ਅਗਲੇ 18 ਮਹੀਨਿਆਂ ''ਚ 3 ਲੱਖ ਲੋਕਾਂ ਨੂੰ ਰੋਜ਼ਗਾਰ ਦੇ ਸਕਦੀ ਹੈ ਸਵਿੱਗੀ

10/19/2019 12:43:37 PM

ਨਵੀਂ ਦਿੱਲੀ — ਫੂਡ ਡਿਲਿਵਰੀ ਚੇਨ ਸਟਾਰਟਅੱਪ 'ਸਵਿੱਗੀ' ਜਲਦੀ ਹੀ ਬਲਿਊ ਕਾਲਰ ਨੌਕਰੀ ਦੇਣ ਵਾਲੀ ਸਭ ਤੋਂ ਵੱਡੀ ਨਿਜੀ ਕੰਪਨੀ ਬਣ ਸਕਦੀ ਹੈ। ਕੰਪਨੀ ਅਗਲੇ 18 ਮਹੀਨਿਆਂ ਵਿਚ 3 ਲੱਖ ਡਿਲਵਰੀ ਕਾਰਜਕਰਤਾ ਨੂੰ ਨੌਕਰੀ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਭਰਤੀ ਤੋਂ ਬਾਅਦ ਕੰਪਨੀ ਵਿਚ ਇਨ੍ਹਾਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ ਹੋ ਜਾਵੇਗੀ।

ਸਵਿੱਗੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਸ੍ਰੀ ਹਰਸ਼ ਮਜੇਟੀ ਨੇ ਕੰਪਨੀ ਦੀ ਸਾਲਾਨਾ ਬੈਠਕ ਵਿਚ ਕਿਹਾ, 'ਜੇਕਰ ਸਾਡੇ ਕੁਝ ਵਾਧੇ ਦੇ ਅੰਦਾਜ਼ੇ ਜਾਰੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਰਮੀ ਅਤੇ ਰੇਲਵੇ ਤੋਂ ਬਾਅਦ ਦੇਸ਼ ਵਿਚ ਰੁਜ਼ਗਾਰ ਦਾ ਤੀਜਾ ਸਭ ਤੋਂ ਵੱਡਾ ਸਰੋਤ ਹੋਵਾਂਗੇ।' ਭਾਰਤੀ ਫੌਜ ਵਿਚ 12.5 ਲੱਖ ਫੌਜੀ ਹਨ, ਜਦੋਂਕਿ ਮਾਰਚ 2018 ਤਕ ਰੇਲਵੇ ਕੋਲ 12 ਲੱਖ ਤੋਂ ਵੱਧ ਸਟਾਫ ਸੀ। ਆਈ.ਟੀ. ਕੰਪਨੀ ਟੀ.ਸੀ.ਐਸ. 'ਚ 4.5 ਲੱਖ ਕਰਮਚਾਰੀ ਹਨ। ਇਹ ਕੰਪਨੀ ਮੌਜੂਦਾ ਸਮੇਂ 'ਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਰੁਜ਼ਗਾਰਦਾਤਾ ਹੈ, ਜਿਸ ਵਿਚ ਬਹੁਗਿਣਤੀ ਇੰਜੀਨੀਅਰ ਕੰਮ ਕਰ ਰਹੇ ਹਨ। ਇਹ ਤਿੰਨੇ ਕਰਮਚਾਰੀਆਂ ਨੂੰ ਪੱਕੇ ਤੌਰ 'ਤੇ ਨੌਕਰੀਆਂ ਦਿੰਦੇ ਹਨ, ਜਦੋਂਕਿ ਸਵਿੱਗੀ ਡਿਲਿਵਰੀ ਕਰਮਚਾਰੀਆਂ ਨੂੰ 'ਬਲਿਊ ਕਾਲਰ ਜਾਬ' ਦੇ ਤਹਿਤ ਸਵਿੱਗੀ ਡਿਲਵਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਅਧਾਰ 'ਤੇ ਪੈਸੇ ਦਿੱਤੇ ਜਾਂਦੇ ਹਨ।

