ ਗਏ।  ਹਾਲਾਂਕਿ ਉਦਯੋਗ ਲਈ ਮਾਸਿਕ ਅੰਕੜਿਆਂ ’ਚ ਕੁਝ ਸਾਕਾਰਾਤਮਕ ਚੀਜ਼ਾਂ ਵੀ ਰਹੀਅਾਂ।  ਇਨਕਮ ਸ਼੍ਰੇਣੀ ’ਚ 8 ਮਹੀਨਿਅਾਂ ਤੱਕ ਚੱਲੀ ਨਿਕਾਸੀ  ਤੋਂ ਬਾਅਦ 2,080 ਕਰੋਡ਼ ਰੁਪਏ ਦਾ ਨਿਵੇਸ਼ ਮਿਲਿਆ।  

ਨਿਵੇਸ਼ਕਾਂ ’ਚ ਸਿਪ ਦੀ ਲੋਕਪ੍ਰਿਅਤਾ ਵਧੀ

ਭਾਰਤੀ ਮਿਊਚੁਅਲ ਫੰਡ ਨਿਵੇਸ਼ਕਾਂ  ’ਚ ਸਿਪ ਦੀ ਲੋਕਪ੍ਰਿਅਤਾ ਵਧ ਰਹੀ ਹੈ।  ਇਸ ਨਾਲ ਰੁਪਏ ਕਾਸਟ ਐਵਰੇਜਿੰਗ ਦਾ ਫਾਇਦਾ ਮਿਲਦਾ ਹੈ।  ਸਿਪ ਨਾਲ ਅਨੁਸ਼ਾਸਿਤ ਨਿਵੇਸ਼ ’ਚ ਵੀ ਮਦਦ ਮਿਲਦੀ ਹੈ ਤੇ ਇਸ ’ਚ ਬਾਜ਼ਾਰ  ਦੇ ਉਤਾਰ-ਚੜ੍ਹਾਅ ਦੀ ਚਿੰਤਾ ਨਹੀਂ ਰਹਿੰਦੀ।  ਨਾ ਹੀ ਨਿਵੇਸ਼ਕ ਨੂੰ ਮਾਰਕੀਟ ਟਾਈਮਿੰਗ ’ਚ ਸਿਰ ਖਪਾਉਣ ਦੀ ਜ਼ਰੂਰਤ ਹੁੰਦੀ ਹੈ।  100 ਰੁਪਏ ਮਾਸਿਕ ਤੋਂ ਐੱਸ. ਆਈ. ਪੀ.   (ਸਿਪ)  ਸ਼ੁਰੂ ਕੀਤਾ ਜਾ ਸਕਦਾ ਹੈ।  ਤੁਸੀਂ ਇਸ ਨੂੰ ਵਧਾ ਜਾਂ ਘਟਾ ਸਕਦੇ ਹੋ ਤੇ ਕਦੇ ਵੀ ਬੰਦ ਕਰ ਸਕਦੇ ਹੋ।  ਸਕੀਮ ਨੂੰ ਬੰਦ ਕਰਨ ’ਤੇ ਕੋਈ ਪੈਨਲਟੀ ਨਹੀਂ ਲੱਗਦੀ। 

ਹਰ ਮਹੀਨੇ ’ਚ ਔਸਤਨ 9.46 ਲੱਖ ਸਿਪ ਅਕਾਊਂਟ ਜੋਡ਼ੇ

ਐੱਮਫੀ  ਦੇ ਡਾਟਾ ਤੋਂ ਪਤਾ ਲਗਾ ਹੈ ਕਿ ਮਿਊਚੁਅਲ ਫੰਡ ਇੰਡਸਟਰੀ ਨੇ 2018-19  ਦੇ ਹਰ ਮਹੀਨੇ ’ਚ ਔਸਤਨ 9.46 ਲੱਖ ਸਿਪ ਅਕਾਊਂਟ ਜੋਡ਼ੇ ਹਨ।  ਸਿਪ ਦਾ ਐਵਰੇਜ ਸਾਈਜ਼ 3,150 ਰੁਪਏ ਮੰਥਲੀ ਰਿਹਾ ਹੈ।  ਨਿਵੇਸ਼ਕਾਂ ਨੇ ਜਨਵਰੀ ਤੋਂ ਦਸੰਬਰ 2018  ’ਚ ਸਿਪ  ਜ਼ਰੀਏ ਇਕਵਿਟੀ ਮਿਊਚੁਅਲ ਫੰਡਸ ’ਚ 88,667 ਕਰੋਡ਼ ਰੁਪਏ ਲਾਏ ਸਨ।  ਐੱਮਫੀ  ਦੇ ਮੁੱਖ ਅਫਸਰ ਐੱਨ. ਐੱਸ.  ਵੈਂਕਟੇਸ਼ ਨੇ ਕਿਹਾ ਕਿ ਜਨਵਰੀ ’ਚ ਸਿਪ  ਜ਼ਰੀਏ 8,063 ਕਰੋਡ਼ ਰੁਪਏ ਨਿਵੇਸ਼ ਹੋਏ,  ਜੋ ਪਿਛਲੇ ਮਹੀਨੇ  ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਹੈ।  ਕੁਲ ਮਿਲਾ ਕੇ ਉਦਯੋਗ ਨੇ 65,439 ਕਰੋਡ਼ ਰੁਪਏ ਦੀ ਨਿਕਾਸੀ ਵੇਖੀ,  ਜਦੋਂ ਕਿ ਦਸੰਬਰ ’ਚ 1.36 ਲੱਖ ਕਰੋਡ਼ ਰੁਪਏ ਕੱਢੇ ਗਏ ਸਨ।  ਜਨਵਰੀ ’ਚ ਹੋਏ ਨਿਵੇਸ਼ ਦੀ ਅਗਵਾਈ ਲਿਕਵਿਡ ਫੰਡ ਸ਼੍ਰੇਣੀ ’ਚ ਹੋਏ 58,637 ਕਰੋਡ਼ ਰੁਪਏ  ਦੇ ਨਿਵੇਸ਼ ਨੇ ਕੀਤੀ।