ਟਾਟਾ ਮੋਟਰਜ਼ ਨੂੰ ਸਤੰਬਰ ਤਿਮਾਹੀ 'ਚ 307 ਕਰੋੜ ਰੁਪਏ ਦਾ ਘਾਟਾ

10/27/2020 5:39:07 PM

ਮੁੰਬਈ-  ਟਾਟਾ ਮੋਟਰਜ਼ ਨੂੰ ਚਾਲੂ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿਚ 307.26 ਕਰੋੜ ਰੁਪਏ ਦਾ ਇਕਜੁਟ ਨੁਕਸਾਨ ਹੋਇਆ ਹੈ। 

ਕੰਪਨੀ ਨੂੰ ਪਿਛਲੇ ਵਿੱਤੀ ਸਾਲ 2019-20 ਦੀ ਇਸੇ ਮਿਆਦ ਵਿਚ 187.7 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਵਿਚ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਉਸ ਦੀ ਸੰਚਾਲਨ ਆਮਦਨ ਘੱਟ ਕੇ 53,530 ਕਰੋੜ ਰੁਪਏ ਰਹਿ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 65,431.95 ਕਰੋੜ ਰੁਪਏ ਸੀ।

ਕੰਪਨੀ ਨੇ ਕਿਹਾ ਕਿ 30 ਸਤੰਬਰ ਨੂੰ ਖਤਮ ਹੋਏ ਛੇ ਮਹੀਨਿਆਂ ਵਿਚ ਇਸ ਦੇ ਮਾਲੀਏ 'ਤੇ ਅਸਰ ਪਿਆ ਕਿਉਂਕਿ ਸਮੂਹ ਦੇ ਨਿਰਮਾਣ ਪਲਾਂਟ ਅਤੇ ਦਫਤਰਾਂ ਨੂੰ ਕੋਵਿਡ -19 ਮਹਾਂਮਾਰੀ ਕਾਰਨ ਕਾਫ਼ੀ ਸਮੇਂ ਲਈ ਬੰਦ ਕਰਨਾ ਪਿਆ ਸੀ। ਸਤੰਬਰ ਤਿਮਾਹੀ ਵਿਚ ਸੰਚਾਲਨ ਤੋਂ ਕੁੱਲ ਆਮਦਨ 9,668.10 ਕਰੋੜ ਰੁਪਏ ਰਿਹਾ ਜੋ ਕਿ ਸਾਲ 2019- 2019 ਦੀ ਸਤੰਬਰ ਦੀ ਤਿਮਾਹੀ ਵਿਚ 10,000.48 ਕਰੋੜ ਰੁਪਏ ਸੀ। ਟਾਟਾ ਮੋਟਰਜ਼ ਨੇ ਕਿਹਾ, “ਕਈ ਦੇਸ਼ਾਂ ਵਿਚ ਲਾਗ ਦੀ ਦੂਸਰੀ ਲਹਿਰ ਦੇ ਖ਼ਤਰੇ ਅਤੇ ਹੋਰ ਭੂ-ਰਾਜਨੀਤਿਕ ਜੋਖਮਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਅਸੀਂ ਆਉਣ ਵਾਲੇ ਮਹੀਨਿਆਂ ਵਿਚ ਮੰਗ ਅਤੇ ਸਪਲਾਈ ਦੀ ਹੌਲੀ-ਹੌਲੀ ਰਿਕਵਰੀ ਦੀ ਉਮੀਦ ਕਰਦੇ ਹਾਂ।''

Sanjeev

This news is Content Editor Sanjeev