ਗੰਨਾ ਉਤਪਾਦਕਾਂ ਦਾ ਖੰਡ ਮਿੱਲਾਂ ''ਤੇ 7,826 ਕਰੋੜ ਬਕਾਇਆ

Sunday, Jan 28, 2018 - 01:37 AM (IST)

ਗੰਨਾ ਉਤਪਾਦਕਾਂ ਦਾ ਖੰਡ ਮਿੱਲਾਂ ''ਤੇ 7,826 ਕਰੋੜ ਬਕਾਇਆ

ਨਵੀਂ ਦਿੱਲੀ— ਕੇਂਦਰੀ ਖੁਰਾਕ ਮੰਤਰਾਲਾ ਨੇ ਕਿਹਾ ਕਿ ਚਾਲੂ ਗੰਨਾ ਪਿੜਾਈ ਸਾਲ 2017-18 (ਅਕਤੂਬਰ-ਸਤੰਬਰ) 'ਚ ਕਿਸਾਨਾਂ ਦਾ ਬਕਾਇਆ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਖੁਰਾਕ ਮੰਤਰਾਲਾ ਮੁਤਾਬਕ ਖੰਡ ਮਿੱਲਾਂ 'ਤੇ ਇਸ ਸੀਜ਼ਨ 'ਚ ਹੁਣ ਤੱਕ ਸਿਰਫ਼ 7,826 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਰਾਸ਼ੀ 8,982 ਕਰੋੜ ਰੁਪਏ ਸੀ।  
ਖੁਰਾਕ ਮੰਤਰਾਲਾ ਦੇ ਸਰਕੂਲਰ 'ਚ ਕਿਹਾ ਗਿਆ ਹੈ ਕਿ ਇਸ ਸਾਲ ਖੰਡ ਦੇ ਉਤਪਾਦਨ 'ਚ ਵਾਧਾ ਅਤੇ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਮਿੱਲਾਂ 'ਤੇ ਕਿਸਾਨਾਂ ਦਾ ਬਕਾਇਆ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਮੰਤਰਾਲਾ ਨੇ ਦੱਸਿਆ ਕਿ ਗੰਨੇ ਦੀ ਪਿੜਾਈ ਇਸ ਸਮੇਂ ਜ਼ੋਰਾਂ 'ਤੇ ਹੈ ਅਤੇ ਮਿੱਲਾਂ ਵੱਲੋਂ ਖੰਡ ਵੇਚ ਕੇ ਗੰਨੇ ਦੇ ਮੁੱਲ ਦਾ ਭੁਗਤਾਨ ਕੀਤਾ ਜਾ ਰਿਹਾ ਹੈ।  
ਮੰਤਰਾਲਾ ਨੇ ਦੱਸਿਆ ਕਿ ਐੱਫ. ਆਰ. ਪੀ. ਦੇ ਆਧਾਰ 'ਤੇ ਪਿਛਲੇ ਸਾਲ ਦੇ 99.9 ਫ਼ੀਸਦੀ ਗੰਨੇ ਦੇ ਮੁੱਲ ਦਾ ਭੁਗਤਾਨ ਹੋ ਚੁੱਕਾ ਹੈ ਅਤੇ ਸਿਰਫ਼ 52 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ, ਜਦੋਂ ਕਿ ਸਟੇਟ ਐਡਵਾਈਜ਼ਡ ਪ੍ਰਾਈਜ਼ (ਐੱਸ. ਏ. ਪੀ.) ਦੇ ਆਧਾਰ 'ਤੇ 1,076 ਕਰੋੜ ਰੁਪਏ ਦੀ ਰਾਸ਼ੀ ਬਚੀ ਹੋਈ ਹੈ। ਸਰਕਾਰ ਮੁਤਾਬਕ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਦੇ ਵਾਧੇ ਨਾਲ ਖੰਡ ਦਾ ਉਤਪਾਦਨ 250 ਲੱਖ ਟਨ ਰਹਿ ਸਕਦਾ ਹੈ।


Related News