ਗੁਜਰਾਤ 'ਚ 3,800 ਕਰੋੜ ਰੁਪਏ ਨਿਵੇਸ਼ ਕਰੇਗੀ ਸੁਜ਼ੂਕੀ

09/15/2017 1:53:48 PM

ਗਾਂਧੀਨਗਰ—ਸੁਜ਼ੂਕੀ ਮੋਟਰ ਕਾਰਪ ਨੇ ਗੁਜਰਾਤ 'ਚ 3,800 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਇਹ ਨਿਵੇਸ਼ ਤੀਜਾ ਕਾਰ ਉਤਪਾਦਨ ਕਾਰਖਾਨਾ ਲਗਾਉਣ 'ਤੇ ਕਰੇਗੀ। ਕੰਪਨੀ ਆਪਣੇ ਭਾਗੀਦਾਰਾਂ ਤੋਸ਼ੀਬਾ ਅਤੇ ਡੇਂਸੋ ਦੇ ਨਾਲ ਲਿਥੀਯਮ ਆਇਨ ਬੈਟਰੀਆਂ ਦੇ ਉਤਪਾਦਨ ਦੇ ਲਈ ਨਵੀਂ ਇਕਾਈ ਲਗਾਉਣ ਨੂੰ ਕਰੀਬ 1,150 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 
ਹੰਸਲਪੁਰ ਪਲਾਂਟ 'ਚ ਇਸ ਨਵੇਂ ਨਿਵੇਸ਼ ਦੇ ਨਾਲ ਇਸ ਸੁਵਿਧਾ 'ਤੇ ਕੰਪਨੀ ਦਾ ਕੁੱਲ ਨਿਵੇਸ਼ 13,400 ਕਰੋੜ ਰੁਪਏ 'ਤੇ ਪਹੁੰਚ ਜਾਵੇਗਾ। ਇਥੇ ਕੰਪਨੀ ਪਹਿਲਾਂ ਦੇ ਦੋ ਪਲਾਂਟਾਂ ਦੇ ਨਾਲ ਇੰਜਣ ਅਤੇ ਟਰਾਂਸਮਿਸ਼ਨ ਉਤਪਾਦਨ ਇਕਾਈ 'ਤੇ 9,600 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੀ ਹੈ। ਹੰਸਲਪੁਰ ਦਾ ਪਲਾਂਟ ਸੁਜ਼ੂਕੀ ਮੋਟਰ ਕਾਰਪ ਦੀ ਭਾਰਤ 'ਚ ਪਹਿਲੀ ਪੂਰਨ ਮਲਕੀਅਤ ਵਾਲੀ ਇਕਾਈ ਹੈ।
ਨਵੇਂ ਨਿਵੇਸ਼ ਦਾ ਐਲਾਨ ਕਰਦੇ ਹੋਏ ਸੁਜ਼ੂਕੀ ਮੋਟਰ ਕਾਰਪ ਦੇ ਚੇਅਰਮੈਨ ਓਸਾਮੁ ਸੁਜ਼ੂਕੀ ਨੇ ਕਿਹਾ ਕਿ ਕੰਪਨੀ ਤੀਜੇ ਪਲਾਂਟ 'ਤੇ 3,800 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਦਾ ਸਾਲਾਨਾ ਉਤਪਾਦਨ ਸਮੱਰਥਾ 2.5 ਲੱਖ ਇਕਾਈ ਦੀ ਹੋਵੇਗੀ। ਤੀਜੇ ਪਲਾਂਟ ਦੇ ਪੂਰਨ ਰੂਪ ਨਾਲ ਸੰਚਾਲਨ ਸ਼ੁਰੂ ਕਰਨ ਤੋਂ ਬਾਅਦ ਸੁਜ਼ੂਕੀ ਮੋਟਰ ਕਾਰਪ ਦੇ ਗੁਜਰਾਤ ਪਲਾਂਟ ਦੀ ਕੁੱਲ ਸਮੱਰਥਾ 7.5 ਲੱਖ ਇਕਾਈ ਸਾਲਾਨਾ ਦੀ ਹੋ ਜਾਵੇਗੀ। ਹਾਲਾਂਕਿ ਸੁਜ਼ੂਕੀ ਨੇ ਇਹ ਨਹੀਂ ਦੱਸਿਆ ਕਿ ਤੀਜਾ ਪਲਾਂਟ ਕਦੋਂ ਚਾਲੂ ਹੋਵੇਗਾ।

ਪਹਿਲੇ ਦੋ ਪਲਾਂਟ ਦੀ ਉਤਪਾਦਨ ਸਮੱਰਥਾ 2.5-2.5 ਲੱਖ ਇਕਾਈ ਸਾਲਾਨਾ ਦੀ ਹੈ। ਉਧਰ ਇੰਜਣ ਅਤੇ ਟਰਾਂਸਮਿਸ਼ਨ ਇਕਾਈ ਦੀ ਸਾਲਾਨਾ ਉਤਪਾਦਨ ਸਮੱਰਥਾ ਪੰਜ ਲੱਖ ਇਕਾਈ ਦੀ ਹੋਵੇਗੀ। ਇਸ ਦੇ ਨਾਲ ਸੁਜ਼ੂਕੀ ਮੋਟਰ ਕਾਰਪ ਦੀ ਆਪਣੀ ਭਾਰਤੀ ਇਕਾਈ ਮਾਰੂਤੀ ਸੁਜ਼ੂਕੀ ਦੇ ਹਰਿਆਣਾ ਦੇ ਦੋ ਪਲਾਂਟਾਂ ਦੇ ਨਾਲ ਸਾਲਾਨਾ ਸਮੱਰਥਾ ਵਧ ਕੇ 22.5 ਲੱਖ ਇਕਾਈ ਹੋ ਜਾਵੇਗੀ।