ਟਾਟਾ ਟਿਗੋਰ, Tiago ਤੇ ਨੈਕਸਨ ਫੇਸਲਿਫਟ ਨਵੇਂ ਫੀਚਰਜ਼ ਨਾਲ ਲਾਂਚ, ਜਾਣੋ ਕੀਮਤ

01/22/2020 6:07:18 PM

ਆਟੋ ਡੈਸਕ– ਟਾਟਾ ਮੋਟਰਸ ਨੇ ਬੁੱਧਵਾਰ ਨੂੰ ਭਾਰਤ ’ਚ ਇਕੱਠੀਆਂ 4 ਕਾਰਾਂ ਲਾਂਚ ਕੀਤੀਆਂ ਹਨ। ਕੰਪਨੀ ਨੇ ਆਪਣੀ ਨਵੀਂ ਪ੍ਰੀਮੀਅਮ ਹੈਚਬੈਕ ਟਾਟਾ ਅਲਟ੍ਰੋਜ਼ ਨੂੰ ਲਾਂਚ ਕੀਤਾ। ਇਸ ਤੋਂ ਇਲਾਵਾ ਕੰਪਨੀ ਨੇ 3 ਹੋਰ ਫੇਸਲਿਫਟ ਮਾਡਲ ਟਾਟਾ ਨੈਕਸਨ, ਟਾਟਾ ਟਿਆਗੋ ਅਤੇ ਟਾਟਾ ਟਿਗੋਰ ਫੇਸਲਿਫਟ ਨੂੰ ਲਾਂਚ ਕੀਤੇ ਹਨ। ਇਹ ਸਾਰੀਆਂ ਗੱਡੀਆਂ ਕੁਝ ਬਦਲਾਅ ਤੋਂ ਬਾਅਦ ਬੀ.ਐੱਸ.-6 ਕੰਪਲਾਇੰਟ ਇੰਜਣ ਦੇ ਨਾਲ ਲਿਆਈਆਂ ਗਈਆਂ ਹਨ। ਟਾਟਾ ਨੈਕਸਨ ਕੰਪੈਕਟ ਐੱਸ.ਯੂ.ਵੀ. ਸਮੇਤ ਤਿੰਨੋਂ ਗੱਡੀਆਂ ਦੇ ਫਰੰਟ ਨੂੰ ਰੀਡਿਜ਼ਾਈਨ ਕਰਨ ਦੇ ਨਾਲ ਇਸ ਵਿਚ ਕੁਝ ਫੀਚਰਜ਼ ਜੋੜੇ ਗਏ ਹਨ। 

ਕੀਮਤ


ਨਵੀਂ ਟਾਟਾ ਨੈਕਸਨ ਦੀ ਕੀਮਤ 6.95 ਲੱਖ ਰੁਪਏ (ਪੈਟਰੋਲ) ਤੋਂ 8.45 ਲੱਖ ਰੁਪਏ (ਡੀਜ਼ਲ) ਰੱਖੀ ਗਈਹੈ। ਟਾਟਾ ਟਿਗੋਰ ਅਤੇ ਟਾਟਾ ਟਿਆਗੋ ਦੇ ਇੰਟੀਰੀਅਰ ਨੂੰ ਅਪਡੇਟ ਕਰ ਕੇ ਪਹਿਲਾਂ ਨਾਲੋਂ ਸ਼ਾਰਪ ਫਰੰਟ ਲੁਕ ਦਿੱਤੀ ਗਈ ਹੈ। ਇਸ ਕਾਰਨ ਇਹ ਕੁਝ-ਕੁਝ ਟਾਟਾ ਅਲਟ੍ਰੋਜ਼ ਵਰਗੀ ਦਿਖਾਈ ਦੇ ਰਹੀ ਹੈ। ਨਵੀਂ ਟਾਟਾ ਟਿਗੋਰ ਦੀ ਕੀਮਤ 5.75 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਨਵੀਂ ਟਾਟਾ ਟਿਆਗੋ ਦੇ ਬੇਸ ਵੇਰੀਐਂਟ ਦੀ ਕੀਮਤ 4.60 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। 

