RBI ਕਮੇਟੀ ਦੇ ਸੁਝਾਵਾਂ ਨੇ ਜਗਾਈ ਉਮੀਦ, ਟਾਟਾ-ਬਿਰਲਾ ਖੋਲ੍ਹ ਸਕਦੇ ਨੇ ਬੈਂਕ

11/21/2020 10:48:41 PM

ਨਵੀਂ ਦਿੱਲੀ— ਭਾਰਤ 'ਚ ਦੋ ਵੱਡੇ ਕਾਰੋਬਾਰੀ ਸਮੂਹਾਂ ਨੇ ਬੈਂਕਿੰਗ ਲਾਇਸੈਂਸ ਲੈਣ ਦਾ ਮਨ ਵੀ ਬਣਾ ਲਿਆ ਹੈ। ਟਾਟਾ ਸਮੂਹ ਅਤੇ ਆਦਿੱਤਿਆ ਬਿਰਲਾ ਸਮੂਹ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਨ ਕਿ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ ਉਨ੍ਹਾਂ ਦੇ ਹੱਕ 'ਚ ਹਨ ਜਾਂ ਨਹੀਂ।


ਸ਼ੁੱਕਰਵਾਰ ਨੂੰ ਹੀ ਰਿਜ਼ਰਵ ਬੈਂਕ ਦੀ ਇਕ ਕਮੇਟੀ ਨੇ ਬੈਂਕਿੰਗ ਕਾਨੂੰਨ ਨੂੰ ਬਦਲਣ ਅਤੇ ਉਦਯੋਗਿਕ ਘਰਾਣਿਆਂ ​​ਨੂੰ ਬੈਂਕਿੰਗ ਲਾਇਸੈਂਸ ਦੀ ਪੇਸ਼ਕਸ਼ ਕਰਨ ਦਾ ਸੁਝਾਅ ਦਿੱਤਾ ਹੈ। ਅਜਿਹੇ 'ਚ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਟਾਟਾ ਅਤੇ ਬਿਰਲਾ ਦੇ ਬੈਂਕ ਵੀ ਦਿਸਣ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਜਿਨ੍ਹਾਂ ਉਦਯੋਗਿਕ ਘਰਾਣਿਆਂ ਦੀ ਐੱਨ. ਬੀ. ਐੱਫ. ਸੀ. ਕੋਲ 50,000 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸੁਚਾਰੂ ਢੰਗ ਨਾਲ ਕਾਰੋਬਾਰ 'ਚ ਹਨ, ਨੂੰ ਬੈਂਕਾਂ 'ਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।


ਇਸ 'ਤੇ ਟਾਟਾ ਤੇ ਬਿਰਲਾ ਦੋਵੇਂ ਖਰ੍ਹੇ ਉਤਰਦੇ ਹਨ। ਟਾਟਾ ਗਰੁੱਪ ਦੀ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (ਐੱਨ. ਬੀ. ਐੱਫ. ਸੀ.) ਟਾਟਾ ਕੈਪੀਟਲ ਦੀ ਸੰਪਤੀ ਲਗਭਗ 74,500 ਕਰੋੜ ਰੁਪਏ ਹੈ, ਜਦੋਂ ਕਿ ਆਦਿੱਤਿਆ ਬਿਰਲਾ ਦੀ ਆਦਿਤਿਆ ਬਿਰਲਾ ਕੈਪੀਟਲ ਦੀ ਸੰਪਤੀ ਲਗਭਗ 59,000 ਕਰੋੜ ਰੁਪਏ ਹੈ। ਆਦਿੱਤਿਆ ਬਿਰਲਾ ਗਰੁੱਪ ਦੇ ਬੁਲਾਰੇ ਨੇ ਰਿਜ਼ਰਵ ਬੈਂਕ ਦੀ ਕਮੇਟੀ ਦੇ ਸੁਝਾਵਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਚੰਗੇ ਰਿਕਾਰਡ ਵਾਲੀ ਐੱਨ. ਬੀ. ਐੱਫ. ਸੀ. ਇਸ ਦਿਸ਼ਾ 'ਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।

RBI ਨੇ 7 ਸਾਲ ਪਹਿਲਾਂ ਜਾਰੀ ਕੀਤੇ ਸਨ ਦੋ ਲਾਇਸੈਂਸ-
ਗੌਰਤਲਬ ਹੈ ਕਿ ਅਤੀਤ 'ਚ ਆਰ. ਬੀ. ਆਈ. ਬੈਂਕਿੰਗ ਲਾਇਸੈਂਸਾਂ ਲਈ ਬਹੁਤਾ ਉਦਾਰ ਨਹੀਂ ਰਿਹਾ ਹੈ। ਆਖ਼ਰੀ ਵਾਰ ਦੋ ਲਾਇਸੈਂਸ ਸੱਤ ਸਾਲ ਪਹਿਲਾਂ ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਬੰਧਨ ਬੈਂਕ ਨੂੰ ਜਾਰੀ ਹੋਏ ਸਨ। ਇਨ੍ਹਾਂ ਤੋਂ ਪਹਿਲਾਂ ਆਰ. ਬੀ. ਆਈ. ਨੇ ਕੋਟਕ ਮਹਿੰਦਰਾ ਬੈਂਕ ਅਤੇ ਯੈੱਸ ਬੈਂਕ ਨੂੰ ਲਾਇਸੈਂਸ ਦਿੱਤੇ ਸਨ। ਆਰ. ਬੀ. ਆਈ. ਕਮੇਟੀ ਦੇ ਸੁਝਾਵਾਂ ਨੇ ਹੁਣ ਕਾਰਪੋਰੇਟਾਂ ਲਈ ਉਮੀਦ ਜਗਾ ਦਿੱਤੀ ਹੈ। ਹਾਲਾਂਕਿ, ਇਹ ਨਵੀਆਂ ਤਬਦੀਲੀਆਂ ਬੈਂਕਿੰਗ ਰੈਗੂਲੇਸ਼ਨ ਐਕਟ, 1949 'ਚ ਲੋੜੀਂਦੀਆਂ ਸੋਧਾਂ ਤੋਂ ਬਾਅਦ ਹੀ ਹੋ ਸਕਦੀਆਂ ਹਨ।

Sanjeev

This news is Content Editor Sanjeev