ਬੈਂਕ FD ਤੋਂ ਕਮਾ ਸਕੋਗੇ 40 ਹਜ਼ਾਰ, ਨਹੀਂ ਕੱਟੇਗਾ ਕੋਈ ਟੈਕਸ!

02/10/2019 11:55:03 AM

ਨਵੀਂ ਦਿੱਲੀ— ਜੇਕਰ ਤੁਸੀਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੇ ਮਾਮਲੇ 'ਚ ਟੀ. ਡੀ. ਐੱਸ. ਨੂੰ ਗੁੰਝਲਦਾਰ ਮੰਨ ਰਹੇ ਸੀ, ਤਾਂ ਸਰਕਾਰ ਨੇ ਤੁਹਾਡੀ ਇਹ ਪ੍ਰੇਸ਼ਾਨੀ ਖਤਮ ਕਰ ਦਿੱਤੀ ਹੈ। ਜਲਦ ਹੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਡਾਕਘਰਾਂ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ., ਐਕਸਿਸ, ਪੀ. ਐੱਨ. ਬੀ., ਬੜੌਦਾ ਅਤੇ ਹੋਰ ਬੈਂਕਾਂ ਦੇ ਗਾਹਕਾਂ ਲਈ ਫਿਕਸਡ ਡਿਪਾਜ਼ਿਟ ਆਕਰਸ਼ਕ ਹੋਣ ਜਾ ਰਿਹਾ ਹੈ।

ਮਹਿਲਾਵਾਂ ਤੇ ਛੋਟੇ ਜਮ੍ਹਾ ਕਰਤਾਵਾਂ ਨੂੰ ਰਾਹਤ



ਹੁਣ ਬੈਂਕ ਅਤੇ ਡਾਕਘਰ 'ਚ ਜਮ੍ਹਾ ਰਾਸ਼ੀ 'ਤੇ ਮਿਲੇ 40,000 ਰੁਪਏ ਤਕ ਦੇ ਵਿਆਜ 'ਤੇ ਟੈਕਸ ਨਹੀਂ ਲੱਗੇਗਾ, ਯਾਨੀ ਟੀ. ਡੀ. ਐੱਸ. ਫਾਰਮ ਜਮ੍ਹਾ ਕਰਵਾਉਣ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਉਦਾਹਰਣ ਲਈ ਤੁਸੀਂ ਕਿਸੇ ਬੈਂਕ 'ਚ 1,60,000 ਰੁਪਏ 'ਚ 3 ਸਾਲ ਦੀ ਐੱਫ. ਡੀ. ਖੋਲ੍ਹਦੇ ਹੋ ਅਤੇ ਜੇਕਰ ਤੁਹਾਨੂੰ 39,955 ਰੁਪਏ ਵਿਆਜ ਇਨਕਮ ਹੁੰਦੀ ਹੈ ਤਾਂ ਇਸ 'ਤੇ ਟੈਕਸ ਨਹੀਂ ਲੱਗੇਗਾ।
ਪਹਿਲਾਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੇ ਮਾਮਲੇ 'ਚ 10,000 ਰੁਪਏ ਤੋਂ ਵੱਧ ਵਿਆਜ ਆਮਦਨ 'ਤੇ ਟੀ. ਡੀ. ਐੱਸ. ਦਾ ਭੁਗਤਾਨ ਕਰਨਾ ਲਾਜ਼ਮੀ ਸੀ। ਸਾਲ 'ਚ ਵਿਆਜ ਆਮਦਨ ਦਸ ਹਜ਼ਾਰ ਤੋਂ ਵੱਧ ਹੁੰਦੀ ਸੀ ਤਾਂ ਬੈਂਕ 10 ਫੀਸਦੀ ਦੀ ਦਰ ਨਾਲ ਟੀ. ਡੀ. ਐੱਸ. ਕੱਟਦੇ ਸਨ। ਨਵੀਂ ਵਿਵਸਥਾ ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਇਸ ਲਈ ਇਨਕਮ ਟੈਕਸ ਦੀ ਧਾਰਾ 194ਏ 'ਚ ਸੋਧ ਕੀਤੀ ਜਾਵੇਗੀ। ਇਸ ਨਾਲ ਛੋਟੇ ਜਮ੍ਹਾ ਕਰਤਾਵਾਂ ਤੇ ਘਰੇਲੂ ਮਹਿਲਾਵਾਂ ਨੂੰ ਫਾਇਦਾ ਹੋਵੇਗਾ।

ਟੈਕਸਯੋਗ ਹੈ ਆਮਦਨ ਤਾਂ ਕੱਟੇਗਾ ਟੈਕਸ


ਹਾਲਾਂਕਿ ਟੀ. ਡੀ. ਐੱਸ. ਦੀ ਲਿਮਟ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਤੁਹਾਡੀ ਆਮਦਨ ਇਨਕਮ ਟੈਕਸ ਦੇ ਦਾਇਰੇ 'ਚ ਆਉਂਦੀ ਹੈ ਤਾਂ ਤੁਹਾਨੂੰ ਉਸ ਰਾਸ਼ੀ 'ਤੇ ਟੈਕਸ ਨਹੀਂ ਦੇਣਾ ਪਵੇਗਾ। ਜੇਕਰ ਤੁਸੀਂ ਬੈਂਕ ਅਤੇ ਡਾਕਘਰ 'ਚ ਜਮ੍ਹਾ ਰਕਮਾਂ ਤੋਂ ਵਿਆਜ ਕਮਾਉਂਦੇ ਹੋ ਅਤੇ ਉਹ ਆਮਦਨ ਟੈਕਸਯੋਗ ਆਮਦਨ ਦੇ ਦਾਇਰੇ 'ਚ ਆਉਂਦੀ ਹੈ ਤਾਂ ਤੁਹਾਨੂੰ ਉਸ 'ਤੇ ਟੈਕਸ ਦੇਣਾ ਹੋਵੇਗਾ। ਉੱਥੇ ਹੀ ਜਿਨ੍ਹਾਂ ਦੀ ਆਮਦਨ ਇਨਕਮ ਟੈਕਸ ਦੇ ਘੇਰੇ 'ਚ ਨਹੀਂ ਹੈ ਉਨ੍ਹਾਂ ਨੂੰ ਫਾਰਮ 15-ਜੀ ਨਹੀਂ ਸਬਮਿਟ ਕਰਨਾ ਪਵੇਗਾ। ਇਹ ਘੱਟ ਆਮਦਨ ਵਾਲੇ ਲੋਕਾਂ ਲਈ ਵੱਡੀ ਰਾਹਤ ਹੈ।