ਨਵੀਂ ਟਾਟਾ ਨੈਕਸਨ ਦੇ ਫੀਚਰਜ਼


ਸਭ ਤੋਂ ਵੱਡਾ ਬਦਲਾਅ ਕਾਰ ਦੇ ਇੰਜਣ ’ਚ ਕੀਤਾ ਗਿਆ ਹੈ। ਕਾਰ ’ਚ ਪਹਿਲਾਂ ਵਾਲਾ ਹੀ 1.2 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਹਾਲਾਂਕਿ, ਇਸ ਨੂੰ ਬੀ.ਐੱਸ.-6 ’ਚ ਅਪਗ੍ਰੇਡ ਕਰ ਦਿੱਤਾ ਗਿਆ ਹੈ। ਦੋਵੇਂ ਹੀ ਇੰਜਣ 6-ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਟ੍ਰਾਂਸਮੀਸ਼ਨ ਦੇ ਨਾਲ ਆਉਂਦੇ ਹਨ। ਟਾਟਾ ਨੈਕਸਨ ਨੂੰ ਨਵੀਂ ਫਰੰਟ ਲੁਕ ਦਿੱਤੀ ਗਈ ਹੈ। ਇਸ ਵਿਚ ਨੈਕਸਨ ਈ.ਵੀ. ਵਾਲਾ ਹੀ ਫਰੰਟ ਫੇਸ ਲਗਾਇਆ ਗਿਆ ਹੈ। ਕਾਰ ’ਚ ਨਵੀਂ ਗਰਿੱਲ ਦੇ ਨਾਲ ਪ੍ਰੋਜੈਕਟਰ ਹੈੱਡਲੈਂਪ ਅਤੇ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਗਏ ਹਨ। ਇਸ ਤੋਂ ਇਲਾਵਾ ਐੱਲ.ਈ.ਡੀ. ਟੇਲ ਲੈਂਪਸ ਨੂੰ ਬਦਲ ਦਿੱਤਾ ਗਿਆ ਹੈ ਅਤੇ ਕਾਰ ’ਚ ਆਟੋਮੈਟਿਕ ਹੈੱਡਲੈਂਪ , ਕਰੂਜ਼ ਕੰਟਰੋਲ ਅਤੇ ਬਾਰਿਸ਼ ਨੂੰ ਸੈਂਸ ਕਰਨ ਵਾਲੇ ਵਾਈਬਰਸ ਦਿੱਤੇ ਗਏ ਹਨ। ਨੈਕਸਨ ’ਚ 35 ਕੁਨੈਕਟਿਡ ਕਾਰ ਫੀਚਰਜ਼ ਦਿੱਤੇ ਗਏ ਹਨ, ਜਿਸ ਰਾਹੀਂ ਤੁਸੀਂ ਕਾਰ ਨੂੰ ਕੰਟਰੋਲ ਕਰਨ ਤੋਂ ਇਲਾਵਾ ਫੋਨ ’ਤੇ ਹੀ ਕਾਰ ਦੀ ਲੋਕੇਸ਼ਨ ਦੇਖ ਸਕਦੇ ਹੋ। 

ਨਵੀਂ ਟਾਟਾ ਟਿਗੋਰ ਅਤੇ ਟਿਆਗੋ ਫੇਸਲਿਫਟ ਦੇ ਫੀਚਰਜ਼


ਇਨ੍ਹਾਂ ਦੋਵਾਂ ਕਾਰਾਂ ਦੀ ਵੀ ਫਰੰਟ ਲੁਕ ’ਚ ਬਦਲਾਅ ਕੀਤਾ ਗਿਆਹੈ। ਇਸ ਵਿਚ ਨਵਾਂ ਬੰਪਰ, ਨਵੀਂ ਗਰਿੱਲ ਅਤੇ ਨਵੇਂ ਹੈੱਡਲੈਂਪਸ ਦਿੱਤੇ ਗਏ ਹਨ। ਨਵੀਂ ਟਿਗੋਰ ’ਚ ਹੇਠਲੇ ਬੰਪਰ ’ਤੇ ਡੀ.ਆਰ.ਐੱਲ. ਮਿਲ ਜਾਂਦੀ ਹੈ, ਜੋ ਟਿਆਗੋ ’ਚ ਨਹੀਂ ਦਿੱਤੀ ਗਈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਸੈਮੀ-ਡਿਜੀਟਲ ਗੇਜ, ਹੇਠੋਂ ਫਲੈਟ ਸਟੀਅਰਿੰਗ ਵ੍ਹੀਲ, ਰਿਵਰਸ ਕੈਮਰਾ ਅਸਿਸਟ ਦੇ ਨਾਲ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲ ਜਾਂਦਾ ਹੈ। ਇੰਫੋਟੇਨਮੈਂਟ ਸਿਸਟਮ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਸੁਪੋਰਟ ਕਰਦਾ ਹੈ। ਟਾਟਾ ਟਿਗੋਰ ’ਚ ਗੱਡੀ ਚਾਲੂ ਅਤੇ ਬੰਦ ਕਰਨ ਲਈ ਪੁੱਸ਼ ਬਟਨ ਵੀ ਦਿੱਤਾ ਗਿਆ ਹੈ। ਟਾਟਾ ਮੋਟਰਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਗੱਡੀਆਂ ਨੂੰ ਗਲੋਬਲ NCAP ਸੇਫਟੀ ਟੈਸਟ ’ਚ 4 ਸਟਾਰ ਰੇਟਿੰਗ ਮਿਲੀ ਹੈ। 

ਇਹ ਦੋਵੇਂ ਗੱਡੀਆਂ ਬੀ.ਐੱਸ.-6 ਵਾਲੇ 1.2 ਲੀਟਰ ਪੈਟਰੋਲ ਇੰਜਣ ਦੇ ਨਾਲ ਲਾਂਚ ਕੀਤੀਆਂ ਗਈਆਂ ਹਨ। 5-ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਦੇ ਨਾਲ ਆਉਣ ਵਾਲਾ ਇਹ ਇੰਜਣ 86 ਬੀ.ਐੱਚ.ਪੀ. ਦੀ ਪਾਵਰ ਅਤੇ 113 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਦੋਵੇਂ ਹੀ ਗੱਡੀਆਂ ’ਚੋਂ 1.05 ਲੀਟਰ ਡੀਜ਼ਲ ਇੰਜਣ ਨੂੰ ਹਟਾ ਲਿਆ ਗਿਆ ਹੈ।