ਐਲਨ ਮਸਕ ਨੇ ਉਤਪਾਦਨ ਵਧਾਉਣ ਦੀ ਯੋਜਨਾ ਟਾਲੀ, ਦੱਸੀ ਇਹ ਵਜ੍ਹਾ

05/13/2021 10:09:23 AM

ਨਵੀਂ ਦਿੱਲੀ (ਇੰਟ.) – ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ’ਚੋਂ ਇਕ ਐਲਨ ਮਸਕ ਦੀ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਚੀਨ ਦੇ ਸ਼ੰਘਾਈ ’ਚ ਸਥਿਤ ਆਪਣੇ ਮੈਨੂਫੈਕਚਰਿੰਗ ਪਲਾਂਟ ਦੀ ਵਿਸਤਾਰ ਯੋਜਨਾ ਨੂੰ ਰੋਕ ਸਕਦੀ ਹੈ। ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਸ਼ੰਘਾਈ ’ਚ ਆਪਣੇ ਉਤਪਾਦਨ ਸਮਰੱਥਾ ਨੂੰ ਵਧਾ ਕੇ ਇਸ ਨੂੰ ਗਲੋਬਲ ਐਕਸਪੋਰਟ ਹੱਬ ਬਣਾਉਣਾ ਚਾਹੁੰਦੀ ਸੀ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਮਰੀਕਾ-ਚੀਨ ਦਰਮਿਆਨ ਵਧਦੇ ਤਨਾਅ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਨੇ ਇਸ ਯੋਜਨਾ ਨੂੰ ਟਾਲਣ ’ਚ ਵੱਡੀ ਭੂਮਿਕਾ ਨਿਭਾਈ ਹੈ।

ਚੀਨ ਦੇ ਸ਼ੰਘਾਈ ’ਚ ਬਣੀ ਟੈਸਲਾ ਦੀ ਫੈਕਟਰੀ ਸਾਲਾਨਾ 5,00,000 ਇਲੈਕਟ੍ਰਿਕ ਕਾਰ ਬਣਾਉਣ ’ਚ ਸਮਰੱਥ ਹੈ। ਇਸ ਸਮੇਂ ਮਾਡਲ 3 ਅਤੇ ਮਾਡਲ ਵਾਈ ਕਾਰ ਦੀ ਇਸ ਫੈਕਟਰੀ ’ਚ 4.5 ਲੱਖ ਯੂਨਿਟ ਸਾਲਾਨਾ ਬਣਾਈਆਂ ਜਾ ਰਹੀਆਂ ਹਨ। ਇਸ ਸਾਲ ਮਾਰਚ ’ਚ ਹੀ ਟੈਸਲਾ ਨੇ ਸ਼ੰਘਾਈ ’ਚ ਆਪਣੀ ਯੂਨਿਟ ਕੋਲ ਵਿਕ ਰਹੇ ਪਲਾਟ ਦੀ ਬੋਲੀ ਤੋਂ ਹੱਥ ਖਿੱਚ ਲਿਆ ਸੀ। ਕੰਪਨੀ ਨੇ ਕਿਹਾ ਸੀ ਕਿ ਚੀਨ ’ਚ ਉਤਪਾਦਨ ਸਮਰੱਥਾ ਵਧਾਉਣ ਦੀ ਇਸ ਦੀ ਹੁਣ ਕੋਈ ਯੋਜਨਾ ਨਹੀਂ ਹੈ।

ਹੁਣ ਵੀ ਕਾਫੀ ਟੈਕਸ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਇਲੈਕਟ੍ਰਿਕ ਕਾਰ ਦੀ ਦਰਾਮਦ ’ਤੇ ਮੌਜੂਦਾ ਟੈਕਸ ਦੇ ਨਾਲ 25 ਫੀਸਦੀ ਵਾਧੂ ਟੈਰਿਫ ਲਗਾ ਦਿੱਤਾ ਸੀ। ਇਹ ਟੈਕਸ ਹਾਲੇ ਚਾਲੂ ਹੈ। ਇਸ ਤੋਂ ਬਾਅਦ ਇਲੈਕਟ੍ਰਿਕ ਕਾਰ ਦੀ ਦਿੱਗ਼ਜ਼ ਕੰਪਨੀ ਟੈਸਲਾ ਨੇ ਚੀਨ ’ਚ ਉਤਪਾਦਨ ਵਧਾਉਣ ਦੀਆਂ ਯੋਜਨਾਵਾਂ ’ਚ ਕਟੌਤੀ ਕੀਤੀ ਹੈ। ਇਸ ਮਾਮਲੇ ਨਾਲ ਜੁੜੇ 4 ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਸ਼ੇਅਰਾਂ ’ਤੇ ਦਿਖਾਈ ਦਿੱਤਾ ਅਸਰ

ਮੰਗਲਵਾਰ ਨੂੰ ਪ੍ਰੀ ਮਾਰਕੀਟ ਟ੍ਰੇਡਿੰਗ ’ਚ ਟੈਸਲਾ ਦੇ ਸ਼ੇਅਰ 7 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ। ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਇਸ ਨੇ ਕੁਝ ਭਰਪਾਈ ਕੀਤੀ ਅਤੇ ਇਹ ਕਰੀਬ 1 ਫੀਸਦੀ ਕਮਜ਼ੋਰ ਚੱਲ ਰਿਹਾ ਸੀ। ਟੈਸਲਾ ਨੇ ਇਸ ਤੋਂ ਪਹਿਲਾਂ ਯੋਜਨਾ ਬਣਾਈ ਸੀ ਕਿ ਚੀਨ ’ਚ ਬਣੀ ਹੋਈ ਐਂਟਰੀ ਲੈਵਲ ਇਲੈਕਟ੍ਰਿਕ ਕਾਰ ਮਾਡਲ 3 ਨੂੰ ਉਹ ਦੁਨੀਆ ਦੇ ਵੱਧ ਤੋਂ ਵੱਧ ਬਾਜ਼ਾਰ ’ਚ ਵੇਚਣ ਲਈ ਆਪਣੀ ਨਿਰਮਾਣ ਸਮਰੱਥਾ ਵਧਾਏਗੀ। ਕੰਪਨੀ ਅਮਰੀਕੀ ਬਾਜ਼ਾਰਾਂ ’ਚ ਵੀ ਐਂਟਰੀ ਲੈਵਲ ਮਾਡਲ 3 ਨੂੰ ਵੇਚਣਾ ਚਾਹੁੰਦੀ ਸੀ। ਇਸ ਸਮੇਂ ਟੈਸਲਾ ਚੀਨ ’ਚ ਬਣੀ ਮਾਡਲ 3 ਨੂੰ ਯੂਰਪ ’ਚ ਵੇਚ ਰਹੀ ਹੈ, ਇਸ ਦੇ ਨਾਲ ਹੀ ਜਰਮਨੀ ’ਚ ਵੀ ਪਲਾਂਟ ਲਗਾ ਰਹੀ ਹੈ।


Harinder Kaur

Content Editor

Related News