ਮਹਿੰਗੀਆਂ ਹੋਣਗੀਆਂ ਟਾਟਾ ਦੀਆਂ ਕਾਰਾਂ, ਕੀਮਤਾਂ ''ਚ ਭਾਰੀ ਵਾਧੇ ਦਾ ਐਲਾਨ

12/12/2017 8:00:51 AM

ਨਵੀਂ ਦਿੱਲੀ— ਜੇਕਰ ਤੁਸੀਂ ਜਨਵਰੀ 'ਚ ਟਾਟਾ ਮੋਟਰਜ਼ ਦੀ ਕਾਰ ਖਰੀਦਣ ਦੀ ਯੋਜਨਾ ਬਣਾਈ ਹੈ ਤਾਂ ਤੁਹਾਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜਨਵਰੀ ਤੋਂ ਆਪਣੇ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਇਸ ਦੀ ਸੂਚਨਾ ਟਾਟਾ ਮੋਟਰਜ਼ ਨੇ ਸ਼ੇਅਰ ਬਾਜ਼ਾਰ ਨੂੰ ਭੇਜ ਦਿੱਤੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਭੇਜੀ ਸੂਚਨਾ 'ਚ ਟਾਟਾ ਮੋਟਰਜ਼ ਨੇ ਕਿਹਾ ਕਿ ਕੰਪਨੀ ਜਨਵਰੀ 2018 'ਚ ਸਾਰੇ ਯਾਤਰੀ ਵਾਹਨਾਂ ਦੇ ਮੁੱਲ 25,000 ਰੁਪਏ ਤਕ ਵਧਾਏਗੀ। ਉਸ ਨੇ ਕਿਹਾ ਕਿ ਇਨਪੁਟ ਕਾਸਟ ਯਾਨੀ ਵਾਹਨ ਤਿਆਰ ਕਰਨ ਦੀ ਲਾਗਤ ਵਧਣ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ।

ਟਾਟਾ ਮੋਟਰਜ਼ 'ਚ ਯਾਤਰੀ ਵਾਹਨ ਕਾਰੋਬਾਰ ਦੇ ਮੁਖੀ ਮਯੰਕ ਪਾਰਿਖ ਮੁਤਾਬਕ, ''ਬਦਲਦੇ ਬਾਜ਼ਾਰ ਦੀਆਂ ਸਥਿਤੀਆਂ, ਲਾਗਤ ਵਧਣ ਅਤੇ ਹੋਰ ਕਈ ਆਰਥਿਕ ਤੱਥਾਂ ਕਾਰਨ ਸਾਨੂੰ ਮਜ਼ਬੂਰੀ ਨਾਲ ਕੀਮਤਾਂ ਵਧਾਉਣ ਦਾ ਫੈਸਲਾ ਲੈਣਾ ਪੈ ਰਿਹਾ ਹੈ। ਸਾਨੂੰ ਉਮੀਦ ਹੈ ਕਿ ਟਿਆਗੋ, ਹੈਕਸਾ ਅਤੇ ਟਿਗੋਰ ਵਰਗੇ ਮਾਡਲਾਂ ਦੇ ਆਉਣ ਨਾਲ ਨਵੇਂ ਸਾਲ 'ਚ ਵੀ ਸਾਡੀ ਰਫਤਾਰ ਬਣੀ ਰਹੇਗੀ।'' 
ਉੱਥੇ ਹੀ ਹਾਲ ਹੀ 'ਚ ਲਾਂਚ ਕੀਤੀ ਗਈ ਲਾਈਫ ਸਟਾਇਲ ਕੰਪੈਕਟ ਐੱਸ. ਯੂ. ਵੀ., ਨੈਕਸਨ ਦੀ ਕੀਮਤ 'ਚ ਵੀ ਵਾਧਾ ਕੀਤਾ ਜਾਵੇਗਾ, ਜੋ ਕਿ 25,000 ਰੁਪਏ ਤਕ ਹੋਵੇਗਾ। ਜ਼ਿਕਰਯੋਗ ਹੈ ਕਿ ਟਾਟਾ ਮੋਟਰਜ਼ ਕੰਪਨੀ 31 ਦਸੰਬਰ ਤਕ ਵਿਕਣ ਵਾਲੇ ਆਪਣੇ ਕਈ ਮਾਡਲਾਂ 'ਤੇ ਛੋਟ ਦੇ ਰਹੀ ਹੈ। ਟਾਟਾ ਮੋਟਰਜ਼ ਦੇ ਇਲਾਵਾ ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟੋਇਟਾ ਕਈ ਕਾਰਾਂ 'ਤੇ ਛੋਟ ਦੇ ਰਹੇ ਹਨ। ਇਹ ਛੋਟ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਦਿੱਤੀ ਜਾ ਰਹੀ ਹੈ।