ਨਹੀਂ ਮਿਲਦੇ PF ਵਰਗੇ ਲਾਭ

ਮੌਜੂਦਾ ਸਮੇਂ 'ਚ ਸਵਿੱਗੀ 'ਚ 2.1 ਲੱਖ ਮਹੀਨਾਵਾਰ ਡਿਲਵਰੀ ਸਟਾਫ ਹੈ ਅਤੇ 8 ਹਜ਼ਾਰ ਕਾਰਪੋਰੇਟ ਕਰਮਚਾਰੀ ਪੇਰੋਲ 'ਤੇ ਹਨ। ਪੇਰੋਲ 'ਤੇ ਨਾ ਹੋਣ ਕਾਰਨ ਡਿਲਵਰੀ ਸਟਾਫ ਨੂੰ ਪੀ.ਐਫ. ਵਰਗੇ ਲਾਭ ਨਹੀਂ ਮਿਲਦੇ ਹਨ। ਸਵਿੱਗੀ 'ਚ ਐਕਟਿਵ ਡਿਲਵਰੀ ਪਾਰਟਨਰ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਮਹੀਨੇ 'ਚ ਘੱਟੋ-ਘੱਟ ਇਕ ਵਾਰ ਡਿਲਵਰੀ ਦਿੱਤੀ ਹੋਵੇ।

ਕਿਹੜੀ ਕੰਪਨੀ ਕੋਲ ਕਿੰਨੇ ਡਿਲਵਰੀ ਕਰਮਚਾਰੀ

'ਬਲਿਊ ਕਾਲਰ ਜੌਬ' ਦੇਣ ਵਾਲਿਆਂ 'ਚ ਸਵਿੱਗੀ ਦੀ ਮੁਕਾਬਲੇਬਾਜ਼ ਕੰਪਨੀ ਜ਼ੋਮੈਟੋ ਵੀ ਹੈ, ਜਿਨ੍ਹਾਂ ਕੋਲ 2.3 ਲੱਖ ਡਿਲਵਰੀ ਐਗਜ਼ੀਕਿਊਟਿਵ ਹਨ। ਈ-ਕਮਾਰਸ ਕੰਪਨੀ ਫਲਿੱਪਕਾਰਟ ਕੋਲ 1 ਲੱਖ ਡਿਲਵਰੀ ਐਗਜ਼ੀਕਿਊਟਿਵ ਹਨ। ਐਮਾਜ਼ੋਨ ਨੇ ਕਰਮਚਾਰੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕਿਹਾ ਕਿ ਉਨ੍ਹਾਂ ਕੋਲ ਵੀ ਹਜ਼ਾਰਾਂ ਅਜਿਹੇ ਐਗਜ਼ੀਕਿਊਟਿਵ ਹਨ। ਤਿਉਹਾਰੀ ਸੀਜ਼ਨ 'ਚ ਫਲਿੱਪਕਾਰਟ ਅਤੇ ਐਮਾਜ਼ੋਨ 'ਚ ਡਿਲਵਰੀ ਸਟਾਫ ਦੀ ਜ਼ਰੂਰਤ ਹੋਰ ਵਧ ਜਾਂਦੀ ਹੈ। ਇਸ ਦੇ ਨਾਲ ਹੀ ਐਪ ਬੇਸਡ ਕੈਬ ਸੇਵਾ ਦੇਣ ਵਾਲੀਆਂ ਕੰਪਨੀਆਂ ਓਲਾ ਅਤੇ ਉਬਰ 'ਚ ਵੀ ਅਜਿਹੇ ਕਰਮਚਾਰੀਆਂ ਦੀ ਸੰਖਿਆ ਲੱਖਾਂ 'ਚ ਹੈ।