ਰਾਹਤ! ਟਾਟਾ ਮੋਟਰਜ਼ 'ਚ ਵਰਕਰਾਂ ਦੀ ਨਹੀਂ ਹੋਵੇਗੀ ਛਾਂਟੀ

12/15/2019 2:02:14 PM

ਨਵੀਂ ਦਿੱਲੀ— ਵਾਹਨ ਖੇਤਰ 'ਚ ਸੁਸਤੀ ਵਿਚਕਾਰ ਟਾਟਾ ਮੋਟਰਜ਼ ਵਰਕਰਾਂ ਦੀ ਛਾਂਟੀ ਨਹੀਂ ਕਰਨ ਜਾ ਰਹੀ। ਕੰਪਨੀ ਨੂੰ ਉਮੀਦ ਹੈ ਕਿ ਬਾਜ਼ਾਰ 'ਚ ਨਵੇਂ ਉਤਾਰੇ ਜਾਣ ਵਾਲੇ ਮਾਡਲਾਂ ਦੇ ਦਮ 'ਤੇ ਪ੍ਰਦਰਸ਼ਨ 'ਚ ਸੁਧਾਰ ਹੋਵੇਗਾ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਕ ਨਿਰਦੇਸ਼ਕ ਗੁੰਟਰ ਬਟਸ਼ੇਕ ਨੇ ਇਹ ਜਾਣਕਾਰੀ ਦਿੱਤੀ ਕਿ ਕੰਪਨੀ 'ਚ ਕਰਮਚਾਰੀਆਂ ਦੀ ਛਾਂਟੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਕੰਪਨੀ ਜਲਦ ਹੀ ਬਾਜ਼ਾਰ 'ਚ ਐਲਟ੍ਰੋਜ਼, ਨੈਕਸਨ ਈ. ਵੀ. ਤੇ ਗ੍ਰੈਵੀਟਾਸ ਐੱਸ. ਯੂ. ਵੀ. ਉਤਰਾਨ ਜਾ ਰਹੀ ਹੈ। ਇਸ ਤੋਂ ਇਲਾਵਾ ਬੀ. ਐੱਸ.-6 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਟਾਟਾ ਮੋਟਰਜ਼ ਦੇ ਮੁੱਖ ਕਾਰਜਕਾਰੀ ਤੇ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ, ''ਸਾਨੂੰ ਯਕੀਨ ਹੈ ਕਿ ਅਰਥਵਿਵਥਾ ਚਾਹੇ ਜਿਸ ਦਿਸ਼ਾ 'ਚ ਜਾਵੇ, ਸਾਡਾ ਪ੍ਰਦਰਸ਼ਨ ਬਿਹਤਰ ਹੀ ਹੋਵੇਗਾ।'' ਬਟਸ਼ੇਕ ਨੇ ਕਿਹਾ ਕਿ ਕੰਪਨੀ ਮੌਜੂਦਾ ਸਥਿਤੀ ਨੂੰ ਪਲਟਣ ਲਈ ਵਪਾਰਕ ਵਾਹਨ ਖੇਤਰ 'ਚ ਸਾਰੇ ਜ਼ਰੂਰੀ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਡੀਲਰ ਨੈੱਟਵਰਕ ਬਿਹਤਰ ਕੰਮ ਕਰ ਰਿਹਾ ਹੈ। ਲਾਗਤ 'ਚ ਕਮੀ ਕਰਨ ਸਮੇਤ ਗੁਣਵੱਤਾ ਸੁਧਾਰਨ ਲਈ ਕਈ ਵਿਵਸਥਾਵਾਂ ਹਨ। ਇਸ ਸਮੇਂ ਵਰਕਰਾਂ ਦੀ ਛਾਂਟੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਨੂੰ ਉਸ ਵਕਤ ਕਿਰਤ ਬਲ ਦੀ ਲੋੜ ਹੋਵੇਗੀ ਜਦੋਂ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੋਵੇਗਾ।