ਟਾਟਾ ਗਲੋਬਲ ਬਿਵਰੇਜਿਜ਼ ਦਾ ਨਾਂ ਬਦਲ ਕੇ ਹੋਇਆ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ

02/11/2020 6:36:38 PM

ਨਵੀਂ ਦਿੱਲੀ (ਇੰਟ.)-ਟਾਟਾ ਗਲੋਬਲ ਬਿਵਰੇਜਿਜ਼ ਦਾ ਨਾਂ ਬਦਲ ਕੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਕਰ ਦਿੱਤਾ ਗਿਆ ਹੈ। ਟਾਟਾ ਸਮੂਹ ਦੀਆਂ 2 ਕੰਪਨੀਆਂ ਟਾਟਾ ਗਲੋਬਲ ਬਿਵਰੇਜਿਜ਼ ਲਿਮਟਿਡ (ਟੀ. ਜੀ. ਬੀ. ਐੱਲ.) ਅਤੇ ਟਾਟਾ ਕੈਮੀਕਲਸ ਲਿਮਟਿਡ (ਟੀ. ਸੀ. ਐੱਲ.) ਨੇ ਕਿਹਾ ਕਿ ਟੀ. ਸੀ. ਐੱਲ. ਦੇ ਖਪਤਕਾਰ ਉਤਪਾਦ ਕਾਰੋਬਾਰ ਨੂੰ ਲੈ ਕੇ ਦੋਵਾਂ ਵਿਚਾਲੇ ਹੋਇਆ ਸਮਝੌਤਾ ਹੁਣ 7 ਫਰਵਰੀ 2020 ਤੋਂ ਲਾਗੂ ਹੋ ਚੁੱਕਾ ਹੈ। ਇਸ ਤੋਂ ਬਾਅਦ ਟੀ. ਜੀ. ਬੀ. ਐੱਲ. ਦਾ ਨਾਂ ਬਦਲ ਕੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਕਰ ਦਿੱਤਾ ਗਿਆ ਹੈ।

ਟੀ. ਸੀ. ਪੀ. ਐੱਲ. ਕੋਲ ਟਾਟਾ ਟੀ ਅਤੇ ਟਾਟਾ ਸਾਲਟ ਵਰਗੇ ਲੋਕਪ੍ਰਿਯ ਬਰਾਂਡਸ ਹੋਣਗੇ। ਇਨ੍ਹਾਂ ਦੀ ਪਹੁੰਚ ਦੇਸ਼ ਦੇ 20 ਕਰੋਡ਼ ਤੋਂ ਜ਼ਿਆਦਾ ਘਰਾਂ ਤੱਕ ਹੈ। ਟੀ. ਜੀ. ਬੀ. ਐੱਲ. ਦੇ ਬਿਆਨ ’ਚ ਕਿਹਾ ਗਿਆ ਹੈ ਕਿ ਕੰਪਨੀ ਦੇ ਡਿਸਟ੍ਰੀਬਿਊਟਰ ਨੈੱਟਵਰਕ ਨੂੰ ਟਾਟਾ ਸਮੂਹ ਦੀ ਬਰਾਂਡ ਨਿਰਮਾਣ ਸਮਰੱਥਾ ਦਾ ਸਾਥ ਮਿਲੇਗਾ। ਕੰਪਨੀ ਆਰ. ਐਂਡ ਡੀ., ਬਰਾਂਡਿੰਗ, ਮਾਰਕੀਟਿੰਗ, ਮੈਨੂਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਦੇ ਖੇਤਰ ’ਚ ਨਿਵੇਸ਼ ਕਰ ਕੇ ਆਪਣੇ ਫੂਡ ਅਤੇ ਬਿਵਰੇਜ ਪਲੇਟਫਾਰਮ ਨੂੰ ਹੋਰ ਮਜ਼ਬੂਤ ਕਰੇਗੀ।

ਖਪਤਕਾਰ ਖੇਤਰ ’ਚ ਟਾਟਾ ਸਮੂਹ ਦੀ ਵਧੇਗੀ ਪਕੜ

ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਕੈਮੀਕਲਸ ਅਤੇ ਟਾਟਾ ਗਲੋਬਲ ਬਿਵਰੇਜਿਜ਼ ਲਿਮਟਿਡ ਦੇ ਖਪਤਕਾਰ ਕਾਰੋਬਾਰ ਦਾ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਅਧੀਨ ਰਲੇਵਾਂ ਕਰਨ ਨਾਲ ਤੇਜ਼ੀ ਨਾਲ ਵਿਸਥਾਰ ਕਰ ਰਹੇ ਖਪਤਕਾਰ ਖੇਤਰ ’ਚ ਸਮੂਹ ਦੀ ਹਾਜ਼ਰੀ ਹੋਰ ਵਧੇਗੀ। ਕਾਰੋਬਾਰ ਨੂੰ ਰੀਸਟਰੱਕਚਰ ਕਰਨ ਤੋਂ ਬਾਅਦ ਟਾਟਾ ਕੰਜ਼ਿਊਮਰ ਪ੍ਰੋਡਕਟਸ ਕੋਲ ਪਹਿਲਾਂ ਤੋਂ ਮਜ਼ਬੂਤ ਬਰਾਂਡ, ਬਹੁ-ਉਤਪਾਦ ਪੋਰਟਫੋਲੀਓ ਅਤੇ ਡਿਸਟ੍ਰੀਬਿਊਟਰ ਨੈੱਟਵਰਕ ਹੋਵੇਗਾ। ਦਸੰਬਰ ਦੇ ਐਲਾਨ ਮੁਤਾਬਕ ਅਜੇ ਮਿਸ਼ਰਾ ਦੀ ਸੇਵਾਮੁਕਤੀ ਤੋਂ ਬਾਅਦ ਸੁਨੀਲ ਡਿਸੂਜ਼ਾ 4 ਅਪ੍ਰੈਲ 2020 ਤੋਂ ਟੀ. ਸੀ. ਪੀ. ਐੱਲ. ਦੇ ਐੱਮ. ਡੀ. ਅਤੇ ਸੀ. ਈ. ਓ. ਹੋ ਜਾਣਗੇ।


Karan Kumar

Content Editor

Related News